'ਹੰਗਰ ਇੰਡੇਕਸ' ਮਗਰੋਂ ਸਾਡਾ ਮਨੁੱਖੀ ਵਿਕਾਸ ਸੂਚਕ ਅੰਕ ’ਚ ਵੀ ਪਛੜਨਾ ਚਿੰਤਾ ਦਾ ਵਿਸ਼ਾ!
Tuesday, Dec 22, 2020 - 03:24 PM (IST)
ਭੁੱਖਮਰੀ ਤੋਂ ਬਾਅਦ ਹੁਣ ਸੰਯੁਕਤ ਰਾਸ਼ਟਰ ਦੇ ਮਨੁੱਖੀ ਵਿਕਾਸ ਸੂਚਕ ਅੰਕ ’ਚ ਵੀ ਭਾਰਤ ਦਾ ਫਿਸਲਣਾ ਦੇਸ਼ ਨੂੰ ਸਹੀ ਅਰਥਾਂ ’ਚ ਮੁਹੱਬਤ ਕਰਨ ਵਾਲਿਆਂ ਲਈ ਯਕੀਨਨ ਇਕ ਵੱਡੀ ਚਿੰਤਾ ਦਾ ਵਿਸ਼ਾ ਹੈ।ਹਾਲ ਹੀ ’ਚ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਵਲੋਂ ਜਾਰੀ 2020 ਰਿਪੋਰਟ ਅਨੁਸਾਰ ਮਨੁੱਖੀ ਵਿਕਾਸ ਸੂਚਕ ਅੰਕ ’ਚ ਭਾਰਤ 189 ਦੇਸ਼ਾਂ ’ਚੋਂ ਦੋ ਪਾਇਦਾਨ ਹੇਠਾਂ ਖਿਸਕ ਕੇ 131 ’ਤੇ ਆ ਗਿਆ ਹੈ। ਜਦੋਂ ਕਿ ਪਿਛਲੇ ਸਾਲ 129 ਸਥਾਨ ਤੇ ਸੀ। ਇਥੇ ਜ਼ਿਕਰਯੋਗ ਹੈ ਕਿ ਮਨੁੱਖੀ ਵਿਕਾਸ ਸੂਚਕਾਂਕ ਕਿਸੇ ਦੇਸ਼ ਦੀ ਸਿਹਤ, ਸਿੱਖਿਆ ਅਤੇ ਰਹਿਣ ਦੇ ਮਿਆਰਾਂ ਦਾ ਮਾਪ ਆਧਾਰਿਤ ਇਕ ਰਿਪੋਰਟ ਹੋਇਆ ਕਰਦੀ ਹੈ। ਇਸ ਵਰ੍ਹੇ 2020 ਦੀ ਜਾਰੀ ਹੋਈ ਰਿਪੋਰਟ 'ਚ ਜੋ ਖੁਲਾਸਾ ਹੋਇਆ ਹੈ ਉਸ ਅਨੁਸਾਰ ਮਨੁੱਖੀ ਵਿਕਾਸ ਰਿਪੋਰਟ ’ਚ 2019 ’ਚ ਭਾਰਤੀਆਂ ਦੀ ਸੰਭਾਵਿਤ ਉਮਰ ਦਰ 69.7 ਸਾਲ ਸੀ ਜਦੋਂ ਕਿ ਬੰਗਲਾਦੇਸ਼ ’ਚ ਇਹ ਦਰ 72.6 ਸਾਲ ਸੀ। ਰਿਪੋਰਟ ’ਚ ਦਿਖਾਇਆ ਗਿਆ ਹੈ ਕਿ ਨਾਰਵੇ ਇੰਡੈਕਸ ’ਚ ਪਹਿਲੇ ਨੰਬਰ ‘ਤੇ ਹੈ ਅਤੇ ਉਸ ਤੋਂ ਬਾਅਦ ਆਇਰਲੈਂਡ, ਸਵਿਟਜ਼ਰਲੈਂਡ, ਹਾਂਗ ਕਾਂਗ ਅਤੇ ਆਈਸਲੈਂਡ ਆਦਿ ਦੇਸ਼ ਆਉਂਦੇ ਹਨ। ਰਿਪੋਰਟ ਨੂੰ ਤਿਆਰ ਕਰਨ ਸਮੇਂ ਜਿਨ੍ਹਾਂ ਪੈਰਾਮੀਟਰਾਂ ਨੂੰ ਆਧਾਰ ਬਣਾਇਆ ਜਾਂਦਾ ਹੈ ਉਸ ’ਚ ਜਿਉਣ ਦੀ ਸੰਭਾਵਿਤ ਅਵਧੀ, ਸਿੱਖਿਆ ਅਤੇ ਆਮਦਨ ਨੂੰ ਇਕ ਸੰਗਠਤ ਅਤੇ ਮਿਸ਼ਰਤ ਅੰਕੜਾਤਮਕ ਪੈਮਾਨੇ ਤੇ ਮਾਪਿਆ ਜਾਂਦਾ ਹੈ ਇਨ੍ਹਾਂ ਸਭ ਦੇ ਆਧਾਰ ਤੇ ਹੀ ਦੁਨੀਆ ਦੇ ਵੱਖ-ਵੱਖ ਦੇਸ਼ਾਂ ਜਾਂ ਖੇਤਰਾਂ ਦੇ ਮਾਨਵੀ ਵਿਕਾਸ ਦੀ ਦਸ਼ਾ ਦੀ ਦਰਜਾਬੰਦੀ ਕੀਤੀ ਜਾਂਦੀ ਹੈ।
