ਮੇਰਠ ਮਕਾਨ ਹਾਦਸਾ: ਇਕ ਹੀ ਪਰਿਵਾਰ ਦੇ 10 ਲੋਕਾਂ ਨੇ ਗੁਆਈ ਜਾਨ, 7 ਸਾਲਾ ਬੱਚੀ ਦਾ ਰੋ-ਰੋ ਕੇ ਬੁਰਾ ਹਾਲ

Monday, Sep 16, 2024 - 07:11 PM (IST)

ਮੇਰਠ- ਉੱਤਰ-ਪ੍ਰਦੇਸ਼ ਦੇ ਮੇਰਠ 'ਚ ਤਿੰਨ ਮੰਜ਼ਿਲਾ ਮਕਾਨ ਡਿੱਗਣ ਕਾਰਨ ਇਕ ਹੀ ਪਰਿਵਾਰ ਦੇ 10 ਲੋਕਾਂ ਦੀ ਮੌਤ ਹੋਣ ਤੋਂ ਬਾਅਦ ਸੰਘਣੀ ਆਬਾਦੀ ਵਾਲੇ ਇਲਾਕੇ ਜਾਕਿਰ ਕਲੋਨੀ 'ਚ ਸੋਗ ਦੀ ਲਹਿਰ ਹੈ। ਪ੍ਰਸ਼ਾਸਨ ਮੁਤਾਬਕ ਮੇਰਠ ਦੀ ਜ਼ਾਕਿਰ ਕਾਲੋਨੀ 'ਚ ਐਤਵਾਰ ਨੂੰ ਇਕ ਤਿੰਨ ਮੰਜ਼ਿਲਾ ਮਕਾਨ ਡਿੱਗਣ ਨਾਲ ਇਕ ਹੀ ਪਰਿਵਾਰ ਦੇ 10 ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ। ਮੇਰਠ ਦੇ ਇੰਚਾਰਜ ਮੰਤਰੀ ਧਰਮਪਾਲ ਸਿੰਘ ਨੇ ਅੱਜ ਹਾਦਸੇ ਦੇ ਪੀੜਤਾਂ ਨਾਲ ਮੁਲਾਕਾਤ ਕੀਤੀ ਅਤੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਵੀ ਲਿਆ। ਪੀੜਤ ਪਰਿਵਾਰਾਂ ਨੂੰ ਸਰਕਾਰੀ ਵਿੱਤੀ ਸਹਾਇਤਾ ਦੇਣ ਦੇ ਸਵਾਲ 'ਤੇ ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਜ਼ਿੰਦਗੀ ਦੀ ਕੋਈ ਕੀਮਤ ਨਹੀਂ ਹੁੰਦੀ।

ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਜਿਹੀਆਂ ਘਟਨਾਵਾਂ ਨੂੰ ਲੈ ਕੇ ਬਹੁਤ ਸੰਵੇਦਨਸ਼ੀਲ ਹਨ ਅਤੇ ਉਨ੍ਹਾਂ ਦੇ ਨਿਰਦੇਸ਼ਾਂ 'ਤੇ ਉਹ ਇੱਥੇ ਆਏ ਹਨ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਇਸ ਮੌਕੇ ਜ਼ਿਲ੍ਹਾ ਮੈਜਿਸਟਰੇਟ ਦੀਪਕ ਮੀਨਾ, ਸੀਨੀਅਰ ਪੁਲਸ ਕਪਤਾਨ ਵਿਪਨ ਟਾਂਡਾ, ਮੇਅਰ ਹਰੀਕਾਂਤ ਆਹਲੂਵਾਲੀਆ, ਛਾਉਣੀ ਦੇ ਵਿਧਾਇਕ ਅਮਿਤ ਅਗਰਵਾਲ ਆਦਿ ਹਾਜ਼ਰ ਸਨ। ਐਤਵਾਰ ਨੂੰ ਜਦੋਂ ਇਨ੍ਹਾਂ ਲੋਕਾਂ ਦੀਆਂ ਲਾਸ਼ਾਂ ਜ਼ਾਕਿਰ ਕਲੋਨੀ ਪਹੁੰਚੀਆਂ ਤਾਂ ਇਕੱਠੇ ਇੰਨੀਆਂ ਲਾਸ਼ਾਂ ਦੇਖ ਕੇ ਸਾਰਿਆਂ ਦੀਆਂ ਅੱਖਾਂ 'ਚ ਹੰਝੂ ਆ ਗਏ।

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪਹਿਲੀ ਵਾਰ ਇੰਨੀਆਂ ਲਾਸ਼ਾਂ ਇੱਕੋ ਸਮੇਂ ਸ਼ਮਸ਼ਾਨਘਾਟ ਵਿੱਚ ਪਹੁੰਚੀਆਂ ਸਨ ਅਤੇ ਦੇਰ ਸ਼ਾਮ ਉਨ੍ਹਾਂ ਨੂੰ ਅੰਤਿਮ ਸੰਸਕਾਰ ਕੀਤਾ ਗਿਆ। ਇਸ ਤੋਂ ਪਹਿਲਾਂ ਅੰਤਿਮ ਸੰਸਕਾਰ ਮੌਕੇ ਭਾਰੀ ਭੀੜ ਇਕੱਠੀ ਹੋ ਗਈ। ਹਾਦਸੇ ਕਾਰਨ ਜ਼ਾਕਿਰ ਕਲੋਨੀ ਹੀ ਨਹੀਂ ਸਗੋਂ ਆਸਪਾਸ ਦੇ ਇਲਾਕਿਆਂ ਦੀਆਂ ਦੁਕਾਨਾਂ ਅਤੇ ਬਾਜ਼ਾਰ ਬੰਦ ਰਹੇ। ਪੀੜਤ ਪਰਿਵਾਰ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਹਾਦਸੇ ਦੇ ਸਮੇਂ ਘਰ 'ਚ 15 ਲੋਕ ਮੌਜੂਦ ਸਨ। 

ਐਤਵਾਰ ਦੇਰ ਸ਼ਾਮ ਊਰਜਾ ਰਾਜ ਮੰਤਰੀ ਅਤੇ ਖੇਤਰ ਦੇ ਵਿਧਾਇਕ ਸੋਮੇਂਦਰ ਤੋਮਰ ਵੀ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਪਹੁੰਚੇ। ਰਾਜ ਮੰਤਰੀ ਨੇ ਪੀੜਤ ਪਰਿਵਾਰ ਨੂੰ ਹਰ ਸੰਭਵ ਸਰਕਾਰੀ ਮਦਦ ਦਾ ਭਰੋਸਾ ਦਿੱਤਾ ਹੈ। ਹਾਦਸੇ ਵਿੱਚ ਆਪਣੇ ਪਿਤਾ ਸਾਜਿਦ (40) ਅਤੇ ਭੈਣ ਸਾਨੀਆ (15) ਨੂੰ ਗੁਆਉਣ ਵਾਲੀ ਸੱਤ ਸਾਲਾ ਰੀਆ ਦਾ ਘਟਨਾ ਤੋਂ ਬਾਅਦ ਰੋ-ਰੋ ਕੇ ਬੁਰਾ ਹਾਲ ਹੈ।


Rakesh

Content Editor

Related News