ਪਾਕਿ PM ਨੇ ਮੋਦੀ ਨੂੰ ਕੀਤਾ ਫੋਨ, ਮਹਿਬੂਬਾ ਬੋਲੀ- ਗੱਲਬਾਤ ਹੀ ਇਕੋ-ਇਕ ਰਸਤਾ
Monday, May 27, 2019 - 11:46 AM (IST)

ਸ਼੍ਰੀਨਗਰ— ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਨਰਿੰਦਰ ਮੋਦੀ ਨੂੰ ਕੀਤੇ ਗਏ ਫੋਨ ਦਾ ਸਵਾਗਤ ਕੀਤਾ। ਮੁਫਤੀ ਨੇ ਕਿਹਾ ਕਿ ਦੋਹਾਂ ਦੇਸ਼ਾਂ ਵਿਚਾਲੇ ਮੁੱਦਿਆਂ ਦੇ ਹੱਲ ਲਈ ਗੱਲਬਾਤ ਹੀ ਇਕੋ-ਇਕ ਰਸਤਾ ਹੈ। ਦੱਸਣਯੋਗ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਐਤਵਾਰ ਨੂੰ ਨਰਿੰਦਰ ਮੋਦੀ ਨੂੰ ਫੋਨ ਕਰ ਕੇ ਉਨ੍ਹਾਂ ਦੀ ਜ਼ਬਰਦਸਤ ਜਿੱਤ ਲਈ ਉਨ੍ਹਾਂ ਨੂੰ ਵਧਾਈ ਦਿੱਤੀ।
ਇਸ 'ਤੇ ਮਹਿਬੂਬਾ ਮੁਫਤੀ ਨੇ ਟਵੀਟ ਕੀਤਾ, ''ਸਵਾਗਤਯੋਗ ਕਦਮ। ਭਾਰਤ ਅਤੇ ਪਾਕਿਸਤਾਨ ਵਿਚਾਲੇ ਲੰਬੇ ਸਮੇਂ ਤੋਂ ਪੈਂਡਿੰਗ ਮੁੱਦਿਆਂ ਦੇ ਹੱਲ ਲਈ ਗੱਲਬਾਤ ਹੀ ਇਕੋ-ਇਕ ਰਸਤਾ ਹੈ।'' ਜ਼ਿਕਰਯੋਗ ਹੈ ਕਿ ਮਹਿਬੂਬਾ ਮੁਫਤੀ ਜੰਮੂ-ਕਸ਼ਮੀਰ ਦੀ ਅਨੰਤਨਾਗ ਲੋਕ ਸਭਾ ਸੀਟ ਤੋਂ ਚੋਣ ਹਾਰ ਗਈ ਹੈ।
ਇੱਥੇ ਦੱਸ ਦੇਈਏ ਕਿ ਬਾਲਾਕੋਟ ਹਵਾਈ ਹਮਲੇ ਤੋਂ ਬਾਅਦ ਦੋਹਾਂ ਨੇਤਾਵਾਂ ਵਿਚਾਲੇ ਹੋਈ ਗੱਲਬਾਤ ਵਿਚ ਪੀ. ਐੱਮ. ਮੋਦੀ ਨੇ ਇਮਰਾਨ ਖਾਨ ਨੂੰ ਕਿਹਾ ਕਿ ਖੇਤਰ 'ਚ ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਲਈ ਸਹਿਯੋਗ ਨੂੰ ਹੱਲਾ-ਸ਼ੇਰੀ ਦੇਣ ਲਈ ਵਿਸ਼ਵਾਸ ਸਥਾਪਤ ਕਰਨਾ ਅਤੇ ਅੱਤਵਾਦ ਤੇ ਹਿੰਸਾ ਤੋਂ ਮੁਕਤ ਵਾਤਾਵਰਣ ਬਣਾਉਣ ਬਹੁਤ ਜ਼ਰੂਰੀ ਹੈ।