ਪਹਿਲੀ ਵਾਰ ਰਿਪੋਰਟ ਤਿਆਰ ਕਰਨ ਵਾਲੇ ਵਿਅਕਤੀ
ਇਥੇ ਜ਼ਿਕਰਯੋਗ ਹੈ ਕਿ ਭਾਰਤ ਦੇ ਪ੍ਰਸਿੱਧ ਅਰਥ ਸ਼ਾਸਤਰੀ ਅਮਰਤਿਆ ਸੇਨ ਅਤੇ ਪਾਕਿਸਤਾਨ ਦੇ ਅਰਥ ਸ਼ਾਸ਼ਤਰੀ ਮਹਿਬੂਬ-ਅਲ-ਹੱਕ ਇਸ ਉਕਤ ਸੂਚਕ ਅੰਕ ਨੂੰ ਤਿਆਰ ਕਰਨ ਵਾਲੇ ਬਾਨੀਆਂ ’ਚੋਂ ਹਨ, ਇਨ੍ਹਾਂ ਨੇ ਹੀ 1990 ’ਚ ਇਸ ਨੂੰ ਪਹਿਲੀ ਵਾਰ ਤਿਆਰ ਕੀਤਾ ਸੀ ਜਿਸ ਉਪਰੰਤ ਯੂਨਾਈਟਿਡ ਨੇਸ਼ਨ ਡਿਵੈਲਪਮੈਂਟ ਪ੍ਰੋਗਰਾਮ ਨੇ ਇਸ ਨੂੰ ਪ੍ਰਕਾਸ਼ਿਤ ਕੀਤਾ। ਇਸੇ ਦੇ ਅਧਾਰ ਤੇ ਹੁਣ ਯੂਨਾਈਟਿਡ ਨੈਸ਼ਨ ਡਿਵੈਲਪਮੈਂਟ ਪ੍ਰੋਗਰਾਮ ਹਰ ਸਾਲ ਵਿਸ਼ਵ ਮਨੁੱਖੀ ਵਿਕਾਸ ਰਿਪੋਰਟ ਤਿਆਰ ਕਰਦਾ ਹੈ ਜਿਸ ਦੇ ਤਹਿਤ ਵਿਸ਼ਵ ਦੇ ਅਲੱਗ-ਅਲੱਗ ਦੇਸ਼ਾਂ ਦੀ ਮਾਨਵੀ ਵਿਕਾਸ ਦੇ ਮਿਆਰ ਅਨੁਸਾਰ ਦਰਜਾਬੰਦੀ ਕੀਤੀ ਜਾਂਦੀ ਹੈ। ਉਕਤ ਰਿਪੋਰਟ ਮੁਤਾਬਕ ਸਾਲ 2020 ’ਚ ਮਨੁੱਖੀ ਵਿਕਾਸ ਸੂਚਕ ਅੰਕ ਦੀ ਸੂਚੀ ’ਚ ਭਾਰਤ ਨੂੰ 131ਵਾਂ ਸਥਾਨ ਪ੍ਰਾਪਤ ਹੋਇਆ ਹੈ। ਇਸ ਸੂਚੀ ’ਚ ਕੁੱਲ 179 ਦੇਸ਼ ਸ਼ਾਮਲ ਕੀਤੇ ਗਏ ਹਨ।
ਇਹ ਵੀ ਪੜ੍ਹੋ:ਕੀ ਤੁਸੀਂ ਅਜੇ ਵੀ ਨਹੀਂ ਜਾਣਦੇ ਕੀ ਨੇ ਖੇਤੀਬਾੜੀ ਕਾਨੂੰਨ ਤੇ ਕਿਉਂ ਹੋ ਰਿਹੈ ਵਿਰੋਧ ਤਾਂ ਪੜ੍ਹੋ ਇਹ ਖ਼ਾਸ ਰਿਪੋਰਟ
ਮਨੁੱਖੀ ਵਿਕਾਸ ਸੂਚਕ ਦੇ ਪੱਧਰ ਦਾ ਮਾਪ
