ਦੇਸ਼ ਦੇ ਸੂਬਿਆਂ ’ਚ ਟੁੱਟੀ ਮੈਡੀਕਲ ਆਕਸੀਜਨ ਦੀ ਸਪਲਾਈ ਚੇਨ, ਵਧਣ ਲੱਗੀ ਮਾਰੋਮਾਰ

Saturday, Apr 24, 2021 - 02:36 PM (IST)

ਦੇਸ਼ ਦੇ ਸੂਬਿਆਂ ’ਚ ਟੁੱਟੀ ਮੈਡੀਕਲ ਆਕਸੀਜਨ ਦੀ ਸਪਲਾਈ ਚੇਨ, ਵਧਣ ਲੱਗੀ ਮਾਰੋਮਾਰ

ਨੈਸ਼ਨਲ ਡੈਸਕ (ਵਿਸ਼ੇਸ਼)- ਭਾਰਤ ’ਚ ਕੋਰੋਨਾ ਸੰਕਟ ਕਾਰਨ ਹਸਪਤਾਲਾਂ ’ਚ ਆਕਸੀਜਨ ਦੀ ਕਮੀ ਨੂੰ ਲੈ ਕੇ ਕਈ ਸੂਬਿਆਂ ’ਚ ਮਾਰੋਮਾਰ ਪਈ ਹੋਈ ਹੈ। ਭਾਰਤ ’ਚ ਮੈਡੀਕਲ ਆਕਸੀਜਨ ਦੀ ਕਮੀ ਨਹੀਂ ਹੈ, ਸਿਰਫ ਸਪਲਾਈ ਚੇਨ ’ਚ ਰੁਕਾਵਟ ਪੈਣ ਕਾਰਨ ਦੇਸ਼ ਦੇ ਹਸਪਤਾਲਾਂ ’ਚ ਆਕਸੀਜਨ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਕੇਂਦਰ ਸਰਕਾਰ ਨੇ ਆਕਸੀਜਨ ਦੀ ਸਪਲਾਈ ਨੂੰ ਸੁਚਾਰੂ ਕਰਨ ਲਈ ਕੰਟੇਨਰ ਦਰਾਮਦ ਕਰਨ ਦਾ ਫੈਸਲਾ ਲਿਆ ਹੈ, ਇਸ ਦਾ ਬਾਵਜੂਦ ਸੂਬਿਆਂ ’ਚ ਇਸ ਦੀ ਸਪਲਾਈ ਕਰਨਾ ਕੇਂਦਰ ਸਰਕਾਰ ਲਈ ਚੁਣੌਤੀ ਬਣਿਆ ਹੋਇਆ ਹੈ। ਭਾਰਤ ’ਚ ਰੋਜ਼ਾਨਾ 7100 ਮੀਟ੍ਰਿਕ ਟਨ ਆਕਸੀਜਨ ਦਾ ਉਤਪਾਦਨ ਕੀਤਾ ਜਾ ਸਕਦਾ ਹੈ ਅਤੇ 50 ਹਜ਼ਾਰ ਮੀਟ੍ਰਿਕ ਟਨ ਆਕਸੀਜਨ ਦਾ ਰਿਜ਼ਰਵ ਸਟਾਕ ਹੈ। ਇਸ ’ਚ ਇੰਡਸਟ੍ਰੀਅਲ ਆਕਸੀਜਨ ਵੀ ਸ਼ਾਮਲ ਹੈ। ਦੇਸ਼ ’ਚ ਮੈਡੀਕਲ ਆਕਸੀਜਨ (ਐੱਮ. ਓ.) ਦੀ ਮੰਗ ਇਸ ਸਮੇਂ ਕਰੀਬ 8 ਹਜ਼ਾਰ ਮੀਟ੍ਰਿਕ ਟਨ ਹੈ। ਇਸ ਦਰਮਿਆਨ ਸੰਕਟ ਕਾਰਨ ਸਿਰਫ ਸਪਲਾਈ ਸਬੰਧੀ ਰੁਕਾਵਟ ਹੈ। ਦਿੱਲੀ ਅਤੇ ਮਹਾਰਾਸ਼ਟਰ ਵਰਗੇ ਸੂਬਿਆਂ ’ਚ ਮੈਡੀਕਲ ਆਕਸੀਜਨ ਦੀ ਮੰਗ ਬਹੁਤ ਜ਼ਿਆਦਾ ਹੈ ਜਦੋਂ ਕਿ ਇਸ ਦਾ ਪ੍ਰੋਡਕਸ਼ਨ ਦੂਜੇ ਸੂਬਿਆਂ ’ਚ ਕੀਤਾ ਜਾ ਰਿਹਾ ਹੈ। ਅਜਿਹੇ ’ਚ ਆਕਸੀਜਨ ਦਾ ਸਹੀ ਤਰੀਕੇ ਨਾਲ ਟ੍ਰਾਂਸਪੋਟੇਸ਼ਨ ਹੀ ਕੋਰੋਨਾ ਦੇ ਮਰੀਜ਼ਾਂ ਲਈ ਸੰਜੀਵਨੀ ਸਾਬਤ ਹੋ ਸਕਦੀ ਹੈ।

ਹਸਪਤਾਲ ਕਰਨ ਲੱਗੇ ਕੋਰਟ ਦਾ ਰੁਖ਼

ਇਕ ਰਿਪੋਰਟ ਮੁਤਾਬਕ ਦਿੱਲੀ ਦੇ ਗੁਆਂਢੀ ਸੂਬੇ ਉੱਤਰ ਪ੍ਰਦੇਸ਼ ਅਤੇ ਹਰਿਆਣਾ ਤੋਂ ਦਿੱਲੀ ਦੇ ਹਸਪਤਾਲਾਂ ਨੂੰ ਆਕਸੀਜਨ ਮਿਲਣ ’ਚ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਿੱਲੀ ਦੇ ਹਸਪਤਾਲਾਂ ਨੂੰ ਉੱਤਰ ਪ੍ਰਦੇਸ਼ ਅਤੇ ਹਰਿਆਣਾ ਤੋਂ ਮੈਡੀਕਲ ਆਕਸੀਜਨ ਨਹੀਂ ਮਿਲ ਰਹੀ ਹੈ ਅਤੇ ਇਸ ਕਾਰਨ ਕਈ ਹਸਪਤਾਲਾਂ ਨੇ ਹੁਣ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਮੈਕਸ ਹਸਪਤਾਲ ਨੇ ਦਿੱਲੀ ਹਾਈਕੋਰਟ ’ਚ ਇਕ ਪਟੀਸ਼ਨ ਦਾਇਰ ਕੀਤੀ ਅਤੇ ਕਿਹਾ ਕਿ ਕੋਰੋਨਾ ਵਾਇਰਸ ਦਾ ਇਲਾਜਾ ਕਰਵਾ ਰਹੇ 1400 ਮਰੀਜ਼ਾਂ ਲਈ ਆਕਸੀਜਨ ਦੀ ਕਿੱਲਤ ਹੋ ਗਈ ਹੈ ਅਤੇ ਉਸ ਦੇ ਕੋਲ ਐੱਮ. ਓ. ਦਾ ਕੋਈ ਸਾਧਨ ਨਹੀਂ ਬਚਿਆ ਹੈ। ਇਸ ਤੋਂ ਬਾਅਦ ਕੋਰਟ ਨੇ ਕੇਂਦਰ ਸਰਕਾਰ ਨੂੰ ਆਦੇਸ਼ ਦਿੱਤਾ ਕਿ ਜਿਸ ਤਰ੍ਹਾਂ ਵੀ ਸੰਭਵ ਹੋਵੇ ਹਸਪਤਾਲ ਨੂੰ ਆਕਸੀਜਨ ਦੀ ਸਪਲਾਈ ਯਕੀਨੀ ਕਰਵਾਈ ਜਾਵੇ। ਇਸ ਤਰ੍ਹਾਂ ਦਿੱਲੀ ਦੇ ਰੋਹਿਣੀ ’ਚ ਸਰੋਜ ਸੁਪਰ ਸਪੈਸ਼ਲਿਟੀ ਹਸਪਤਾਲ ਵੀ ਹਾਈਕੋਰਟ ਦੀ ਸ਼ਰਣ ’ਚ ਪਹੁੰਚਿਆ ਸੀ ਕਿਉਂਕਿ ਉਥੇ ਵੀ ਮੈਡੀਕਲ ਆਕਸੀਜਨ ਦੀ ਕਿੱਲਤ ਹੋ ਗਈ ਹੈ।

PunjabKesari

ਵਧਾਈ ਜਾ ਸਕਦੀ ਹੈ ਸਪਲਾਈ

ਕੋਰੋਨਾ ਕਾਲ ਦੇ ਸ਼ੁਰੂਆਤ ਦੌਰ ’ਚ ਮੈਡੀਕਲ ਆਕਸੀਜਨ ਦੀ ਮੰਗ 700 ਮੀਟ੍ਰਿਕ ਟਨ ਹੀ ਸੀ। ਮਹਾਮਾਰੀ ਫੈਲਣ ਤੋਂ ਤੁਰੰਤ ਬਾਅਦ ਇਸ ਦੀ ਮੰਗ ਰੋਜ਼ਾਨਾ 2800 ਮੀਟ੍ਰਿਕ ਟਨ ਤੋਂ ਜ਼ਿਆਦਾ ਹੋ ਗਈ। ਇਸ ਤੋਂ ਬਾਅਦ ਇਹ 5500 ਮੀਟ੍ਰਿਕ ਟਨ ਹੋ ਗਈ ਅਤੇ ਹੁਣ ਭਿਆਨਕ ਸਥਿਤੀ ਹੈ। ਐੱਮਪਾਵਰਡ ਗਰੁੱਪ-ਈ. ਜੀ. ਨੇ ਵੀ ਇਸ ਗੱਲ ਨੂੰ ਮੰਨਿਆ ਹੈ ਕਿ ਦੇਸ਼ ’ਚ ਮੈਡੀਕਲ ਆਕਸੀਜਨ ਦੇ ਉਤਪਾਦਨ ਦੀ ਸਮਰੱਥਾ ਰੋਜ਼ਾਨਾ 7100 ਮੀਟ੍ਰਿਕ ਟਨ ਤੋਂ ਜ਼ਿਆਦਾ ਹੈ। ਦੱਸਿਆ ਜਾ ਰਿਹਾ ਹੈ ਕਿ ਈ. ਜੀ. 50,000 ਮੀਟ੍ਰਿਕ ਟਨ ਮੈਡੀਕਲ ਆਕਸੀਜਨ ਦੀ ਦਰਾਮਦ ਕਰਨ ਲਈ ਟੈਂਡਰ ਜਾਰੀ ਕਰ ਰਿਹਾ ਹੈ। ਇਸ ਤੋਂ ਇਲਾਵਾ ਵੱਡੇ ਹਸਪਤਾਲਾਂ ’ਚ ਆਨ ਸਾਈਟ ਐੱਮ. ਓ. ਪਲਾਂਟਾਂ ਨੂੰ ਤੁਲਨਾਤਮਕ ਮਾਮੂਲੀ ਲਾਗਤ ’ਤੇ ਬਣਾਇਆ ਜਾ ਸਕਦਾ ਹੈ। ਇਸ ਤਰ੍ਹਾਂ ਦੇ 162 ਪਲਾਂਟਸ ਲਈ ਹਾਲ ਹੀ ਦੇ ਇਕ ਟੈਂਡਰ ਦਾ ਸਿਰਫ 200 ਕਰੋੜ ਤੋਂ ਵੱਧ ਦੀ ਲਾਗਤ ਆਈ ਹੈ। ਆਕਸੀਜਨ ਸਿਲੰਡਰਾਂ ਦੀ ਕਮੀ ਰਚਨਾਤਮਕ ਸੋਚ ਦੇ ਨਾਲ ਪੂਰੀ ਕੀਤੀ ਜਾ ਸਕਦੀ ਹੈ ਅਤੇ ਆਕਸੀਜਨ ਦੀ ਸਪਲਾਈ ਨੂੰ ਵੀ ਵਧਾਇਆ ਜਾ ਸਕਦਾ ਹੈ।

