ਸ਼੍ਰੀਨਗਰ : ਪੁਲਸ ਟੀਮ 'ਤੇ ਅੱਤਵਾਦੀ ਹਮਲਾ, 2 ਜਵਾਨਾਂ ਸਣੇ 5 ਜ਼ਖਮੀ

Saturday, Jun 16, 2018 - 10:12 AM (IST)

ਸ਼੍ਰੀਨਗਰ : ਪੁਲਸ ਟੀਮ 'ਤੇ ਅੱਤਵਾਦੀ ਹਮਲਾ, 2 ਜਵਾਨਾਂ ਸਣੇ 5 ਜ਼ਖਮੀ

ਸ਼੍ਰੀਨਗਰ (ਮਜੀਦ)— ਸ਼੍ਰੀਨਗਰ ਵਿਚ ਪੁਲਸ ਦੀ ਜਾਂਚ ਚੌਕੀ 'ਤੇ ਅਣਪਛਾਤੇ ਅੱਤਵਾਦੀਆਂ ਦੇ ਹਮਲੇ 'ਚ 2 ਪੁਲਸ ਮੁਲਾਜ਼ਮਾਂ ਸਣੇ 5 ਵਿਅਕਤੀ ਜ਼ਖਮੀ ਹੋ ਗਏ। ਸੂਤਰਾਂ ਨੇ ਦੱਸਿਆ ਕਿ ਕਾਕਾ ਸਰਾਅ ਵਿਚ ਡੈਂਟਲ ਕਾਲਜ ਦੇ ਕੋਲ ਪੁਲਸ ਦੀ ਜਾਂਚ ਚੌਕੀ 'ਤੇ ਗੋਲੀਬਾਰੀ ਕੀਤੀ ਗਈ। ਗੋਲੀਬਾਰੀ ਵਿਚ ਜ਼ਖਮੀ 2 ਪੁਲਸ ਮੁਲਾਜ਼ਮਾਂ ਅਤੇ 3 ਲੋਕਾਂ ਨੂੰ ਤੁਰੰਤ ਐੱਸ. ਐੱਚ. ਐੱਮ. ਐੱਸ. ਹਸਪਤਾਲ 'ਚ ਭਰਤੀ ਕਰਵਾਇਆ ਗਿਆ।  ਇਸ ਦੌਰਾਨ ਹਮਲਾਵਰ ਭੱਜ ਨਿਕਲਣ 'ਚ ਕਾਮਯਾਬ ਹੋ ਗਏ। ਸੁਰੱਖਿਆ ਬਲਾਂ ਨੇ ਹਮਲਾਵਰਾਂ ਦੀ ਭਾਲ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।  ਇਸੇ ਦੌਰਾਨ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲੇ 'ਚ ਅਣਪਛਾਤੇ ਅੱਤਵਾਦੀਆਂ ਨੇ ਅਦਾਲਤੀ ਕੰਪਲੈਕਸ 'ਚ ਸੁਰੱਖਿਆ ਬਲਾਂ 'ਤੇ ਹਮਲਾ ਕਰ ਦਿੱਤਾ। ਹਾਲਾਂਕਿ ਹਮਲੇ 'ਚ ਕਿਸੇ ਦੇ ਮਾਰੇ ਜਾਣ ਦੀ ਜਾਣਕਾਰੀ ਨਹੀਂ। ਦੱਸਿਆ ਜਾ ਰਿਹਾ ਹੈ ਕਿ ਕੰਪਲੈਕਸ ਦੀ ਸੁਰੱਖਿਆ ਲਈ ਤਾਇਨਾਤ ਪੁਲਸ ਮੁਲਾਜ਼ਮਾਂ ਨੇ ਹਵਾ 'ਚ ਕੁਝ ਗੋਲੀਆਂ ਚਲਾਈਆਂ। 
ਓਧਰ ਪੁਲਵਾਮਾ ਜ਼ਿਲੇ ਦੇ ਨਿਲੂਰਾ ਪਿੰਡ 'ਚ ਅੱਤਵਾਦੀਆਂ ਨੇ ਨੈਸ਼ਨਲ ਕਾਨਫਰੰਸ (ਨੈਕਾ) ਵਰਕਰ ਗੁਲਾਮ ਨਬੀ ਦੇ ਰਿਹਾਇਸ਼ੀ ਕੁਆਰਟਰ ਨੂੰ ਫੂਕ ਦਿੱਤਾ। ਇਸ ਤੋਂ ਪਹਿਲਾਂ ਅੱਤਵਾਦੀਆਂ ਨੇ ਕੁਆਰਟਰ 'ਚ ਦਾਖਲ ਹੋ ਕੇ ਨੈਕਾ ਵਰਕਰ ਦੇ ਭਰਾ ਤੇ ਭਤੀਜੇ ਨੂੰ ਕੁੱਟਿਆ। 
ਪੁਲਸ ਦੇ ਇਕ ਸੀਨੀਅਰ ਅਧਿਕਾਰੀ ਅਨੁਸਾਰ ਅੱਤਵਾਦੀ ਦਾਖਲ ਹੋਏ ਜਿਥੇ ਉਨ੍ਹਾਂ ਨੈਕਾ ਵਰਕਰ ਦੇ ਭਰਾ ਅਬਦੁਲ ਗਨੀ ਵਾਨੀ ਅਤੇ ਭਤੀਜੇ ਗੁਲਾਮ ਕਾਦਿਰ ਨੂੰ ਬੁਰੀ ਤਰ੍ਹਾਂ ਕੁੱਟਿਆ। ਅੱਤਵਾਦੀਆਂ ਨੇ ਮੌਕੇ ਤੋਂ ਫਰਾਰ ਹੋਣ ਤੋਂ ਪਹਿਲਾਂ ਕੁਆਰਟਰ ਨੂੰ ਅੱਗ ਲਾ ਦਿੱਤੀ।  ਇਸੇ ਦਰਮਿਆਨ ਅੱਤਵਾਦੀ ਨੈਕਾ ਵਰਕਰ ਦੇ ਨਾਲ ਸੁਰੱਖਿਆ ਲਈ ਤਾਇਨਾਤ ਐੱਸ. ਪੀ. ਓ. ਸੱਜਾਦ ਅਹਿਮਦ ਰਾਥਰ ਪੁੱਤਰ ਗੁਲਾਮ ਹਸਨ ਰਾਥਰ ਨਿਵਾਸੀ ਨਿਲੂਰਾ ਪੁਲਵਾਮਾ ਦੇ ਘਰ 'ਚ ਦਾਖਲ ਹੋਏ ਅਤੇ ਭੰਨਤੋੜ ਕੀਤੀ।


Related News