ਮੰਤਰੀ ਜੀ ਦੇ ਘਰ ਹੀ ਹੱਥ ਸਾਫ਼ ਕਰ ਗਏ ਚੋਰ, ਲੈ ਗਏ ਲੱਖਾਂ ਦਾ ਕੈਸ਼ ਤੇ ਗਹਿਣੇ
Wednesday, Nov 06, 2024 - 11:05 AM (IST)
ਨੈਸ਼ਨਲ ਡੈਸਕ- ਪੰਚਾਇਤੀ ਰਾਜ ਮੰਤਰੀ ਓਮ ਪ੍ਰਕਾਸ਼ ਰਾਜਭਰ ਦੇ ਬੇਟੇ ਅਰਵਿੰਦ ਰਾਜਭਰ ਦੇ ਘਰੋਂ ਲੱਖਾਂ ਰੁਪਏ ਅਤੇ ਗਹਿਣੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਰਿਪੋਰਟ ਅਨੁਸਾਰ, ਉੱਤਰ ਪ੍ਰਦੇਸ਼ ਦੇ ਲਖਨਊ 'ਚ ਹੁਸੈਨਗੰਜ ਦੇ ਡਾਇਮੰਡ ਡੇਅਰੀ ਅਪਾਰਟਮੈਂਟ ਸਥਿਤ ਓਮ ਪ੍ਰਕਾਸ਼ ਰਾਜਭਰ ਦੇ ਘਰੋਂ ਸੋਮਵਾਰ ਰਾਤ ਚੋਰੀ ਹੋਈ। ਪੁਲਸ ਨੇ ਦੱਸਿਆ ਕਿ ਇਸ ਮਾਮਲੇ 'ਚ ਰਾਜਭਰ ਪਰਿਵਾਰ ਦੇ ਡਰਾਈਵਰ ਰਹਿ ਚੁੱਕੇ ਇਕ ਵਿਅਕਤੀ ਨੂੰ ਅੰਬੇਡਕਰ ਜ਼ਿਲ੍ਹੇ ਦੀ ਟਾਂਡਾ ਪੁਲਸ ਨੇ ਹਿਰਾਸਤ 'ਚ ਲਿਆ ਹੈ। ਹੁਸੈਨਗੰਜ ਕੋਤਵਾਲੀ ਦੇ ਇੰਚਾਰਜ ਇੰਸਪੈਕਟਰ (ਐੱਸ.ਐੱਚ.ਓ.) ਰਾਮ ਕੁਮਾਰ ਗੁਪਤਾ ਨੇ ਮੰਗਲਵਾਰ ਨੂੰ ਦੱਸਿਆ ਕਿ ਥਾਣਾ ਖੇਤਰ ਦੇ ਸਦਰ ਬਜ਼ਾਰ ਇਲਾਕੇ 'ਚ ਸਥਿਤ ਡਾਇਮੰਡ ਅਪਾਰਟਮੈਂਟ ਦੇ ਫਲੈਟ ਤੋਂ ਚੋਰੀ ਦੇ ਮਾਮਲੇ 'ਚ ਭਾਰਤੀ ਨਿਆਂ ਸੰਹਿਤਾ (ਬੀ.ਐੱਨ.ਐੱਸ.) ਦੀ ਧਾਰਾ 305 (ਰਿਹਾਇਸ਼ੀ ਗ੍ਰਹਿ 'ਚ ਚੋਰੀ ਸਣੇ ਹੋਰ ਸੰਬੰਧਤ ਧਾਰਾਵਾਂ 'ਚ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਗੁਪਤਾ ਅਨੁਸਾਰ, ਇਹ ਐੱਫ.ਆਈ.ਆਈ. ਓਮਪ੍ਰਕਾਸ਼ ਰਾਜਭਰ ਦੇ ਡਰਾਈਵਰ ਸੰਜੇ ਰਾਜਭਰ ਦੀ ਸ਼ਿਕਾਇਤ ਦੇ ਆਧਾਰ 'ਤੇ ਇਕ ਹੋਰ ਡਰਾਈਵਰ ਰਾਮਜੀਤ ਰਾਜਭਰ (ਅੰਬੇਡਕਰਨਗਰ ਵਾਸੀ) ਅਤੇ ਰਸੋਈਏ ਗੋਰਖ ਸਾਹਨੀ (ਮਹਾਰਾਜਗੰਜ ਵਾਸੀ) ਖ਼ਿਲਾਫ਼ ਦਰਜ ਕੀਤੀ ਗਈ ਹੈ। ਗੁਪਤਾ ਨੇ ਵਾਦੀ ਦੀ ਸ਼ਿਕਾਇਤ ਦੇ ਹਵਾਲੇ ਤੋਂ ਦੱਸਿਆ ਕਿ ਸੰਜੇ ਰਾਜਭਰ ਮੂੰਹ ਦੇ ਕੈਂਸਰ ਨਾਲ ਪੀੜਤ ਹੈ ਅਤੇ ਉਹ ਡਾਇਮੰਡ ਅਪਾਰਟਮੈਂਟ 'ਚ ਰਹਿ ਕੇ ਮੇਦਾਂਤਾ ਹਸਪਤਾਲ 'ਚ ਇਲਾਜ ਕਰਵਾ ਰਿਹਾ ਹੈ। ਸ਼ਿਕਾਇਤ ਅਨੁਸਾਰ ਬੀਤੇ ਦਿਨੀਂ ਰਾਮਜੀਤ ਰਾਜਭਰ ਸੰਜੇ ਨੂੰ ਮਿਲਣ ਪਹੁੰਚਿਆ ਅਤੇ ਜਦੋਂ ਉਸ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਹਸਪਤਾਲ ਜਾ ਰਿਹਾ ਹੈ ਤਾਂ ਰਾਮਜੀਤ ਨੇ ਘਰ ਦੀ ਚਾਬੀ ਬਾਰੇ ਪੁੱਛਿਆ।
