ਕਰਨਲ ਸੋਫੀਆ ''ਤੇ ਮੰਤਰੀ ਵਿਜੇ ਸ਼ਾਹ ਦਾ ਵਿਵਾਦਿਤ ਬਿਆਨ, SC ਨੇ ਕਿਹਾ- ਮੁਆਫ਼ੀ ਨਾਮਨਜ਼ੂਰ
Tuesday, May 20, 2025 - 10:34 AM (IST)

ਨਵੀਂ ਦਿੱਲੀ- ਕਰਨਲ ਸੋਫੀਆ ਕੁਰੈਸ਼ੀ ਵਿਰੁੱਧ ਦਿੱਤੇ ਗਏ ਇਤਰਾਜ਼ਯੋਗ ਬਿਆਨ ਨੂੰ ਲੈ ਕੇ ਭਾਰੀ ਵਿਰੋਧ ਤੇ ਐੱਫ.ਆਈ.ਆਰ. ਦਰਜ ਹੋਣ ਤੋਂ ਬਾਅਦ ਮੱਧ ਪ੍ਰਦੇਸ਼ ਦੇ ਆਦਿਵਾਸੀ ਮਾਮਲਿਆਂ ਦੇ ਮੰਤਰੀ ਕੁੰਵਰ ਵਿਜੇ ਸ਼ਾਹ ਦੇ ਮਾਮਲੇ ਦੀ ਸੁਪਰੀਮ ਕੋਰਟ ’ਚ ਸੋਮਵਾਰ ਸੁਣਵਾਈ ਹੋਈ। ਸੁਣਵਾਈ ਤੋਂ ਬਾਅਦ ਅਦਾਲਤ ਨੇ ਮੰਤਰੀ ਦੀ ਗ੍ਰਿਫਤਾਰੀ ’ਤੇ ਰੋਕ ਲਾ ਦਿੱਤੀ ਪਰ ਦਰਜ ਕੀਤੀ ਗਈ ਐੱਫ.ਆਈ.ਆਰ. ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ। ਅਦਾਲਤ ਨੇ ਸਪੱਸ਼ਟ ਕਿਹਾ ਕਿ ਸ਼ਾਹ ਨੂੰ ਇਸ ਮਾਮਲੇ ’ਚ ਮੁਆਫ਼ ਨਹੀਂ ਕੀਤਾ ਜਾਵੇਗਾ। ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ. ) ਇਸ ਮਾਮਲੇ ਦੀ ਨਿਰਪੱਖ ਜਾਂਚ ਕਰੇਗੀ।
ਸ਼ਾਹ ਦੇ ਵਕੀਲ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਨ੍ਹਾਂ ਦੇ ਮੁਵੱਕਿਲ ਨੇ ਮੁਆਫੀ ਮੰਗ ਲਈ ਹੈ। ਵਕੀਲ ਵੱਲੋਂ ਦਿੱਤੇ ਇਸ ਬਿਆਨ ’ਤੇ ਸੁਪਰੀਮ ਕੋਰਟ ਨੇ ਸਖ਼ਤ ਰੁਖ਼ ਅਪਣਾਇਆ ਤੇ ਤਿੱਖੀ ਝਾੜ ਪਾਈ। ਅਦਾਲਤ ਨੇ ਕਿਹਾ ਕਿ ਵਿਜੇ ਸ਼ਾਹ ਲੋਕਾਂ ਦੇ ਸਾਹਮਣੇ ਪੂਰੀ ਤਰ੍ਹਾਂ ਬੇਨਕਾਬ ਹੋ ਗਏ ਹਨ। ਉਹ ਇਕ ਜਨਤਕ ਹਸਤੀ ਹਨ। ਉਨ੍ਹਾਂ ਨੂੰ ਬੋਲਦੇ ਸਮੇਂ ਆਪਣੇ ਸ਼ਬਦਾਂ ’ਤੇ ਵਿਚਾਰ ਕਰਨਾ ਚਾਹੀਦਾ ਸੀ। ਓਧਰ ਸੋਫੀਆ 'ਤੇ ਵਿਵਾਦਿਤ ਬਿਆਨ ਦੀ ਜਾਂਚ ਲਈ ਮੱਧ ਪ੍ਰਦੇਸ਼ ਪੁਲਸ ਨੇ 3 ਮੈਂਬਰੀ SIT ਬਣਾਈ ਹੈ। ਕਰਨਲ ਸੋਫੀਆ ਕੁਰੈਸ਼ੀ ਨੂੰ ਲੈ ਕੇ ਸ਼ਾਹ ਨੇ ਇਤਰਾਜ਼ਯੋਗ ਟਿੱਪਣੀ ਕੀਤੀ, ਜਿਸ 'ਤੇ ਸੁਪਰੀਮ ਕੋਰਟ ਨੇ ਸਖ਼ਤ ਰੁਖ਼ ਅਪਣਾਇਆ ਹੈ।
ਕਾਂਗਰਸ ਕਰ ਰਹੀ ਹੈ ਅਸਤੀਫ਼ੇ ਦੀ ਮੰਗ
ਕਾਂਗਰਸ ਲਗਾਤਾਰ ਭਾਜਪਾ ’ਤੇ ਹਮਲੇ ਕਰ ਰਹੀ ਹੈ ਤੇ ਸ਼ਾਹ ਦੇ ਅਸਤੀਫ਼ੇ ਦੀ ਮੰਗ ਕਰ ਰਹੀ ਹੈ । ਉਹ ਉਸ ’ਤੇ ਸ਼ਾਹ ਨੂੰ ਬਚਾਉਣ ਦਾ ਦੋਸ਼ ਵੀ ਲਾ ਰਹੀ ਹੈ। ਇਸ ਤੋਂ ਪਹਿਲਾਂ ਕਾਂਗਰਸ ਦਾ ਇਕ ਵਫ਼ਦ ਰਾਜਪਾਲ ਮੰਗੂਭਾਈ ਪਟੇਲ ਨੂੰ ਮਿਲਣ ਲਈ ਭੋਪਾਲ ਪਹੁੰਚਿਆ । ਵਫਦ ਨੇ ਰਾਜਪਾਲ ਨੂੰ ਇਕ ਮੰਗ ਪੱਤਰ ਸੌਂਪਿਆ। ਇਸ ’ਚ ਸ਼ਾਹ ਦੇ ਅਸਤੀਫ਼ੇ ਦੀ ਮੰਗ ਕੀਤੀ ਗਈ ਹੈ। ਇੰਨਾ ਹੀ ਨਹੀਂ ਰਾਜਪਾਲ ਨੂੰ ਮਿਲਣ ਤੋਂ ਬਾਅਦ ਇਹ ਵਫ਼ਦ ਰਾਜ ਭਵਨ ਦੇ ਬਾਹਰ ਕਾਲੇ ਕੱਪੜਿਆਂ ’ਚ ਵਿਰੋਧ ਪ੍ਰਦਰਸ਼ਨ ਕਰਦਾ ਵੇਖਿਆ ਗਿਆ। ਇਹ ਵਫ਼ਦ ਵਿਰੋਧੀ ਧਿਰ ਦੇ ਨੇਤਾ ਉਮੰਗ ਸਿੰਘਾਰ ਦੀ ਅਗਵਾਈ ਹੇਠ ਉੱਥੇ ਪਹੁੰਚਿਆ। ਜ਼ਿਕਰਯੋਗ ਹੈ ਕਿ ਵਿਜੇ ਸ਼ਾਹ ਦਾ ਇਕ ਵੀਡੀਓ ਵਾਇਰਲ ਹੋਇਆ ਸੀ, ਜਿਸ ਵਿਚ ਉਨ੍ਹਾਂ ਨੇ ਆਪ੍ਰੇਸ਼ਨ ਸਿੰਦੂਰ ਦੌਰਾਨ ਚਰਚਾ ਵਿਚ ਆਈ ਕਰਨਲ ਸੋਫੀਆ ਕੁਰੈਸ਼ੀ 'ਤੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ।