ਕਿਵੇਂ ਸਾਊਦੀ ਅਰਬ ਨੇ ਭਾਰਤ-ਪਾਕਿ ਨੂੰ ਸੰਕਟ ’ਚੋਂ ਕੱਢਿਆ

Tuesday, May 20, 2025 - 11:06 PM (IST)

ਕਿਵੇਂ ਸਾਊਦੀ ਅਰਬ ਨੇ ਭਾਰਤ-ਪਾਕਿ ਨੂੰ ਸੰਕਟ ’ਚੋਂ ਕੱਢਿਆ

ਨੈਸ਼ਨਲ ਡੈਸਕ- ਭਾਵੇਂ ਖਬਰਾਂ ’ਚ ‘ਆਪ੍ਰੇਸ਼ਨ ਸਿੰਧੂਰ’ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗਬੰਦੀ ਲਈ ਵਿਚੋਲਗੀ ਕਰਨ ਦਾ ਸਿਹਰਾ ਵਾਸ਼ਿੰਗਟਨ ਨੂੰ ਦਿੱਤਾ ਗਿਆ ਸੀ ਪਰ ਅਸਲ ਕੂਟਨੀਤਕ ਕਾਰਵਾਈ ਰਿਆਦ ਤੋਂ ਚੁੱਪ-ਚਾਪ ਤੇ ਤੇਜ਼ੀ ਨਾਲ ਸਾਹਮਣੇ ਆ ਰਹੀ ਸੀ।

ਪਹਿਲਗਾਮ ’ਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਵੱਲੋਂ 7 ਮਈ ਨੂੰ ਸਰਹੱਦ ਪਾਰ ਤੋਂ ਜਵਾਬੀ ਕਾਰਵਾਈ ਸ਼ੁਰੂ ਕਰਨ ਤੋਂ ਕੁਝ ਘੰਟਿਆਂ ਬਾਅਦ ਇਕ ਹਵਾਈ ਜਹਾਜ਼ ਅਚਾਨਕ ਨਵੀਂ ਦਿੱਲੀ ’ਚ ਉਤਰਿਆ।

ਉਸ ਜਹਾਜ਼ ’ਚ ਸਾਊਦੀ ਅਰਬ ਦੇ ਵਿਦੇਸ਼ ਰਾਜ ਮੰਤਰੀ ਅਦੇਲ ਅਲ-ਜੁਬੈਰ ਸਵਾਰ ਸਨ। ਉਹ ਇਕ ਅਜਿਹੇ ਵਿਅਕਤੀ ਹਨ ਜੋ ਫੋਟੋਆਂ ਖਿੱਚਵਾਉਣ ਲਈ ਘੱਟ ਤੇ ਕਾਨਾਫੂਸੀ ਵਾਲੀ ਕੂਟਨੀਤੀ ਲਈ ਵਧੇਰੇ ਜਾਣੇ ਜਾਂਦੇ ਹਨ।

ਅਗਲੇ ਦਿਨ ਉਨ੍ਹਾਂ ਇਸਲਾਮਾਬਾਦ ’ਚ ਪਾਕਿਸਤਾਨ ਦੀ ਉੱਚ ਲੀਡਰਸ਼ਿਪ ਜਿਸ ’ਚ ਜਨਰਲ ਅਸੀਮ ਮੁਨੀਰ ਵੀ ਸ਼ਾਮਲ ਸੀ, ਨਾਲ ਬੰਦ ਕਮਰੇ ’ਚ ਮੀਟਿੰਗਾਂ ਕੀਤੀ। ਅਧਿਕਾਰਤ ਤੌਰ ’ਤੇ ਅਮਰੀਕਾ ਨੇ ਜੰਗਬੰਦੀ ਸਬੰਧੀ ਗੱਲਬਾਤ ਦੀ ਅਗਵਾਈ ਕੀਤੀ ਪਰ ਤਜਰਬੇਕਾਰ ਨਿਰੀਖਕਾਂ ਦਾ ਕਹਿਣਾ ਹੈ ਕਿ ਇਹ ਸਾਊਦੀ ਅਰਬ ਹੀ ਸੀ ਜਿਸ ਨੇ ਸਭ ਤੋਂ ਪਹਿਲਾਂ ਬ੍ਰੇਕ ਲਾਈ -ਖਾਸ ਕਰ ਕੇ ਪਾਕਿਸਤਾਨ ’ਤੇ।

