ਪਾਕਿ ਦੀ ਇਕ ਹੋਰ ਮਾੜੀ ਹਰਕਤ ! ਟਰਬੂਲੈਂਸ ਦਾ ਸ਼ਿਕਾਰ ਹੋਏ ਭਾਰਤੀ ਜਹਾਜ਼ ਨੂੰ ਨਹੀਂ ਵਰਤਣ ਦਿੱਤਾ ਏਅਰਸਪੇਸ
Friday, May 23, 2025 - 10:59 AM (IST)

ਨਵੀਂ ਦਿੱਲੀ/ਮੁੰਬਈ- ਦਿੱਲੀ ਤੋਂ ਸ਼੍ਰੀਨਗਰ ਜਾ ਰਹੀ ਇੰਡੀਗੋ ਦੀ ਇਕ ਉਡਾਣ ਨੂੰ ਬੁੱਧਵਾਰ ਨੂੰ ਅਚਾਨਕ ਗੜੇਮਾਰੀ ਦਾ ਸਾਹਮਣਾ ਕਰਨਾ ਪਿਆ ਅਤੇ ਜਦੋਂ ਸ਼ੁਰੂਆਤ 'ਚ ਪਾਇਲਟ ਨੇ ਲਾਹੌਰ ਹਵਾਈ ਆਵਾਜਾਈ ਕੰਟਰੋਲ ਤੋਂ ਸਥਿਤੀ ਤੋਂ ਬਚਣ ਲਈ ਪਾਕਿਸਤਾਨ ਦੇ ਹਵਾਈ ਖੇਤਰ (ਏਅਰਸਪੇਸ) ਦੀ ਵਰਤੋਂ ਕਰਨ ਦੀ ਇਜਾਜ਼ਤ ਮੰਗੀ ਸੀ, ਉਦੋਂ ਉਸ ਨੇ ਇਸ ਅਪੀਲ ਨੂੰ ਨਾਮਨਜ਼ੂਰ ਕਰ ਦਿੱਤਾ। ਸੂਤਰਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਹਵਾ 'ਚ ਬਹੁਤ ਤੇਜ਼ ਝਟਕੇ ਲੱਗਣ (ਟਰਬੂਲੈਂਸ) ਦਾ ਸ਼ਿਕਾਰ ਹੋਈ ਫਲਾਈਟ 6E2142 ਦੇ ਮਾਮਲੇ ਦੀ ਜਾਂਚ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (DGCA) ਵਲੋਂ ਕੀਤੀ ਜਾ ਰਹੀ ਹੈ। ਬੁੱਧਵਾਰ ਨੂੰ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰਾਂ ਸਮੇਤ 220 ਤੋਂ ਵੱਧ ਲੋਕਾਂ ਨੂੰ ਲੈ ਕੇ ਜਾ ਰਹੀ ਉਡਾਣ ਅਚਾਨਕ ਗੜੇਮਾਰੀ ਦੀ ਲਪੇਟ 'ਚ ਆ ਗਈ ਅਤੇ ਪਾਇਲਟ ਨੇ ਸ਼੍ਰੀਨਗਰ ਹਵਾਈ ਅੱਡੇ 'ਤੇ ਹਵਾਈ ਆਵਾਜਾਈ ਕੰਟਰੋਲ ਨੂੰ 'ਐਮਰਜੈਂਸੀ' ਦੀ ਰਿਪੋਰਟ ਦਿੱਤੀ। ਹਾਲਾਂਕਿ ਬਾਅਦ 'ਚ ਇਹ ਜਹਾਜ਼ ਸੁਰੱਖਿਅਤ ਉਤਰ ਗਿਆ ਸੀ।