PunjabKesari

ਆਕਸੀਜਨ ਉਤਪਾਦਨ ’ਚ ਜੁਟੀਆਂ ਸਟੀਲ ਕੰਪਨੀਆਂ

ਸਟੀਲ ਬਣਾਉਣ ਵਾਲੀਆਂ ਦੇਸ਼ ਦੀਆਂ ਵੱਡੀਆਂ ਕੰਪਨੀਆਂ ਨੇ ਆਕਸੀਜਨ ਦਾ ਉਤਪਾਦਨ ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਸਰਕਾਰ ਦੀ ਅਪੀਲ ਤੋਂ ਬਾਅਦ ਇਸ ਦੀ ਕੋਸ਼ਿਸ਼ ਸ਼ੁਰੂ ਕੀਤੀ ਹੈ। ਸਰਕਾਰ ਨੇ ਦੇਸ਼ ’ਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਸਟੀਲ ਕੰਪਨੀਆਂ ਨੂੰ ਆਕਸੀਜਨ ਦੀ ਸਪਲਾਈ ਵਧਾਉਣ ਦੀ ਅਪੀਲ ਕੀਤੀ ਸੀ। ਸੇਲ ਪਿਛਲੇ ਸਾਲ ਕੋਰੋਨਾ ਵਾਇਰਸ ਦੀ ਸ਼ੁਰੂਆਤ ਤੋਂ ਬਾਅਦ ਆਪਣੇ ਭਿਲਾਈ, ਬੋਕਾਰੋ, ਬਰਨਪੁਰ, ਦੁਰਗਾਪੁਰ ਅਤੇ ਰਾਊਰਕੇਲਾ ਪਲਾਂਟ ਤੋਂ ਕਰੀਬ 35,000 ਟਨ ਆਕਸੀਜਨ ਦੀ ਸਪਲਾਈ ਕੀਤੀ ਹੈ। ਟਾਟਾ ਸਟੀਲ, ਜੇ. ਐੱਸ. ਡਬਲਯੂ ਅਤੇ ਆਰਸੇਲਰ ਮਿੱਤਲ ਵਰਗੀਆਂ ਪ੍ਰਾਈਵੇਟ ਕੰਪਨੀਆਂ ਨੇ ਵੀ ਕਿਹਾ ਹੈ ਕਿ ਉਹ ਮੈਡੀਕਲ ਇਸਤੇਮਾਲ ਲਈ ਆਕਸੀਜਨ ਦੀ ਸਪਲਾਈ ਕਰ ਰਹੀਆਂ ਹਨ। ਇਹ ਕੰਪਨੀਆਂ ਪ੍ਰੋਡਕਸ਼ਨ ਵੀ ਵਧਾ ਰਹੀਆਂ ਹਨ। ਰਿਲਾਇੰਸ ਇੰਡਸਟਰੀਜ ਗੁਜਰਾਤ ਦੇ ਜਾਮਨਗਰ ਸਥਿਤ ਆਪਣੀ ਰਿਫਾਈਨਰੀ ਤੋਂ ਮਹਾਰਾਸ਼ਟਰ, ਗੁਜਰਾਤ, ਮੱਧ ਪ੍ਰਦੇਸ਼, ਦਮਨ ਅਤੇ ਦੀਵ ਅਤੇ ਸਿਲਵਾਲਾ ਦੇ ਹਸਪਤਾਲਾਂ ਨੂੰ ਆਕਸੀਜਨ ਦੀ ਸਪਲਾਈ ਕਰ ਰਹੀ ਹੈ। ਵੇਦਾਂਤਾ ਨੇ ਤੂਤੀਕੋਰਿਨ ਕਾਪਰ ਪਲਾਂਟ ਤੋਂ ਕਰੀਬ 1,050 ਟਨ ਆਕਸੀਜਨ ਦੀ ਸਪਲਾਈ ਦੀ ਪੇਸ਼ਕਸ਼ ਕੀਤੀ ਹੈ। ਇਹ ਕੰਪਨੀਆਂ ਖੁਦ ਦੇ ਇਸਤੇਮਾਲ ਲਈ ਆਕਸੀਜਨ ਦਾ ਉਤਪਾਦਨ ਕਰਦੀਆਂ ਹਨ। ਮੈਟਲ ਅਤੇ ਪੈਟਰੋਲੀਅਮ ਰਿਫਾਇਨਰੀਜ਼ ਸਮੇਤ ਕਈ ਉਦਯੋਗਿਕ ਉਤਪਾਦਨਾਂ ’ਚ ਆਕਸੀਜਨ ਦਾ ਇਸਤੇਮਾਲ ਹੁੰਦਾ ਹੈ।

