ਬਸਪਾ ਮੁਖੀ ਮਾਇਆਵਤੀ ਨੇ ਅਖਿਲੇਸ਼ ਯਾਦਵ ਤੇ ਸਪਾ ਨੂੰ ਲਿਆ ਲੰਮੇ ਹੱਥੀਂ, ਕਿਹਾ– ‘ਦਲਿਤ ਵਿਰੋਧੀ ਹੈ ਸਪਾ’
Tuesday, Jan 09, 2024 - 05:15 PM (IST)

ਨਵੀਂ ਦਿੱਲੀ (ਬਿਊਰੋ)– ਉੱਤਰ ਪ੍ਰਦੇਸ਼ ’ਚ ਸਮਾਜਵਾਦੀ ਪਾਰਟੀ ਤੇ ਬਹੁਜਨ ਸਮਾਜ ਪਾਰਟੀ (ਬਸਪਾ) ਨੂੰ ਇਕੋ ਮੰਚ ’ਤੇ ਲਿਆਉਣ ਦੀਆਂ ਕਾਂਗਰਸ ਦੀਆਂ ਕੋਸ਼ਿਸ਼ਾਂ ਨੂੰ ਵੱਡਾ ਝਟਕਾ ਲੱਗਾ ਹੈ। ਯੂ. ਪੀ. ਦੇ ਮਸ਼ਹੂਰ ਗੈਸਟ ਹਾਊਸ ਘੋਟਾਲੇ ਦੇ ਬਹਾਨੇ ਬਸਪਾ ਮੁਖੀ ਮਾਇਆਵਤੀ ਨੇ ਅਖਿਲੇਸ਼ ਯਾਦਵ ਤੇ ਸਪਾ ਨੂੰ ਲੰਮੇ ਹੱਥੀਂ ਲਿਆ ਹੈ। ਸੋਸ਼ਲ ਮੀਡੀਆ ’ਤੇ ਮਾਇਆਵਤੀ ਨੇ ਸਪਾ ਨੂੰ ਆਪਣੇ ਤੇ ਪਾਰਟੀ ਦੇ ਲੋਕਾਂ ਲਈ ਖ਼ਤਰਾ ਦੱਸਿਆ ਹੈ। ਮਾਇਆਵਤੀ ਦੇ ਇਸ ਬਿਆਨ ਤੋਂ ਬਾਅਦ ਉੱਤਰ ਪ੍ਰਦੇਸ਼ ਦੀ ਰਾਜਨੀਤੀ ’ਚ ਇਕ ਵਾਰ ਮੁੜ ਤੋਂ ਹਲਚਲ ਸ਼ੁਰੂ ਹੋ ਗਈ ਹੈ।
ਮਾਇਆਵਤੀ ਨੇ ਆਪਣੇ ਪਾਰਟੀ ਦਫ਼ਤਰ ਦੀ ਸੁਰੱਖਿਆ ਨੂੰ ਦੱਸਿਆ ਖ਼ਤਰਾ
ਮਾਇਆਵਤੀ ਨੇ ਲਿਖਿਆ, ‘‘ਸਪਾ ਨਾ ਸਿਰਫ਼ ਬੇਹੱਦ ਪੱਛੜੀ ਹੈ, ਸਗੋਂ ਦਲਿਤ ਵਿਰੋਧੀ ਪਾਰਟੀ ਵੀ ਹੈ। ਹਾਲਾਂਕਿ ਬੀ. ਐੱਸ. ਪੀ. ਨੇ ਪਿਛਲੀਆਂ ਲੋਕ ਸਭਾ ਚੋਣਾਂ ’ਚ ਸਪਾ ਨਾਲ ਗਠਜੋੜ ਕਰਕੇ ਆਪਣੀ ਦਲਿਤ ਵਿਰੋਧੀ ਰਣਨੀਤੀ, ਚਰਿੱਤਰ ਤੇ ਚਿਹਰਾ ਬਦਲਣ ਦੀ ਕੋਸ਼ਿਸ਼ ਕੀਤੀ ਪਰ ਚੋਣਾਂ ਖ਼ਤਮ ਹੋਣ ਤੋਂ ਬਾਅਦ ਹੀ ਸਪਾ ਮੁੜ ਆਪਣੇ ਦਲਿਤ ਵਿਰੋਧੀ ਜਾਤੀਵਾਦੀ ਏਜੰਡੇ ’ਤੇ ਵਾਪਸ ਆ ਗਈ। ਹੁਣ ਸਪਾ ਮੁਖੀ ਜਿਸ ਨਾਲ ਵੀ ਗਠਜੋੜ ਦੀ ਗੱਲ ਕਰਦਾ ਹੈ, ਉਸ ਦੀ ਪਹਿਲੀ ਸ਼ਰਤ ਬਸਪਾ ਤੋਂ ਦੂਰੀ ਬਣਾਈ ਰੱਖਣਾ ਹੈ, ਜਿਸ ਦਾ ਵਿਆਪਕ ਪ੍ਰਚਾਰ ਵੀ ਕੀਤਾ ਜਾਂਦਾ ਹੈ।’’
