ਪਾਕਿ ਹਾਈ ਕਮਿਸ਼ਨ ਦੇ ਇਕ ਹੋਰ ਅਧਿਕਾਰੀ ਨੂੰ ਭਾਰਤ ਛੱਡਣ ਦਾ ਹੁਕਮ
Thursday, May 22, 2025 - 04:04 AM (IST)

ਨਵੀਂ ਦਿੱਲੀ - ਭਾਰਤ ਸਰਕਾਰ ਨੇ ਪਾਕਿਸਤਾਨ ਹਾਈ ਕਮਿਸ਼ਨ ਵਿਚ ਕੰਮ ਕਰਨ ਵਾਲੇ ਇਕ ਹੋਰ ਅਧਿਕਾਰੀ ਨੂੰ ‘ਪਰਸੋਨਾ ਨਾਨ ਗ੍ਰਾਟਾ’ ਐਲਾਨ ਕਰ ਕੇ ਦੇਸ਼ ਛੱਡਣ ਦਾ ਹੁਕਮ ਦਿੱਤਾ ਹੈ। ਇਸ ਅਧਿਕਾਰੀ ’ਤੇ ਭਾਰਤ ਵਿਚ ਆਪਣੇ ਅਧਿਕਾਰਤ ਰੁਤਬੇ ਅਨੁਸਾਰ ਵਿਵਹਾਰ ਨਾ ਕਰਨ ਦਾ ਦੋਸ਼ ਹੈ।
ਸਰਕਾਰੀ ਹੁਕਮਾਂ ਮੁਤਾਬਕ ਅਧਿਕਾਰੀ ਨੂੰ 24 ਘੰਟਿਆਂ ਦੇ ਅੰਦਰ ਭਾਰਤ ਛੱਡਣ ਲਈ ਕਿਹਾ ਗਿਆ ਹੈ। ਪਾਕਿਸਤਾਨ ਹਾਈ ਕਮਿਸ਼ਨ ਦੇ ਇੰਚਾਰਜ ਨੂੰ ਕਿਹਾ ਹੈ ਕਿ ਭਾਰਤ ਵਿਚ ਕੋਈ ਵੀ ਪਾਕਿਸਤਾਨੀ ਡਿਪਲੋਮੈਟ ਜਾਂ ਅਧਿਕਾਰੀ ਕਿਸੇ ਵੀ ਤਰ੍ਹਾਂ ਤੋਂ ਆਪਣੇ ਵਿਸ਼ੇਸ਼ ਅਧਿਕਾਰਾਂ ਅਤੇ ਅਹੁਦੇ ਦੀ ਦੁਰਵਰਤੋਂ ਨਾ ਕਰੇ।
ਇਸ ਤੋਂ ਪਹਿਲਾਂ 13 ਮਈ ਨੂੰ ਕਥਿਤ ਜਾਸੂਸੀ ’ਚ ਸ਼ਮੂਲੀਅਤ ਕਾਰਨ ਪਾਕਿਸਤਾਨ ਹਾਈ ਕਮਿਸ਼ਨ ’ਚ ੇਕੰਮ ਕਰਦੇ ਇਕ ਪਾਕਿਸਤਾਨੀ ਅਧਿਕਾਰੀ ਨੂੰ ਕੱਢ ਦਿੱਤਾ ਗਿਆ ਸੀ। ਭਾਰਤ ਸਰਕਾਰ ਨੇ ਇਹ ਕਦਮ ਅਜਿਹੇ ਸਮੇਂ ਵਿਚ ਉਠਾਇਆ ਹੈ ਜਦੋਂ ਦੋਵਾਂ ਦੇਸ਼ਾਂ ਵਿਚਾਲੇ ਸਬੰਧ ਪਹਿਲਾਂ ਤੋਂ ਹੀ ਤਣਾਅਪੂਰਨ ਬਣੇ ਹੋਏ ਹਨ।