PunjabKesari

ਭਾਰਤ ਨੂੰ ਰੂਸ ਮੁਹੱਈਆ ਕਰਵਾਏਗਾ ਮੈਡੀਕਲ ਆਕਸੀਜਨ ਅਤੇ ਰੈਮਡੇਸਿਵਰ

ਭਾਰਤ ’ਚ ਕੋਰੋਨਾ ਇਨਫੈਕਸ਼ਨ ਦੇ ਲਗਾਤਾਰ ਵਧਦੇ ਮਾਮਲਿਆਂ ਦਰਮਿਆਨ ਰੂਸ ਨੇ ਮੈਡੀਕਲ ਆਕਸਜੀਨ ਅਤੇ ਕੋਰੋਨਾ ਦਾ ਇਲਾਜ ’ਚ ਕੰਮ ਆਉਣ ਵਾਲੀ ਦਵਾਈ ਰੈਮਡੇਸਿਵਰ ਦੀ ਸਪਲਾਈ ਕਰਨ ਦਾ ਭਰੋਸਾ ਦਿੱਤਾ ਹੈ। ਭਾਰਤ ’ਚ ਅਗਲੇ 15 ਦਿਨਾਂ ’ਚ ਇਨ੍ਹਾਂ ਦੋਹਾਂ ਚੀਜ਼ਾਂ ਦੀ ਦਰਾਮਦ ਸ਼ੁਰੂ ਹੋ ਸਕਦੀ ਹੈ। ਭਾਰਤ ਨੂੰ ਰੂਸ 50 ਹਜ਼ਾਰ ਮੀਟ੍ਰਿਕ ਟਨ ਆਕਸੀਜਨ ਮੁਹੱਈਆ ਕਰਵਾ ਸਕਦਾ ਹੈ। ਭਾਰਤ ’ਚ ਹਸਪਤਾਲ ਆਕਸੀਜਨ ਦੀ ਸਪਲਾਈ ’ਚ ਗੰਭੀਰ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਕੋਰੋਨਾ ਦੇ ਇਲਾਜ ’ਚ ਕੰਮ ਆਉਣ ਵਾਲੀ ਦਵਾਈ ਰੈਮਡੇਸਿਵਰ ਦੀ ਵੀ ਕਿੱਲਤ ਹੋ ਗਈ ਹੈ।

ਅਗਲੇ ਹਫਤੇ ਮਿਲ ਸਕਦੀਆਂ ਹਨ ਰੈਮਡੇਸਿਵਰ ਇੰਜੈਕਸ਼ਨ ਦੀਆਂ 4 ਲੱਖ ਡੋਜ਼

PunjabKesari

ਰੂਸ ਨੇ ਭਾਰਤ ਨੂੰ ਕਿਹਾ ਹੈ ਕਿ ਉਹ ਹਰ ਹਫਤੇ ਰੈਮਡੇਸਿਵਰ ਇੰਜੈਕਸ਼ਨ ਦੀਆਂ 4 ਲੱਖ ਡੋਜ਼ ਮੁਹੱਈਆ ਕਰਵਾ ਸਕਦਾ ਹੈ। ਇਸ ਦੇ ਨਾਲ ਹੀ ਰੂਸ ਨੇ ਇਹ ਵੀ ਕਿਹਾ ਕਿ ਪਾਣੀ ਦੇ ਜਹਾਜ਼ ਰਾਹੀਂ ਆਕਸੀਜਨ ਸਪਲਾਈ ਦੀ ਸੰਭਾਵਨਾ ਲੱਭੀ ਜਾ ਰਹੀ ਹੈ। ਇਕ ਸਰਕਾਰੀ ਅਧਿਕਾਰੀ ਨੇ ਇਸ ਬਾਰੇ ਕਿਹਾ ਕਿ ਰੂਸ ਨੇ ਹਰ ਹਫਤੇ ਰੈਮਡੇਸਿਵਰ ਦੀ ਚਾਰ ਲੱਖ ਡੋਜ਼ ਸਪਲਾਈ ਕਰਨ ਦਾ ਭਰੋਸਾ ਦਿੱਤਾ ਹੈ। ਇਸ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਆਉਣ ਵਾਲੇ ਦਿਨਾਂ ’ਚ ਇਹ ਗਿਣਤੀ ਹੋਰ ਵਧ ਸਕਦੀ ਹੈ। ਇਸ ਦੇ ਨਾਲ ਹੀ ਭਾਰਤ ’ਚ ਪਾਣੀ ਦੇ ਜਹਾਜ਼ ਰਾਹੀਂ ਮੈਡੀਕਲ ਆਕਸੀਜਨ ਦੀ ਸਪਲਾਈ ਛੇਤੀ ਸ਼ੁਰੂ ਹੋ ਸਕਦੀ ਹੈ।

