''ਮੈਲਬੌਰਨ ਮੀਟਸ ਮੋਦੀ'' ਸਮਾਗਮ ਲਈ ਭਾਰਤੀ ਭਾਈਚਾਰੇ ''ਚ ਭਾਰੀ ਉਤਸ਼ਾਹ; ਹਜ਼ਾਰਾਂ ਲੋਕਾਂ ਦੇ ਪਹੁੰਚਣ ਦੀ ਉਮੀਦ
Tuesday, Jul 07, 2026 - 12:27 PM (IST)
ਮੈਲਬੌਰਨ (ਮਨਦੀਪ ਸਿੰਘ ਸੈਣੀ )- ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 8 ਤੋਂ 10 ਜੁਲਾਈ ਤੱਕ ਸਰਕਾਰੀ ਦੌਰੇ 'ਤੇ ਮੈਲਬੌਰਨ ਆ ਰਹੇ ਹਨ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਆਸਟ੍ਰੇਲੀਆ ਵਿੱਚ ਸਵਾਗਤ ਕਰਨਗੇ, ਜਿੱਥੇ ਦੋਵੇਂ ਆਗੂ ਮੈਲਬੌਰਨ ਵਿਖੇ 'ਆਸਟ੍ਰੇਲੀਆ-ਭਾਰਤ ਸਾਲਾਨਾ ਲੀਡਰਜ਼ ਸਮਿਟ' ਲਈ ਅਹਿਮ ਮੁਲਾਕਾਤ ਕਰਨਗੇ। ਪ੍ਰਧਾਨ ਮੰਤਰੀ ਅਲਬਾਨੀਜ਼ ਨੇ ਭਾਰਤ ਨੂੰ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਤੇ ਸਭ ਤੋਂ ਤੇਜ਼ੀ ਨਾਲ ਵਧ ਰਹੀ ਆਰਥਿਕਤਾ ਵਜੋਂ ਆਸਟ੍ਰੇਲੀਆ ਦਾ ਇੱਕ ਬੇਹੱਦ ਮਹੱਤਵਪੂਰਨ ਆਰਥਿਕ ਅਤੇ ਰਣਨੀਤਕ ਭਾਈਵਾਲ ਦੱਸਿਆ ਹੈ, ਜੋ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਨੂੰ ਉਤਸ਼ਾਹਿਤ ਕਰਦਾ ਹੈ।
ਇਸ ਦੌਰੇ ਦੌਰਾਨ ਵੀਰਵਾਰ ਨੂੰ ਦੋਵੇਂ ਪ੍ਰਧਾਨ ਮੰਤਰੀ ਮੈਲਬਰਨ ਸ਼ਹਿਰ ਦੇ ਮਾਰਵਲ ਸਟੇਡੀਅਮ ਵਿੱਚ ਆਯੋਜਿਤ ਹੋਣ ਵਾਲੇ 'ਮੈਲਬੌਰਨ ਮੀਟਸ ਮੋਦੀ' ਨਾਮਕ ਇੱਕ ਵਿਸ਼ਾਲ ਅਤੇ ਇਤਿਹਾਸਕ ਭਾਈਚਾਰਕ ਸਮਾਗਮ ਵਿੱਚ ਇਕੱਠੇ ਸ਼ਿਰਕਤ ਕਰਨਗੇ, ਜਿਸ ਨੂੰ ਲੈ ਕੇ ਆਸਟ੍ਰੇਲੀਆ ਦੇ ਭਾਰਤੀ ਭਾਈਚਾਰੇ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਮੈਲਬੌਰਨ, ਜੋ ਕਿ ਆਸਟ੍ਰੇਲੀਆ ਦੀ ਸਭ ਤੋਂ ਵੱਡੀ ਭਾਰਤੀ ਆਬਾਦੀ ਵਾਲਾ ਸ਼ਹਿਰ ਹੈ, ਵਿਖੇ ਇਸ ਪੱਧਰ ਦਾ ਇਹ ਪਹਿਲਾ ਸਮਾਗਮ ਹੈ ਜਿਸ ਵਿੱਚ 25 ਹਜ਼ਾਰ ਤੋਂ ਵੱਧ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਕਰੀਬ ਦੋ ਘੰਟੇ ਤੱਕ ਚੱਲਣ ਵਾਲੇ ਇਸ ਰੰਗਾਰੰਗ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਭਾਈਚਾਰਕ ਸੰਸਥਾਵਾਂ ਅਤੇ ਸੈਕੜੇ ਵਾਲੰਟੀਅਰ ਦਿਨ-ਰਾਤ ਮਿਹਨਤ ਕਰ ਰਹੇ ਹਨ, ਜਿੱਥੇ ਵੱਖ ਵੱਖ ਪੇਸ਼ਕਾਰੀਆਂ ਰਾਹੀਂ ਭਾਰਤ ਦੀ ਅਮੀਰ ਸੱਭਿਆਚਾਰਕ ਵਿਰਾਸਤ ਅਤੇ 'ਅਨੇਕਤਾ ਵਿੱਚ ਏਕਤਾ' ਦਾ ਪ੍ਰਦਰਸ਼ਨ ਕੀਤਾ ਜਾਵੇਗਾ।
