ਮਾਇਆਵਤੀ ਨੇ ਮੁੜ ਖੋਹਿਆ ਆਕਾਸ਼ ਆਨੰਦ ਤੋਂ ਰਾਸ਼ਟਰੀ ਕਨਵੀਨਰ ਦਾ ਅਹੁਦਾ
Friday, Sep 04, 2026 - 11:00 AM (IST)
ਲਖਨਊ (ਏਜੰਸੀ)- 2027 ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਵਿਚਾਲੇ ਬਸਪਾ ਮੁਖੀ ਮਾਇਆਵਤੀ ਨੇ ਆਪਣੇ ਭਤੀਜੇ ਅਤੇ ਪਾਰਟੀ ਦੇ ਰਾਸ਼ਟਰੀ ਕਨਵੀਨਰ ਆਕਾਸ਼ ਆਨੰਦ ਨੂੰ ਇਕ ਵਾਰ ਫਿਰ ਵੱਡੀ ਜ਼ਿੰਮੇਵਾਰੀ ਤੋਂ ਹਟਾ ਦਿੱਤਾ ਹੈ। ਬਸਪਾ ਦੀ ਕੌਮੀ ਬੈਠਕ ’ਚ ਮਾਇਆਵਤੀ ਨੇ ਕਿਹਾ ਕਿ ਆਕਾਸ਼ ਆਨੰਦ ਅਜੇ ਸਿਆਸੀ ਤੌਰ ’ਤੇ ‘ਸਿਆਣੇ’ ਨਹੀਂ ਹੋਏ ਹਨ। ਉਹ ਪਾਰਟੀ ’ਚ ਕੰਮ ਕਰਦੇ ਰਹਿਣਗੇ, ਪਰ ਫਿਲਹਾਲ ਉਨ੍ਹਾਂ ਨੂੰ ਕੋਈ ਵੱਡੀ ਜ਼ਿੰਮੇਵਾਰੀ ਨਹੀਂ ਦਿੱਤੀ ਜਾਵੇਗੀ। ਆਕਾਸ਼ ਆਨੰਦ ਨੂੰ ਪਿਛਲੇ ਸਾਲ ਮਈ ’ਚ ਚੀਫ ਨੈਸ਼ਨਲ ਕੋ-ਆਰਡੀਨੇਟਰ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ।
ਮਾਇਆਵਤੀ ਦੇ ਤਾਜ਼ਾ ਫੈਸਲੇ ਤੋਂ ਬਾਅਦ ਉਨ੍ਹਾਂ ਆਪਣੀ ਐਕਸ ਪ੍ਰੋਫਾਈਲ ’ਚ ਵੀ ਬਦਲਾਅ ਕੀਤਾ ਅਤੇ ਰਾਸ਼ਟਰੀ ਕਨਵੀਨਰ ਦੀ ਬਜਾਏ ਖੁਦ ਨੂੰ ਬਸਪਾ ਵਰਕਰ ਦੱਸਿਆ। ਆਕਾਸ਼ ਆਨੰਦ ਨੂੰ ਇਸ ਤੋਂ ਪਹਿਲਾਂ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਨੈਸ਼ਨਲ ਕੋ-ਆਰਡੀਨੇਟਰ ਅਹੁਦੇ ਤੋਂ ਹਟਾਇਆ ਗਿਆ ਸੀ। ਹਾਲਾਂਕਿ, ਲੱਗਭਗ ਇਕ ਮਹੀਨੇ ਬਾਅਦ ਜੂਨ ’ਚ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਬਹਾਲ ਕਰ ਦਿੱਤੀਆਂ ਗਈਆਂ ਸਨ। ਮਾਰਚ 2025 ’ਚ ਇਕ ਵਿਵਾਦ ਤੋਂ ਬਾਅਦ ਉਨ੍ਹਾਂ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ ਸੀ। ਬਾਅਦ ’ਚ ਮੁਆਫੀ ਮੰਗਣ ਤੋਂ ਬਾਅਦ ਉਨ੍ਹਾਂ ਨੂੰ ਲੱਗਭਗ ਇਕ ਮਹੀਨੇ ’ਚ ਫਿਰ ਪਾਰਟੀ ’ਚ ਸ਼ਾਮਲ ਕਰ ਲਿਆ ਗਿਆ।
ਸਾਰੀਆਂ ਚੋਣਾਂ ਇਕੱਲਿਆਂ ਲੜੇਗੀ ਬਸਪਾ
ਬੈਠਕ ’ਚ ਮਾਇਆਵਤੀ ਨੇ ਐਲਾਨ ਕੀਤਾ ਕਿ ਬਸਪਾ ਪੂਰੇ ਦੇਸ਼ ’ਚ ਸਾਰੀਆਂ ਛੋਟੀਆਂ-ਵੱਡੀਆਂ ਚੋਣਾਂ ਇਕੱਲਿਆਂ ਲੜੇਗੀ। ਉਨ੍ਹਾਂ ਕਾਂਗਰਸ ਨੂੰ ਦਲਿਤ ਅਤੇ ਅੰਬੇਡਕਰ ਵਿਰੋਧੀ ਪਾਰਟੀ ਦੱਸਦੇ ਹੋਏ ਕਿਹਾ ਕਿ ਬਸਪਾ ਕਿਸੇ ਹੋਰ ਪਾਰਟੀ ਨਾਲ ਗੱਠਜੋੜ ਨਹੀਂ ਕਰੇਗੀ। ਮਾਇਆਵਤੀ ਨੇ ਬਸਪਾ ਸੰਸਥਾਪਕ ਕਾਂਸ਼ੀ ਰਾਮ ਦੇ ਸਿਧਾਂਤਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਪਾਰਟੀ ਦੇ ਕੰਮ ’ਚ ਸਹਿਯੋਗ ਦੀ ਇਜਾਜ਼ਤ ਦਿੱਤੀ ਸੀ, ਪਰ ਸੱਤਾ ’ਚ ਆਉਣ ਤੋਂ ਬਾਅਦ ਉਨ੍ਹਾਂ ਨੂੰ ਚੋਣ ਟਿਕਟ ਜਾਂ ਸਰਕਾਰੀ ਪੋਸਟ ਦੇਣ ਦੇ ਪੱਖ ’ਚ ਨਹੀਂ ਸਨ। ਉਨ੍ਹਾਂ ਕਿਹਾ ਕਿ ਉਹ ਵੀ ਇਸ ਸਿਧਾਂਤ ਲਈ ਪੂਰੀ ਤਰ੍ਹਾਂ ਵਚਨਬੱਧ ਹਨ। ਬੈਠਕ ’ਚ ਮਾਇਆਵਤੀ ਨੇ ਪਾਰਟੀ ਦੇ ਕੰਮਕਾਜ ਦੀ ਸਮੀਖਿਆ ਕੀਤੀ ਅਤੇ ਸੰਗਠਨ ਦੀਆਂ ਕਮੀਆਂ ਨੂੰ ਦੂਰ ਕਰਨ ਦੇ ਹੁਕਮ ਦਿੱਤੇ। ਉਨ੍ਹਾਂ ਅਹੁਦੇਦਾਰਾਂ ਅਤੇ ਵਰਕਰਾਂ ਤੋਂ ਪਾਰਟੀ ਲਈ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਕੰਮ ਕਰਨ ਨੂੰ ਕਿਹਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