ਵੈਕਸੀਨ ’ਤੇ ਕਸਟਮ ਅਤੇ ਇੰਪੋਰਟ ਡਿਊਟੀ ’ਤੇ ਛੋਟ

PunjabKesari

ਭਾਰਤ ਸਰਕਾਰ ਨੇ ਕੁਝ ਦਿਨ ਪਹਿਲਾਂ ਹੀ ਕੋਰੋਨਾ ਦੇ ਇਲਾਜ ’ਚ ਕੰਮ ਆਉਣ ਵਾਲੀ ਵੈਕਸੀਨ ਤੋਂ ਕਸਟਮ ਡਿਊਟੀ ਹਟਾ ਦਿੱਤੀ ਹੈ। ਭਾਰਤ ਸਰਕਾਰ ਬਾਹਰ ਤੋਂ ਦਰਾਮਦ ਕੀਤੀ ਜਾਣ ਵਾਲੀ ਕੋਰੋਨਾ ਵੈਕਸੀਨ ’ਤੇ ਕਸਟਮ ਅਤੇ ਇੰਪੋਰਟ ਡਿਊਟੀ ’ਤੇ 10 ਫੀਸਦੀ ਦੀ ਛੋਟ ਦੇਵੇਗੀ। ਸਰਕਾਰ ਦੇ ਸੀਨੀਅਰ ਅਧਿਕਾਰੀ ਵਲੋਂ ਇਕ ਕੌਮਾਂਤਰੀ ਸਮਾਚਾਰ ਏਜੰਸੀ ਨੂੰ ਦਿੱਤੀ ਜਾਣਕਾਰੀ ਮੁਤਾਬਕ ਦੇਸ਼ ਭਰ ’ਚ ਕੋਰੋਨਾ ਦੇ ਮਾਮਲਿਆਂ ’ਚ ਲਗਾਤਾਰ ਆ ਰਹੇ ਉਛਾਲ ਨੂੰ ਦੇਖਦੇ ਹੋਏ ਵੈਕਸੀਨ ਦੀ ਸਪਲਾਈ ਨੂੰ ਯਕੀਨੀ ਕਰਨ ਲਈ ਇਹ ਕਦਮ ਚੁੱਕਿਆ ਗਿਆ ਹੈ।