ਸੂਤਰਾਂ ਨੇ ਦੱਸਿਆ ਕਿ ਬੁੱਧਵਾਰ ਨੂੰ ਜਦੋਂ ਜਹਾਜ਼ ਅੰਮ੍ਰਿਤਸਰ ਦੇ ਉੱਪਰ ਤੋਂ ਉਡਾਣ ਭਰ ਰਿਹਾ ਸੀ, ਉਦੋਂ ਪਾਇਲਟ ਨੇ ਜਹਾਜ਼ ਨੂੰ ਮੌਸਮ ਕਾਰਨ ਪ੍ਰਤੀਕੂਲ ਸਥਿਤੀ 'ਚ ਪਾਇਆ ਅਤੇ ਲਾਹੌਰ ਹਵਾਈ ਆਵਾਜਾਈ ਕੰਟਰੋਲ (ਏਟੀਸੀ) ਤੋਂ ਪਾਕਿਸਤਾਨ ਦੇ ਹਵਾਈ ਖੇਤਰ ਤੋਂ ਲੰਘਣ ਦੀ ਮਨਜ਼ੂਰੀ ਮੰਗੀ। ਸੂਤਰਾਂ ਨੇ ਦੱਸਿਆ ਕਿ ਇਸ ਸਥਿਤੀ ਤੋਂ ਬਚਣ ਲਈ ਪਾਕਿਸਤਾਨ ਦੇ ਹਵਾਈ ਖੇਤਰ ਦਾ ਉਪਯੋਗ ਕਰਨ ਦੀ ਅਪੀਲ ਕੀਤੀ ਗਈ ਪਰ ਲਾਹੌਰ ਏਟੀਸੀ ਨੇ ਇਸ ਨੂੰ ਅਸਵੀਕਾਰ ਕਰ ਦਿੱਤਾ। ਸੂਤਰਾਂ ਅਨੁਸਾਰ, ਮਨਜ਼ੂਰੀ ਨਾ ਮਿਲਣ ਦੇ ਨਤੀਜੇ ਵਜੋਂ ਜਹਾਜ਼ ਨੂੰ ਉਸੇ ਰਸਤੇ ਅੱਗੇ ਵਧਣਾ ਪਿਆ, ਜਿੱਥੇ ਉਸ ਨੂੰ ਹਵਾ 'ਚ ਤੇਜ਼ ਝਟਕਿਆਂ ਅਤੇ ਗੜੇਮਾਰੀ ਦਾ ਸਾਹਮਣਾ ਕਰਨਾ ਪਿਆ। ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਦੇ ਮੱਦੇਨਜ਼ਰ ਗੁਆਂਢੀ ਦੇਸ਼ ਨੇ ਆਪਣਾ ਹਵਾਈ ਖੇਤਰ ਭਾਰਤੀ ਹਵਾਬਾਜ਼ੀ ਕੰਪਨੀਆਂ ਲਈ ਬੰਦ ਕਰ ਦਿੱਤਾ ਹੈ। ਭਾਰਤ ਨੇ ਵੀ ਪਾਕਿਸਤਾਨੀ ਹਵਾਬਾਜ਼ੀ ਕੰਪਨੀਆਂ ਲਈ ਆਪਣਾ ਹਵਾਈ ਖੇਤਰ ਬੰਦ ਕਰ ਰੱਖਿਆ ਹੈ। ਇੰਡੀਗੋ ਨੇ ਵੀਰਵਾਰ ਨੂੰ ਜਾਰੀ ਇਕ ਬਿਆਨ 'ਚ ਕਿਹਾ ਕਿ 21 ਮਈ 2025 ਨੂੰ ਦਿੱਲੀ ਤੋਂ ਸ਼੍ਰੀਨਗਰ ਜਾਣ ਵਾਲੀ ਉਸ ਦੀ ਉਡਾਣ 6E2142 ਅਚਾਨਕ ਗੜੇਮਾਰੀ ਤੋਂ ਬਚਦੀ ਹੋਈ ਸ਼੍ਰੀਨਗਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸੁਰੱਖਿਅਤ ਉਤਰ ਗਈ।
ਇਹ ਵੀ ਪੜ੍ਹੋ : ਚੱਲਦੇ ਪੇਪਰ 'ਚ ਗੁੱਲ ਹੋ ਗਈ ਬੱਤੀ ! ਵਿਦਿਆਰਥੀਆਂ ਨੇ 'ਮੋਬਾਈਲ' ਦੀ ਲਾਈਟ 'ਚ ਦਿੱਤੀ ਪ੍ਰੀਖਿਆ
ਇਹ ਵੀ ਪੜ੍ਹੋ : ਸਕੂਲਾਂ 'ਚ ਹੋ ਗਈਆਂ ਛੁੱਟੀਆਂ ! ਅੱਗ ਵਰ੍ਹਾਊ ਗਰਮੀ ਦੌਰਾਨ ਪ੍ਰਸ਼ਾਸਨ ਨੇ ਲਿਆ ਫ਼ੈਸਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e