ਬੈਲਜੀਅਮ ’ਚ ਮੁਕੱਦਮਾ ਹਾਰਿਆ ਮੇਹੁਲ ਚੋਕਸੀ, ਭਾਰਤ ਵਾਪਸੀ ਦਾ ਰਾਹ ਹੋਇਆ ਪੱਧਰਾ
Wednesday, Oct 22, 2025 - 09:22 PM (IST)

ਨਵੀਂ ਦਿੱਲੀ- ਬੈਲਜੀਅਮ ਵਿਚ ਐਂਟਵਰਪ ਦੀ ਇਕ ਅਦਾਲਤ ਨੇ ਭਗੌੜੇ ਕਾਰੋਬਾਰੀ ਮੇਹੁਲ ਚੋਕਸੀ ਦੀ ਅਪੀਲ ਰੱਦ ਕਰ ਦਿੱਤੀ ਹੈ ਅਤੇ ਉਸਨੂੰ ਭਾਰਤ ਭੇਜਣ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਹੈ।
ਹੀਰਿਆਂ ਦੇਾ ਕਾਰੋਬਾਰੀ ਚੋਕਸੀ 13,000 ਕਰੋੜ ਦੇ ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਧੋਖਾਦੇਹੀ ਮਾਮਲੇ ਵਿਚ ਇਕ ਮੁੱਖ ਮੁਲਜ਼ਮ ਹੈ। ਅਦਾਲਤ ਨੂੰ ਮਾਮਲੇ ਦੀ ਸਮੀਖਿਆ ਕਰਨ ਤੋਂ ਬਾਅਦ ਪਤਾ ਲੱਗਾ ਕਿ ਉਸਦੀ ਹਵਾਲਗੀ ਲਈ ਸਾਰੀਆਂ ਕਾਨੂੰਨੀ ਸ਼ਰਤਾਂ ਪੂਰੀਆਂ ਹੁੰਦੀਆਂ ਹਨ। ਅਦਾਲਤ ਨੇ 2018 ਅਤੇ 2021 ਦੇ ਭਾਰਤੀ ਗ੍ਰਿਫਤਾਰੀ ਵਾਰੰਟਾਂ ਨੂੰ ਲਾਗੂ ਕਰਨ ਯੋਗ ਦੱਸਿਆ।
ਚੋਕਸੀ ਨੇ ਅਦਾਲਤ ਨੂੰ ਆਪਣੀ ਦਲੀਲ ਵਿਚ ਕਿਹਾ ਸੀ ਕਿ ਭਾਰਤ ਵਿਚ ਉਸਦੀ ਜਾਨ ਅਤੇ ਆਜ਼ਾਦੀ ਨੂੰ ਖ਼ਤਰਾ ਹੋਵੇਗਾ। ਉਸਨੇ ਇਹ ਵੀ ਦਾਅਵਾ ਕੀਤਾ ਕਿ ਉਹ ਸਿਆਸੀ ਤਸ਼ੱਦਦ ਦਾ ਸ਼ਿਕਾਰ ਹੈ ਅਤੇ ਉਸਨੂੰ ਨਿਰਪੱਖ ਸੁਣਵਾਈ ਨਹੀਂ ਮਿਲੇਗੀ। ਇਹੀ ਨਹੀਂ ਉਸਨੇ ਆਪਣੀ ਖਰਾਬ ਸਿਹਤ ਦਾ ਵੀ ਹਵਾਲਾ ਦਿੱਤਾ ਪਰ ਅਦਾਲਤ ਨੇ ਚੋਕਸੀ ਦੀਆਂ ਦਲੀਲਾਂ ਨੂੰ ਅਣਉੱਚਿਤ ਦੱਸਿਆ ਅਤੇ ਕਿਹਾ ਕਿ ਉਹ ਭਾਰਤ ਵਿਚ ਕਿਸੇ ਵੀ ਤਰ੍ਹਾਂ ਦੇ ਅਣਮਨੁੱਖੀ ਵਿਹਾਰ ਦੇ ਖਦਸ਼ੇ ਜਾਂ ਇਨਸਾਫ ਨਾ ਮਿਲਣ ਦੇ ‘ਅਸਲ ਜੋਖਮ’ ਨੂੰ ਸਾਬਤ ਨਹੀਂ ਕਰ ਸਕਿਆ ਹੈ।