ਇਸ ਲਈ ਵੀ ਹੋਈ ਐੱਮ. ਓ. ਦੀ ਕਿੱਲਤ

ਭਾਰਤ ਦੇ ਲਗਭਗ 50 ਫੀਸਦੀ ਆਕਸੀਜਨ ਦਾ ਉਤਪਾਦਨ ਕਰਨ ਵਾਲੇ ਇਨੋਕਸ ਇੰਡੀਆ ਮੁਤਾਬਕ ਭਾਰਤ ’ਚ ਮਹਾਮਾਰੀ ਦੇ ਸਮੇਂ ਵੀ ਆਕਸੀਜਨ ਦਾ ਉਤਪਾਦਨ ਕਰਨ ਦੀ ਸਮਰੱਥਾ ਹੈ। ਇਸ ਨੂੰ ਸੂਬਿਆਂ ’ਚ ਪਹੁੰਚਾਉਣ ਲਈ ਇਸ ਦੇ ਭੰਡਾਰਣ ਅਤੇ ਟ੍ਰਾਂਸਪੋਰਟੇਸ਼ਨ ਕਾਰਨ ਹਸਪਤਾਲਾਂ ’ਚ ਆਕਸੀਜਨ ਦੀ ਕਮੀ ਹੋਈ ਹੈ। ਕੁਝ ਸੂਬਿਆਂ ਨੇ ਆਕਸੀਜਨ ਦੇ ਦੂਜੇ ਸੂਬੇ ਸੂਬਿਆਂ ਲਈ ਸਪਲਾਈ ਨੂੰ ਰੋਕ ਦਿੱਤਾ ਸੀ, ਜਿਸ ਤੋਂ ਬਾਅਦ ਕੇਂਦਰ ਸਰਕਾਰ ਨੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਹ ਨਿਰਦੇਸ਼ ਦਿੱਤਾ ਕਿ ਉਹ ਆਕਸੀਜਨ ਲਿਜਾਣ ਵਾਲੇ ਵਾਹਨਾਂ ’ਤੇ ਕਿਸੇ ਵੀ ਤਰ੍ਹਾਂ ਦੀ ਪਾਬੰਦੀ ਨਹੀਂ ਲਗਾ ਸਕਦੇ।

ਐੱਮ. ਓ. ਉਤਪਾਦਨ ਪੂਰਬੀ ਭਾਰਤ ਅਤੇ ਮੰਗ ਪੱਛਮ ’ਚ

ਭਾਰਤ ’ਚ ਆਕਸੀਜਨ ਦਾ ਵੱਡੇ ਪੈਮਾਨੇ ’ਤੇ ਉਤਪਾਦਨ ਪੂਰਬੀ ਭਾਰਤ ’ਚ ਹੋ ਰਿਹਾ ਹੈ ਜਦੋਂ ਕਿ ਮੰਗ ਦੇਸ਼ ਭਰ ਦੇ ਪੱਛਮੀ ਅਤੇ ਹੋਰ ਹਿੱਸਿਆਂ ’ਚ ਹੈ। ਇਸ ਲਈ ਟ੍ਰਾਂਸਪੋਰਟੇਸ਼ਨ ਅਤੇ ਕੰਟੇਨਰਾਂ ਦੀ ਉਪਲਬਧਤਾ ਇਕ ਵੱਡੀ ਚੁਣੌਤੀ ਬਣੀ ਹੋਈ ਹੈ। ਜ਼ਿਆਦਾਤਰ ਗੈਸਾਂ ਵਾਂਗ ਆਕਸੀਜਨ ਨੂੰ ਵੀ ਠੰਡਾ ਹੋਣ ਤੋਂ ਬਾਅਦ ਤਰਲ ਪਦਾਰਥ ਦੇ ਰੂਪ ਇਕ ਥਾਂ ਤੋਂ ਦੂਜੀ ਥਾਂ ਲਿਜਾਇਆ ਜਾਂਦਾ ਹੈ। ਇਸ ਨੂੰ ਸਿਰਫ ਵਿਸ਼ੇਸ਼ ਕੰਟੇਨਰਾਂ ’ਚ ਰੱਖਿਆ ਜਾ ਸਕਦਾ ਹੈ ਜੋ ਉੱਚ ਦਬਾਅ ਅਤੇ ਘੱਟ ਤਾਪਮਾਨ ਲੈ ਸਕਦੇ ਹਨ। ਅਜਿਹੇ ਕ੍ਰਾਓਜੈਨਿਕ ਕੰਟੇਨਰਾਂ ਦੀ ਘਾਟ ਇਕ ਵੱਡੀ ਰੁਕਾਵਟ ਹੈ। ਕੋਵਿਡ ਇਨਫੈਕਸ਼ਨ ’ਚ ਵਾਧੇ ਕਾਰਨ ਆਕਸੀਜਨ ਸਿਲੰਡਰ ਮੰਗ ਦੀ ਗਿਣਤੀ ਵਧਦੀ ਜਾਏਗੀ।


author

Tanu

Content Editor

Related News