ਪੜ੍ਹੋ ਇਹ ਅਹਿਮ ਖ਼ਬਰ- ਹੋ ਗਿਆ ਬਲੈਕਆਊਟ! ਈਂਧਨ ਦੀ ਕਮੀ ਕਾਰਨ ਕਿਊਬਾ 'ਚ ਹਾਲਾਤ ਹੋਏ ਬਦਤਰ
ਸਥਾਨਕ ਭਾਰਤੀ ਭਾਈਚਾਰੇ ਨੂੰ ਉਮੀਦ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੀ ਇਸ ਫੇਰੀ ਨਾਲ ਆਸਟ੍ਰੇਲੀਆ ਵਿੱਚ ਰਹਿੰਦੇ ਭਾਰਤੀਆਂ ਦਾ ਮਾਣ-ਸਨਮਾਨ ਵਧੇਗਾ, ਨਸਲਵਾਦ ਵਰਗੀਆਂ ਚੁਣੌਤੀਆਂ ਨਾਲ ਨਜਿੱਠਣ ਵਿੱਚ ਮਦਦ ਮਿਲੇਗੀ ਅਤੇ ਦੋਵਾਂ ਦੇਸ਼ਾਂ ਵਿਚਾਲੇ ਆਯਾਤ-ਨਿਰਯਾਤ ਦੇ ਨਵੇਂ ਵਪਾਰਕ ਰਾਹ ਖੁੱਲ੍ਹਣਗੇ। ਦੂਜੇ ਪਾਸੇ ਇਸ ਦੌਰੇ ਨੂੰ ਲੈ ਕੇ ਕੁਝ ਸਿਆਸੀ ਵਿਰੋਧ ਵੀ ਸਾਹਮਣੇ ਆਇਆ ਹੈ, ਜਿੱਥੇ ਇੰਡੀਅਨ ਓਵਰਸੀਜ਼ ਕਾਂਗਰਸ ਆਸਟ੍ਰੇਲੀਆ ਨੇ ਇਸ ਸਮਾਗਮ ਨੂੰ ਸਿਰਫ਼ ਇੱਕ "ਸਿਆਸੀ ਚੋਣ ਪ੍ਰਚਾਰ" ਦੱਸਦਿਆਂ ਕਿਹਾ ਕਿ ਪ੍ਰਵਾਸੀ ਭਾਰਤੀ ਇਸ ਵੇਲੇ ਭਾਰਤ ਦੀ ਆਰਥਿਕਤਾ, ਊਰਜਾ ਸੰਕਟ ਅਤੇ ਸਮਾਜਿਕ ਧਰੁਵੀਕਰਨ ਨੂੰ ਲੈ ਕੇ ਚਿੰਤਤ ਹਨ, ਅਤੇ ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਸਰਕਾਰ ਨੂੰ ਵਿਦੇਸ਼ਾਂ ਵਿੱਚ ਰਹਿੰਦੇ ਪ੍ਰਵਾਸੀਆਂ ਲਈ ਚੋਣਾਂ ਵਿੱਚ ਵੋਟ ਪਾਉਣ ਦਾ ਕੋਈ ਪੱਕਾ ਤੰਤਰ ਬਣਾਉਣਾ ਚਾਹੀਦਾ ਹੈ। ਇਸ ਦੌਰਾਨ ਸੁਰੱਖਿਆ ਦੇ ਲਿਹਾਜ਼ ਨਾਲ ਆਸਟ੍ਰੇਲੀਅਨ ਫੈਡਰਲ ਪੁਲਿਸ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਇੱਕ ਵਿਅਕਤੀ ਨੂੰ ਅਧਿਕਾਰਤ ਤੌਰ 'ਤੇ ਸਖ਼ਤ ਚੇਤਾਵਨੀ ਦਿੱਤੀ ਹੈ, ਪਰ ਇਨ੍ਹਾਂ ਸਭ ਦੇ ਬਾਵਜੂਦ ਆਸਟ੍ਰੇਲੀਆ ਦਾ ਵੱਡਾ ਭਾਰਤੀ ਵਰਗ ਇਸ ਫੇਰੀ ਨੂੰ ਦੋਵਾਂ ਦੇਸ਼ਾਂ ਦੇ ਸੱਭਿਆਚਾਰਕ, ਰੱਖਿਆ ਅਤੇ ਆਰਥਿਕ ਸਬੰਧਾਂ ਨੂੰ ਇੱਕ ਨਵੀਂ ਉਚਾਈ 'ਤੇ ਲੈ ਜਾਣ ਵਾਲਾ ਇੱਕ ਸੁਨਹਿਰੀ ਅਤੇ ਇਤਿਹਾਸਕ ਮੌਕਾ ਮੰਨ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
