'S-400 ਡਿਫੈਂਸ ਸਿਸਟਮ ਪੂਰੀ ਤਰ੍ਹਾਂ ਸੁਰੱਖਿਅਤ, ਪਾਕਿ ਦਾ ਦਾਅਵਾ ਬਿਲਕੁਲ ਝੂਠਾ': ਕਰਨਲ ਸੋਫੀਆ
Saturday, May 10, 2025 - 11:36 AM (IST)

ਨੈਸ਼ਨਲ ਡੈਸਕ- ਭਾਰਤ ਅਤੇ ਪਾਕਿਸਤਾਨ ਲਗਾਤਾਰ ਤਣਾਅ ਵੱਧਦਾ ਜਾ ਰਿਹਾ ਹੈ। ਦੋਵੇਂ ਦੇਸ਼ ਇਕ-ਦੂਜੇ 'ਤੇ ਫ਼ੌਜੀ ਕਾਰਵਾਈ ਕਰ ਰਹੇ। ਇਸ ਦਰਮਿਆਨ ਵਿਦੇਸ਼ ਮੰਤਰੀ ਅਤੇ ਰੱਖਿਆ ਮੰਤਰਾਲਾ ਨੇ ਸ਼ਨੀਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ। ਇਸ ਵਿਚ ਕਰਨਲ ਸੋਫੀਆ ਕੁਰੈਸ਼ੀ ਨੇ ਕਿਹਾ ਕਿ ਪਾਕਿਸਤਾਨ ਲਗਾਤਾਰ ਭਾਰਤ 'ਤੇ ਹਮਲੇ ਕਰ ਰਿਹਾ ਹੈ। ਪਾਕਿਸਤਾਨ ਨੇ ਮੈਡੀਕਲ ਸੈਂਟਰ ਅਤੇ ਸਕੂਲ ਕੈਂਪਸ ਨੂੰ ਨਿਸ਼ਾਨਾ ਬਣਾਇਆ। ਜਿਸ ਨੂੰ ਭਾਰਤ ਨੇ ਨਾਕਾਮ ਕਰ ਦਿੱਤਾ।
ਇਹ ਵੀ ਪੜ੍ਹੋ- ਪਾਕਿ ਦੀ ਨਾ'ਪਾਕ' ਸਾਜ਼ਿਸ਼ ! ਰਿਹਾਇਸ਼ੀ ਇਮਾਰਤਾਂ ਤੇ ਧਾਰਮਿਕ ਅਸਥਾਨਾਂ ਨੂੰ ਪਹੁੰਚਾ ਰਿਹੈ ਨੁਕਸਾਨ
ਕਰਨਲ ਸੋਫੀਆ ਨੇ ਕਿਹਾ ਕਿ ਪਾਕਸਿਤਾਨ ਦਾ ਇਹ ਦਾਅਵਾ ਬਿਲਕੁੱਲ ਝੂਠਾ ਹੈ ਕਿ ਉਸ ਨੇ ਬ੍ਰਹਮੋਸ ਅਤੇ S400 ਡਿਫੈਂਸ ਸਿਸਟਮ ਨੂੰ ਵੀ ਪੂਰੀ ਤਰ੍ਹਾਂ ਤਬਾਹ ਕੀਤਾ। ਸੋਫੀਆ ਨੇ ਕਿਹਾ ਕਿ ਪਾਕਿਸਤਾਨ ਨੇ ਆਦਮਪੁਰ, ਸੂਰਤਪੁਰ, S400, ਨਗਰੋਟਾ ਦੇ ਗੋਲਾ ਬਾਰੂਦ ਸੈਂਟਰ ਨੂੰ ਤਬਾਹ ਕਰਨ ਦਾ ਦਾਅਵਾ ਕੀਤਾ। ਅਸੀਂ ਇਸ ਨੂੰ ਖਾਰਜ ਕਰਦੇ ਹਾਂ। ਕਰਨਲ ਸੋਫੀਆ ਕੁਰੈਸ਼ੀ ਨੇ ਕਿਹਾ ਕਿ ਪਾਕਿਸਤਾਨੀ ਫੌਜ ਨੇ ਪੱਛਮੀ ਸਰਹੱਦਾਂ 'ਤੇ ਹਮਲਾਵਰ ਗਤੀਵਿਧੀਆਂ ਜਾਰੀ ਰੱਖੀਆਂ ਹਨ। ਇਸ ਨੇ ਡਰੋਨ, ਲੰਬੀ ਦੂਰੀ ਦੇ ਹਥਿਆਰਾਂ, ਲੜਾਕੂ ਹਥਿਆਰਾਂ ਅਤੇ ਲੜਾਕੂ ਜਹਾਜ਼ਾਂ ਦੀ ਵਰਤੋਂ ਕਰਕੇ ਭਾਰਤੀ ਫੌਜੀ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ।
ਇਹ ਵੀ ਪੜ੍ਹੋ- ਭਾਰਤ ਵਲੋਂ ਮੂੰਹ-ਤੋੜ ਜਵਾਬ, ਮਾਰ ਡਿਗਾਏ ਪਾਕਿਸਤਾਨ ਦੇ ਦੋ ਫਾਈਟਰ ਜੈੱਟ
ਸੋਫੀਆ ਮੁਤਾਬਕ ਪਾਕਿਸਤਾਨ ਨੇ ਅੰਤਰਰਾਸ਼ਟਰੀ ਸਰਹੱਦ ਅਤੇ ਕੰਟਰੋਲ ਰੇਖਾ 'ਤੇ 26 ਤੋਂ ਵੱਧ ਥਾਵਾਂ 'ਤੇ ਹਵਾਈ ਘੁਸਪੈਠ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਭਾਰਤੀ ਹਥਿਆਰਬੰਦ ਬਲਾਂ ਨੇ ਜ਼ਿਆਦਾਤਰ ਖਤਰਿਆਂ ਨੂੰ ਸਫਲਤਾਪੂਰਵਕ ਬੇਅਸਰ ਕਰ ਦਿੱਤਾ। ਪਾਕਿਸਤਾਨ ਨੇ ਸਵੇਰੇ 1:40 ਵਜੇ ਪੰਜਾਬ ਦੇ ਏਅਰਬੇਸ ਨੂੰ ਨਿਸ਼ਾਨਾ ਬਣਾਉਣ ਲਈ ਹਾਈ-ਸਪੀਡ ਮਿਜ਼ਾਈਲਾਂ ਦੀ ਵਰਤੋਂ ਕੀਤੀ। ਚਿੰਤਾ ਦਾ ਵਿਸ਼ਾ ਇਹ ਸੀ ਕਿ ਪਾਕਿਸਤਾਨ ਨੇ ਆਪਣੀਆਂ ਗਤੀਵਿਧੀਆਂ ਨੂੰ ਲੁਕਾਉਣ ਲਈ ਲਾਹੌਰ ਤੋਂ ਉਡਾਣ ਭਰਨ ਵਾਲੇ ਨਾਗਰਿਕ ਜਹਾਜ਼ਾਂ ਦੀ ਆੜ ਹੇਠ ਅੰਤਰਰਾਸ਼ਟਰੀ ਹਵਾਈ ਮਾਰਗਾਂ ਦੀ ਦੁਰਵਰਤੋਂ ਕੀਤੀ।