ਮਾਇਆਵਤੀ ਨੇ ਕਿਹਾ ਕਿ ਸਪਾ ਸਰਕਾਰ ਨੇ ਲਖਨਊ ’ਚ ਬਸਪਾ ਦਫ਼ਤਰ ਦੇ ਬੰਗਲੇ ’ਚ ਉੱਚਾ ਪੁੱਲ ਬਣਾ ਕੇ ਸਾਜ਼ਿਸ਼ ਰਚੀ ਹੈ, ਜਿਸ ਕਾਰਨ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਦੇ ਦਫ਼ਤਰ ਤੇ ਕਰਮਚਾਰੀਆਂ ਦੀ ਜਾਨ ਖ਼ਤਰੇ ’ਚ ਹੈ। ਮਾਇਆਵਤੀ ਨੇ ਯੋਗੀ ਸਰਕਾਰ ਤੋਂ ਵਿਸ਼ੇਸ਼ ਸੁਰੱਖਿਆ ਉਪਾਵਾਂ ਦੀ ਮੰਗ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ : ਰਾਮ ਮੰਦਰ 'ਚ ਐਂਟਰੀ ਲਈ ਲਾਜ਼ਮੀ ਹੈ ਇਨ੍ਹਾਂ ਨਿਯਮਾਂ ਦੀ ਪਾਲਣਾ, ਇਹ ਚੀਜ਼ਾਂ ਲਿਜਾਉਣ 'ਤੇ ਰਹੇਗੀ ਰੋਕ
ਮਾਇਆਵਤੀ ’ਤੇ ਅਖਿਲੇਸ਼ ਦਾ ਜਵਾਬੀ ਹਮਲਾ
ਇਥੇ ਅਖਿਲੇਸ਼ ਯਾਦਵ ਵੀ ਮਾਇਆਵਤੀ ਤੇ ਭਾਜਪਾ ’ਤੇ ਪਲਟਵਾਰ ਕਰਨ ਤੋਂ ਨਹੀਂ ਖੁੰਝੇ। ਅਖਿਲੇਸ਼ ਨੇ ਕਿਹਾ, ‘‘ਬਾਬੇ ਕੋਲ ਬੁਲਡੋਜ਼ਰ ਹੈ, ਉਹ ਚਾਹੁਣ ਤਾਂ ਪੁੱਲ ਨੂੰ ਢਾਹ ਸਕਦੇ ਹਨ।’’ ਅਖਿਲੇਸ਼ ਨੇ ਕਿਹਾ ਕਿ ਜਾਮ ਤੋਂ ਬਚਣ ਲਈ ਇਹ ਪੁੱਲ ਬਹੁਤ ਜ਼ਰੂਰੀ ਹਨ, ਜੋ ਕਿ ਰੇਲਵੇ ਤੇ ਫੌਜ ਤੋਂ NOC ਮਿਲਣ ਤੋਂ ਬਾਅਦ ਬਣਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕੁਝ ਲੋਕ ਪੁੱਲ ਨਾ ਬਣਨ ਦੇਣ ਦੀ ਸਾਜ਼ਿਸ਼ ਰਚ ਰਹੇ ਹਨ ਤੇ ਉਹ ਕੋਸ਼ਿਸ਼ ਕਰ ਰਹੇ ਹਨ ਕਿ ਰੱਖਿਆ ਮੰਤਰਾਲੇ ਤੋਂ NOC ਨਾ ਪ੍ਰਾਪਤ ਕੀਤੀ ਜਾਵੇ। ਜਦੋਂ ਸਰਕਾਰ ਨੇ ਆਪਣਾ ਮਾਮਲਾ ਤਤਕਾਲੀ ਲੈਫਟੀਨੈਂਟ ਜਨਰਲ ਤੇ ਫੌਜ ਦੇ ਜਵਾਨਾਂ ਅੱਗੇ ਪੇਸ਼ ਕੀਤਾ ਤਾਂ ਉਹ ਸਹਿਮਤ ਹੋ ਗਏ ਤੇ ਪੁੱਲ ਬਣਾਉਣ ਲਈ NOC ਦੇ ਦਿੱਤੀ।
ਬਸਪਾ ਆਖਿਰ ਕਿਸ-ਕਿਸ ਨੂੰ ਦੋਸ਼ ਦੇਵੇਗੀ?