ਇਹ ਯਾਦ ਰੱਖਣ ਯੋਗ ਹੈ ਕਿ ਮੋਦੀ 22 ਅਪ੍ਰੈਲ ਨੂੰ ਸਾਊਦੀ ਅਰਬ ’ਚ ਸਨ । ਹਮਲੇ ਕਾਰਨ ਉਨ੍ਹਾਂ ਆਪਣੀ ਯਾਤਰਾ ਨੂੰ ਛੋਟਾ ਕਰ ਦਿੱਤਾ। ਡੋਨਾਲਡ ਟਰੰਪ ਉਸ ਹਫ਼ਤੇ ਖਾੜੀ ਦੇਸ਼ਾਂ ਦਾ ਦੌਰਾ ਕਰਨ ਵਾਲੇ ਸਨ।

ਰਾਵਲਪਿੰਡੀ ਨਾਲ ਆਪਣੇ ਨੇੜਲੇ ਸਬੰਧਾਂ ਤੇ 9/11 ਦੇ ਹਮਲੇ ਤੋਂ ਬਾਅਦ ਦੇ ਉਦਾਰਵਾਦੀ ਸੰਦੇਸ਼ਾਂ ਦੇ ਇਤਿਹਾਸ ਦਾ ਫਾਇਦਾ ਉਠਾਉਂਦੇ ਹੋਏ ਰਿਆਦ ਨੇ ਕਥਿਤ ਤੌਰ ’ਤੇ ਸਾਵਧਾਨੀ ਵਰਤਣ ਦੀ ਅਪੀਲ ਕੀਤੀ-ਇਹ ਦੱਸਦੇ ਹੋਏ ਕਿ ਖੁੱਲ੍ਹਾ ਟਕਰਾਅ ਪਾਕਿਸਤਾਨ ਨੂੰ ਨਾ ਸਿਰਫ਼ ਫੌਜੀ ਪੱਖੋਂ ਸਗੋਂ ਆਰਥਿਕ ਪੱਖੋਂ ਵੀ ਅਲੱਗ-ਥਲੱਗ ਕਰ ਸਕਦਾ ਹੈ।

ਸਾਊਦੀ ਅਰਬ-ਪਾਕਿਸਤਾਨ ਦਾ ਸਾਂਝਾ ਬਿਆਨ ਜਿਸ ’ਚ ਗੱਲਬਾਤ ਤੇ ਜੰਮੂ- ਕਸ਼ਮੀਰ ਦੇ ਜਾਣੇ-ਪਛਾਣੇ ਹਵਾਲੇ ਸ਼ਾਮਲ ਸਨ, ਕੂਟਨੀਤਕ ਵਾਲਪੇਪਰ ਸੀ ਪਰ ਭਾਰਤ ਦੀ ਚੁੱਪ ਬਹੁਤ ਕੁਝ ਕਹਿ ਗਈ।

ਨਵੀਂ ਦਿੱਲੀ ਨੇ ਕੋਈ ਸਾਂਝਾ ਬਿਆਨ ਜਾਰੀ ਨਹੀਂ ਕੀਤਾ। ਸਿਰਫ਼ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਇਕ ਸੰਖੇਪ ਲਾਈਨ ਕਹੀ ਕਿ ਅੱਤਵਾਦ ਦਾ ਮਜ਼ਬੂਤੀ ਨਾਲ ਮੁਕਾਬਲਾ ਕੀਤਾ ਜਾਏਗਾ।

ਅਮਰੀਕਾ ਨੇ ਆਈ.ਐੱਮ.ਐੱਫ. ਤੇ ਰਣਨੀਤਕ ਚਿਤਾਵਨੀਆਂ ਰਾਹੀਂ ਦਬਾਅ ਪਾਇਆ। ਸਾਊਦੀ ਅਰਬ ਨੇ ਸ਼ਾਂਤ ਖੇਡ ਖੇਡੀ, ਖਾਸ ਕਰ ਕੇ ਘਬਰਾਈ ਹੋਈ ਪਾਕਿਸਤਾਨੀ ਫੌਜ ਨਾਲ।

ਉਹ ਕਮਰੇ ’ਚ ਸਭ ਤੋਂ ਜ਼ੋਰਦਾਰ ਖਿਡਾਰੀ ਨਹੀਂ ਸੀ ਪਰ ਸ਼ਾਇਦ ਸਭ ਤੋਂ ਪ੍ਰਭਾਵਸ਼ਾਲੀ ਸੀ। ਮਹਾਨ ਭੂ- ਸਿਆਸੀ ਸ਼ਤਰੰਜ ’ਚ ਸਾਰੀਆਂ ਚਾਲਾਂ ਸੁਰਖੀਆਂ ਨਹੀਂ ਬਣਦੀਆਂ।


author

Rakesh

Content Editor

Related News