ਹਥਣੀ ਨੇ ਗਲਤੀ ਨਾਲ ਪਟਾਕੇ ਨਾਲ ਭਰਿਆ ਫਲ ਖਾਧਾ ਹੋਵੇਗਾ : ਵਾਤਾਵਰਣ ਮੰਤਰਾਲਾ
Monday, Jun 08, 2020 - 06:29 PM (IST)
ਨਵੀਂ ਦਿੱਲੀ- ਵਾਤਾਵਰਣ ਮੰਤਰਾਲਾ ਨੇ ਸੋਮਵਾਰ ਨੂੰ ਕਿਹਾ ਕਿ ਕੇਰਲ 'ਚ ਗਰਭਵਤੀ ਹਥਣੀ ਦੀ ਮੌਤ ਦੀ ਸ਼ੁਰੂਆਤੀ ਜਾਂਚ 'ਚ ਪਾਇਆ ਗਿਆ ਹੈ ਕਿ ਉਸ ਨੇ ਗਲਤੀ ਨਾਲ ਪਟਾਕੇ ਨਾਲ ਭਰਿਆ ਫਲ ਖਾ ਲਿਆ ਸੀ। ਮੰਤਰਾਲਾ ਨੇ ਇਹ ਵੀ ਕਿਹਾ ਕਿ ਕਈ ਵਾਰ ਸਥਾਨਕ ਲੋਕ ਆਪਣੇ ਖੇਤਾਂ ਤੋਂ ਜੰਗਲੀ ਸੂਰਾਂ ਨੂੰ ਦੂਰ ਰੱਖਣ ਲਈ ਵਿਸਫੋਟਕਾਂ ਨਾਲ ਭਰੇ ਫਲ ਰੱਖਣ ਦਾ ਗੈਰ-ਕਾਨੂੰਨੀ ਕੰਮ ਕਰਦੇ ਹਨ। ਸਾਈਲੈਂਟ ਵੈਲੀ ਜੰਗਲ 'ਚ 15 ਸਾਲਾ ਇਕ ਹਥਣੀ ਨੇ ਸ਼ਕਤੀਸ਼ਾਲੀ ਪਟਾਕਿਆਂ ਨਾਲ ਭਰਿਆ ਅਨਾਨਾਸ ਖਾ ਲਿਆ ਸੀ, ਜੋ ਉਸ ਦੇ ਮੂੰਹ 'ਚ ਫਟ ਗਏ ਸਨ। ਇਕ ਹਫ਼ਤੇ ਬਾਅਦ 27 ਮਈ ਨੂੰ ਵੇਲਿਆਰ ਨਦੀ 'ਚ ਉਸ ਦੀ ਮੌਤ ਹੋ ਗਈ ਸੀ।
ਮੰਤਰਾਲਾ ਨੇ ਟਵੀਟ ਕਰਦੇ ਹੋਏ ਕਿਹਾ ਕਿ ਇਸ ਮਾਮਲੇ 'ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੰਤਰਾਲਾ ਨੇ ਕਿਹਾ,''ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਕਿ ਹਥਣੀ ਨੇ ਗਲਤੀ ਨਾਲ ਇਹ ਫਲ ਖਾ ਲਿਆ ਹੋਵੇਗਾ। ਮੰਤਰਾਲਾ ਕੇਰਲ ਸਰਕਾਰ ਨਾਲ ਲਗਾਤਾਰ ਸੰਪਰਕ 'ਚ ਹੈ ਅਤੇ ਅਪਰਾਧੀਆਂ ਦੀ ਗ੍ਰਿਫਤਾਰੀ ਅਤੇ ਹਥਣੀ ਦੀ ਮੌਤ ਲਈ ਜ਼ਿੰਮੇਵਾਰ ਕਿਸੇ ਅਧਿਕਾਰੀ ਦੇ ਦੋਸ਼ੀ ਪਾਏ ਜਾਣ 'ਤੇ ਉਸ ਵਿਰੁੱਧ ਸਖਤ ਕਾਰਵਾਈ ਲਈ ਵਿਸਥਾਰ ਨਾਲ ਸਲਾਹ-ਮਸ਼ਵਰਾ ਭੇਜਿਆ ਗਿਆ ਹੈ।'' ਮੰਤਰਾਲੇ ਨੇ ਆਪਣੇ ਟਵਿੱਟਰ ਹੈਂਡਲ 'ਤੇ ਕਿਹਾ,''ਹੁਣ ਤੱਕ, ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਸ ਗੈਰ-ਕਾਨੂੰਨੀ ਅਤੇ ਬੇਹੱਦ ਅਣਮਨੁੱਖੀ ਕੰਮ 'ਚ ਸ਼ਾਮਲ ਹੋਰ ਲੋਕਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਜਾਰੀ ਹੈ।'' ਡਬਲਿਊ.ਸੀ.ਸੀ.ਬੀ.ਐੱਚ.ਕਊ. ਨੂੰ ਇਸ ਮਾਮਲੇ 'ਚ ਤੁਰੰਤ ਕਾਰਵਾਈ ਕਰਨ ਦਾ ਵੀ ਨਿਰਦੇਸ਼ ਦਿੱਤਾ ਗਿਆ ਹੈ।'' ਇਸ ਨੇ ਇਹ ਵੀ ਟਵੀਟ ਕੀਤਾ ਕਿ ਵਾਤਾਵਰਣ ਮੰਤਰੀ ਬਾਬੁਲ ਸੁਪ੍ਰਿਓ ਨੇ ਲੋਕਾਂ ਨੂੰ ਸੋਸ਼ਲ ਮੀਡੀਆ ਦੀਆਂ ਅਫਵਾਹਾਂ 'ਤੇ ਯਕੀਨ ਨਾ ਕਰਨ ਦੀ ਅਪੀਲ ਕੀਤੀ ਹੈ।