ਭਾਰਤ-ਪਾਕਿਸਤਾਨ ''ਚ ਟਕਰਾਅ ਖਤਮ ਕਰਨ ''ਤੇ ਬਣੀ ਸਹਿਮਤੀ: ਜੈਸ਼ੰਕਰ
Thursday, May 22, 2025 - 05:18 PM (IST)

ਨਵੀਂ ਦਿੱਲੀ- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਭਾਰਤ-ਪਾਕਿਸਤਾਨ ਵਿਚਾਲੇ ਫ਼ੌਜੀ ਸੰਘਰਸ਼ ਨੂੰ ਖਤਮ ਕਰਨ ਨੂੰ ਲੈ ਕੇ ਦੋਹਾਂ ਦੇਸ਼ਾਂ ਵਿਚਾਲੇ ਦੋ-ਪੱਖੀ ਸਹਿਮਤੀ ਬਣੀ ਹੈ। ਇਹ ਸਹਿਮਤੀ ਦੋਹਾਂ ਦੇਸ਼ਾਂ ਦੇ ਫ਼ੌਜੀ ਅਧਿਕਾਰੀਆਂ ਵਿਚਾਲੇ ਸਿੱਧੀ ਗੱਲਬਾਤ ਮਗਰੋਂ ਬਣੀ ਨਾ ਕਿ ਕਿਸੇ ਬਾਹਰੀ ਪੱਖ ਦੀ ਵਿਚੋਲਗੀ ਨਾਲ। ਜਿਵੇਂ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਸੀ।
ਜੈਸ਼ੰਕਰ ਨੇ ਅੱਗੇ ਕਿਹਾ ਕਿ ਪਾਕਿਸਤਾਨ ਨਾਲ ਹੋਈ ਸਿੱਧੀ ਗੱਲਬਾਤ ਮਗਰੋਂ ਹੀ ਦੋਹਾਂ ਦੇਸ਼ਾਂ ਨੇ ਇਕ ਸਮਝੌਤਾ ਕੀਤਾ, ਜਿਸ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਗੋਲੀਬਾਰੀ ਅਤੇ ਫ਼ੌਜੀ ਕਾਰਵਾਈ ਵਿਚ ਕਮੀ ਆਈ। ਜੈਸ਼ੰਕਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਭਵਿੱਖ ਵਿਚ ਪਾਕਿਸਤਾਨ ਤੋਂ ਕੋਈ ਅੱਤਵਾਦੀ ਹਮਲਾ ਹੁੰਦਾ ਹੈ, ਤਾਂ ਭਾਰਤ ਪਾਕਿਸਤਾਨ ਵਿਚ ਸਥਿਤ ਅੱਤਵਾਦੀਆਂ 'ਤੇ ਫਿਰ ਤੋਂ ਕਾਰਵਾਈ ਕਰੇਗਾ। ਉਨ੍ਹਾਂ ਨੇ ਕਿਹਾ ਕਿ ਅਸੀਂ ਇਹ ਸੰਦੇਸ਼ ਸਪੱਸ਼ਟ ਕੀਤਾ ਹੈ ਕਿ ਆਪ੍ਰੇਸ਼ਨ ਸਿੰਦੂਰ ਵਰਗੀ ਕਾਰਵਾਈ ਜਾਰੀ ਰਹੇਗੀ।
ਜੈਸ਼ੰਕਰ ਨੇ ਨੀਂਦਰਲੈਂਡ ਦੇ ਹੇਗ ਸ਼ਹਿਰ ਵਿਚ ਦਿੱਤੇ ਇੰਟਰਵਿਊ ਵਿਚ ਕਿਹਾ ਕਿ ਜੇਕਰ ਭਵਿੱਖ ਵਿਚ ਪਾਕਿਸਤਾਨ ਤੋਂ ਫਿਰ ਤੋਂ ਅੱਤਵਾਦੀ ਹਮਲਾ ਹੁੰਦਾ ਹੈ, ਤਾਂ ਅਸੀਂ ਉਸ ਥਾਂ 'ਤੇ ਹਮਲਾ ਕਰਾਂਗੇ, ਜਿੱਥੋਂ ਉਹ ਹਮਲਾ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ 22 ਅਪ੍ਰੈਲ ਨੂੰ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਮਗਰੋਂ ਭਾਰਤੀ ਫ਼ੌਜ ਨੇ ਪਾਕਿਸਤਾਨ 'ਚ ਸਥਿਤ ਅੱਤਵਾਦੀਆਂ ਦੇ ਟਿਕਾਣਿਆਂ 'ਤੇ 6-7 ਮਈ ਦੀ ਰਾਤ ਨੂੰ ਸਟੀਕ ਹਮਲੇ ਕੀਤੇ ਸਨ। ਇਸ ਤੋਂ ਬਾਅਦ ਪਾਕਿਸਤਾਨ ਨੇ ਭਾਰਤੀ ਫ਼ੌਜੀ ਟਿਕਾਣਿਆਂ 'ਤੇ ਹਮਲੇ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਭਾਰਤ ਵਲੋਂ ਪ੍ਰਭਾਵੀ ਤਰੀਕੇ ਨਾਲ ਜਵਾਬ ਦਿੱਤਾ ਗਿਆ।
ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ 10 ਮਈ ਨੂੰ ਐਲਾਨ ਕੀਤਾ ਕਿ ਭਾਰਤ ਅਤੇ ਪਾਕਿਸਤਾਨ ਨੇ ਇਸ ਸਮਝੌਤੇ 'ਤੇ ਦਸਤਖ਼ਤ ਕੀਤੇ ਹਨ, ਜਿਸ ਦੇ ਤਹਿਤ ਦੋਵਾਂ ਦੇਸ਼ਾਂ ਵਿਚਾਲੇ ਗੋਲੀਬਾਰੀ ਅਤੇ ਫ਼ੌਜੀ ਕਾਰਵਾਈਆਂ ਨੂੰ ਤੁਰੰਤ ਪ੍ਰਭਾਵ ਤੋਂ ਰੋਕਣ ਦਾ ਫ਼ੈਸਲਾ ਲਿਆ ਗਿਆ। ਜੈਸ਼ੰਕਰ ਨੇ ਦੱਸਿਆ ਕਿ ਇਹ ਸਹਿਮਤੀ ਸਿੱਧੀ ਗੱਲਬਾਤ ਮਗਰੋਂ ਹੀ ਸੰਭਵ ਹੋ ਸਕੀ ਅਤੇ ਕੋਈ ਬਾਹਰੀ ਦਖ਼ਲ ਇਸ ਵਿਚ ਸ਼ਾਮਲ ਨਹੀਂ ਸੀ।