ਇਹ ਵੀ ਪੜ੍ਹੋ : ਕੜਾਕੇ ਦੀ ਠੰਡ ਲਈ ਰਹੋ ਤਿਆਰ, 6 ਦਿਨਾਂ ਤੱਕ ਮੀਂਹ ਦਾ ਅਲਰਟ
ਸ਼ਿਕਾਇਤ ਅਨੁਸਾਰ ਸੰਜੇ ਨੇ ਦੱਸਿਆ ਕਿ ਚਾਬੀ ਗਾਰਡ ਕੋਲ ਹੈ। ਉਸ ਨੇ ਦੋਸ਼ ਲਗਾਇਆ ਕਿ ਉਸ ਕੋਲ ਤਿੰਨ ਲੱਖ ਰੁਪਏ ਸਨ, ਜਿਨ੍ਹਾਂ 'ਚੋਂ 25 ਹਜ਼ਾਰ ਰੁਪਏ ਲੈ ਕੇ ਉਹ ਹਸਪਤਾਲ ਚਲਾ ਗਿਆ ਅਤੇ ਬਾਕੀ ਪੈਸੇ ਬੈਗ 'ਚ ਫਲੈਟ 'ਤੇ ਹੀ ਛੱਡ ਗਿਆ ਪਰ ਜਦੋਂ ਪਰਤਿਆ ਤਾਂ ਬੈਗ 'ਚੋਂ 2 ਲੱਖ 75 ਹਜ਼ਾਰ ਰੁਪਏ ਨਕਦੀ ਅਤੇ ਪਤਨੀ ਦੇ ਗਹਿਣੇ ਗਾਇਬ ਸਨ। ਸੰਜੇ ਦਾ ਦੋਸ਼ ਹੈ ਕਿ ਰਾਮਜੀਤ ਨੇ ਗੋਰਖ ਸਾਹਨੀ ਨਾਲ ਮਿਲ ਕੇ ਪੌਣੇ ਤਿੰਨ ਲੱਖ ਰੁਪਏ ਨਕਦੀ ਅਤੇ ਉਸ ਦੀ ਪਤਨੀ ਦੇ ਗਹਿਣੇ ਚੋਰੀ ਕਰ ਲਏ। ਐੱਸ.ਐੱਚ.ਓ. ਗੁਪਤਾ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅੰਬੇਡਕਰਨਗਰ ਤੋਂ ਮਿਲੀ ਖ਼ਬਰ ਅਨੁਸਾਰ, ਟਾਂਡਾ ਪੁਲਸ ਨੇ ਚੋਰੀ ਦੇ ਦੋਸ਼ 'ਚ ਰਾਮਜੀਤ ਨੂੰ ਹਿਰਾਸਤ 'ਚ ਲੈ ਲਿਆ ਹੈ। ਟਾਂਡਾ ਕੋਤਵਾਲੀ ਥਾਣੇ ਦੇ ਐੱਸ.ਐੱਚ.ਓ. ਦੀਪਕ ਸਿੰਘ ਰਘੁਵੰਸ਼ੀ ਨੇ ਦੱਸਿਆ ਕਿ ਰਾਮਜੀਤ ਨੂੰ ਪੁੱਛ-ਗਿੱਛ ਲਈ ਲਿਆਂਦਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਉੱਥੇ ਹੀ ਅਰਵਿੰਦ ਰਾਜਭਰ ਨੇ ਇਕ ਵੀਡੀਓ ਬਿਆਨ 'ਚ ਕਿਹਾ,''ਅਸੀਂ ਡਾਇਮੰਡ ਅਪਾਰਟਮੈਂਟ 'ਚ ਰਹਿੰਦੇ ਹਾਂ ਅਤੇ ਸੰਜੇ ਰਾਜਭਰ ਮੇਰਾ ਬਹੁਤ ਪੁਰਾਣਾ ਡਰਾਈਵਰ ਹੈ, ਜਿਸ ਦੇ ਕੈਂਸਰ ਦੀ ਬੀਮਾਰੀ ਦੇ ਇਲਾਜ ਲਈ ਚੰਦਾ ਕਰ ਕੇ ਤਿੰਨ ਲੱਖ ਰੁਪਏ ਇਕੱਠੇ ਕੀਤੇ ਗਏ ਸਨ।'' ਅਰਵਿੰਦ ਰਾਜਭਰ ਨੇ ਕਿਹਾ,''ਮੇਰੇ ਨੋਟਿਸ 'ਚ ਆਇਆ ਹੈ ਕਿ ਰਸੋਈਆ ਗੋਰਖ ਸਾਹਨੀ ਦੀ ਮਦਦ ਨਾਲ ਰਾਮਜੀਤ ਰਾਜਭਰ ਜਿਸ ਨੂੰ ਹਟਾ ਦਿੱਤਾ ਗਿਆ ਸੀ, ਨੇ ਅਪਾਰਟਮੈਂਟ ਦੀ ਚਾਬੀ ਹਾਸਲ ਕਰ ਕੇ ਬੈਗ 'ਚੋਂ ਪੌਣੇ ਤਿੰਨ ਲੱਖ ਰੁਪਏ ਚੋਰੀ ਕੀਤੇ। ਮਾਮਲੇ 'ਚ ਹੁਸੈਨਗੰਜ ਕੋਤਵਾਲੀ 'ਚ ਐੱਫ.ਆਈ.ਆਰ. ਦਰਜ ਕਰਵਾਈ ਗਈ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8