ਅਖਿਲੇਸ਼ ਯਾਦਵ ਨੇ ਕਿਹਾ ਕਿ ਉਸ ਪੁੱਲ ਦੇ ਉਦਘਾਟਨ ਮੌਕੇ ਸਰਕਾਰ ਦੇ ਲੋਕਾਂ ਦੇ ਨਾਲ-ਨਾਲ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਐੱਨ. ਡੀ. ਤਿਵਾਰੀ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਉਹ ਕਈ ਵਾਰ ਰਾਤ ਨੂੰ ਜਾ ਕੇ ਪੁੱਲ ਦੇ ਨਿਰਮਾਣ ਕਾਰਜ ਦੀ ਪ੍ਰਗਤੀ ਦੇਖਣ ਜਾਂਦੇ ਹਨ ਤੇ ਬਸਪਾ ਆਖਿਰ ਕਿਸ-ਕਿਸ ਨੂੰ ਦੋਸ਼ੀ ਠਹਿਰਾਵੇਗੀ। ਸਾਲ 2014 ’ਚ ਤਤਕਾਲੀ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਰਾਜਧਾਨੀ ਦੇ ਮਾਲ ਐਵੇਨਿਊ ’ਤੇ ਸਥਿਤ ਬਸਪਾ ਸੂਬਾ ਹੈੱਡਕੁਆਰਟਰ ਦੇ ਸਾਹਮਣੇ ਬਣੇ ਓਵਰ ਬ੍ਰਿਜ ਦਾ ਉਦਘਾਟਨ ਕੀਤਾ ਸੀ।
ਭਾਜਪਾ ਵੀ ਇਸ ਵਿਵਾਦ ’ਚ ਕੁੱਦੀ
ਬਸਪਾ ਆਗੂਆਂ ਨੇ ਦੋਸ਼ ਲਾ ਕੇ ਇਸ ਦੀ ਉਸਾਰੀ ਦਾ ਸਖ਼ਤ ਵਿਰੋਧ ਕੀਤਾ ਸੀ। ਉਨ੍ਹਾਂ ਕਿਹਾ ਕਿ ਇਹ ਸਾਬਕਾ ਮੁੱਖ ਮੰਤਰੀ ਮਾਇਆਵਤੀ ਦੀ ਸੁਰੱਖਿਆ ਲਈ ਖ਼ਤਰਾ ਹੈ। ਇਸ ਦੌਰਾਨ ਸੂਬੇ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੇ ‘ਐਕਸ’ ’ਤੇ ਆਪਣੀ ਪ੍ਰਤੀਕਿਰਿਆ ’ਚ ਕਿਹਾ, ‘‘ਬਸਪਾ ਮੁਖੀ ਸ਼੍ਰੀਮਤੀ ਮਾਇਆਵਤੀ ਦੀ ਸੁਰੱਖਿਆ ਨੂੰ ਲੈ ਕੇ ਸਪਾ ’ਤੇ ਸ਼ੱਕ ਸਾਬਿਤ ਕਰਦਾ ਹੈ ਕਿ ਹੁਣ ਵੀ ਇਸ ਦਾ ਚਰਿੱਤਰ ਨਹੀਂ ਬਦਲਿਆ ਹੈ।’’
ਕੇਸ਼ਵ ਪ੍ਰਸਾਦ ਮੌਰਿਆ ਨੇ ਕਿਹਾ, ‘‘ਗੈਸਟ ਹਾਊਸ ਕਾਂਡ ’ਚ ਸਪਾ ਦੇ ਗੁੰਡਿਆਂ ਨੇ ਭੈਣ ਮਾਇਆਵਤੀ ਜੀ ਦੀ ਹੱਤਿਆ ਦੀ ਨਾਪਾਕ ਕੋਸ਼ਿਸ਼ ਕੀਤੀ ਸੀ। ਸਰਕਾਰ ਭੈਣ ਮਾਇਆਵਤੀ ਤੇ ਜਨਤਾ ਦੀ ਸੁਰੱਖਿਆ ਨੂੰ ਲੈ ਕੇ ਹਮੇਸ਼ਾ ਚੌਕਸ ਰਹੀ ਹੈ।’’ ਇਸ ਤੋਂ ਕੁਝ ਘੰਟੇ ਪਹਿਲਾਂ ਮੌਰਿਆ ਨੇ ‘ਐਕਸ’ ’ਤੇ ਇਕ ਵੱਖਰੇ ਸੰਦੇਸ਼ ’ਚ ਕਿਹਾ, ‘‘ਜੇਕਰ ਉੱਤਰ ਪ੍ਰਦੇਸ਼ ’ਚ ਸਪਾ ਬਹਾਦਰ ਸ਼੍ਰੀ ਅਖਿਲੇਸ਼ ਯਾਦਵ ਨੂੰ ਸੱਤਾ ਤੋਂ ਬਾਹਰ ਰੱਖਣਾ ਬੇਇਨਸਾਫ਼ੀ ਹੈ ਤਾਂ ਭਾਜਪਾ ਵਾਰ-ਵਾਰ ਇਹ ਬੇਇਨਸਾਫੀ ਕਰੇਗੀ।’’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਵਿਵਾਦ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।