ਇਥੇ ਜਿਕਰਯੋਗ ਹੈ ਕਿ ਮਨੁੱਖੀ ਵਿਕਾਸ ਸੂਚਕ ਅੰਕ ਦਰਅਸਲ ਕਿਸੇ ਦੇਸ਼ ਦੇ ਸਿਹਤ, ਸਿੱਖਿਆ ਅਤੇ ਜੀਵਨ ਦੇ ਪੱਧਰ ਦਾ ਮਾਪ ਹੈ। ਮਨੁੱਖੀ ਵਿਕਾਸ ਰਿਪੋਰਟ ਅਨੁਸਾਰ ਸਾਲ 2019 ’ਚ ਭਾਰਤੀਆਂ ਦੀ ਉਮਰ ਦੀ ਉਮੀਦ 69.7 ਸਾਲ ਸੀ। ਬੰਗਲਾਦੇਸ਼ ’ਚ ਇਹ 72.6 ਸਾਲ ਅਤੇ ਪਾਕਿਸਤਾਨ ’ਚ 67.3 ਸਾਲ ਸੀ। ਰਿਪੋਰਟ ਮੁਤਾਬਕ ਭੂਟਾਨ 129ਵੇਂ ਸਥਾਨ ’ਤੇ, ਬੰਗਲਾਦੇਸ਼ 133ਵੇਂ ਸਥਾਨ ’ਤੇ, ਨੇਪਾਲ 142ਵੇਂ ਸਥਾਨ ’ਤੇ ਅਤੇ ਪਾਕਿਸਤਾਨ 154ਵੇਂ ਸਥਾਨ ’ਤੇ ਰਿਹਾ। ਜਦੋਂ ਕਿ ਸੂਚਕ ਅੰਕ ’ਚ ਨਾਰਵੇ ਸਭ ਤੋਂ ਉੱਪਰ ਰਿਹਾ ਅਤੇ ਉਸ ਤੋਂ ਬਾਅਦ ਆਇਰਲੈਂਡ, ਸਵਿਟਜ਼ਰਲੈਂਡ, ਹਾਂਗਕਾਂਗ ਅਤੇ ਆਇਸਲੈਂਡ ਰਹੇ ਹਨ । ਭਾਵੇਂ ਉਕਤ ਸੂਚਕ ਅੰਕ ਦੇ ਸੰਦਰਭ ’ਚ ਯੂ.ਐੱਨ.ਡੀ.ਪੀ. ਦੇ ਰੈਜ਼ੀਡੈਂਟ ਪ੍ਰਤੀਨਿਧੀ ਸ਼ੋਕੋ ਨੋਡਾ ਦਾ ਇਹ ਵੀ ਆਖਣਾ ਹੈ ਕਿ ਭਾਰਤ ਦੀ ਰੈਂਕਿੰਗ ’ਚ ਕਮੀ ਦਾ ਇਹ ਅਰਥ ਨਹੀਂ ਹੈ ਕਿ ‘ਭਾਰਤ ਨੇ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਸਗੋਂ ਇਸ ਦਾ ਅਰਥ ਹੈ ਕਿ ਹੋਰ ਦੇਸ਼ਾਂ ਨੇ ਬਿਹਤਰ ਕੀਤਾ।’ ਨੋਡਾ ਹੁਰਾਂ ਦਾ ਇਹ ਵੀ ਕਹਿਣਾ ਹੈ ਕਿ ਭਾਰਤ ਦੂਜੇ ਦੇਸ਼ਾਂ ਦੀ ਮਦਦ ਕਰ ਸਕਦਾ ਹੈ। ਉਨ੍ਹਾਂ ਨੇ ਭਾਰਤ ਵੱਲੋਂ ਕਾਰਬਨ ਉਤਸਰਜਨ ਘੱਟ ਕਰਨ ਦੀਆਂ ਕੋਸ਼ਿਸ਼ਾਂ ਦੀ ਵੀ ਤਾਰੀਫ਼ ਕੀਤੀ। ਜਦੋਂ ਕਿ ਪਿਛਲੇ ਦਿਨੀਂ ਜਾਰੀ ਰਿਪੋਰਟ ਮੁਤਾਬਕ ਕਮਾਉਣ ਦੀ ਤਾਕਤ ਬਰਾਬਰੀ (ਪੀਪੀਪੀ) ਦੇ ਆਧਾਰ ’ਤੇ 2018 ’ਚ ਭਾਰਤ ਦੀ ਪ੍ਰਤੀ ਵਿਅਕਤੀ ਕੁੱਲ ਰਾਸ਼ਟਰੀ ਆਮਦਨ 6829 ਅਮਰੀਕੀ ਡਾਲਰ ਸੀ ਜੋ 2019 ’ਚ ਡਿੱਗ ਕੇ 6681 ਡਾਲਰ ਹੋ ਗਈ। ਇਸ ਤੋਂ ਪਹਿਲਾਂ ਗਲੋਬਲ ਹੰਗਰ ਇੰਡੈਕਸ ਅੰਕੜਿਆਂ ’ਚ ਵੀ ਭਾਰਤ ਨੂੰ ਨਾਮੋਸ਼ੀ ਝੱਲਣੀ ਪਈ ਸੀ। ਗਲੋਬਲ ਹੰਗਰ ਇੰਡੇਕਸ 2019 ’ਚ ਭਾਰਤ ਵਿਸ਼ਵ ਦੇ ਉਨ੍ਹਾਂ 117 ਦੇਸ਼ਾਂ ’ਚੋਂ 102ਵੇਂ ਨੰਬਰ ਤੇ ਰਿਹਾ ਹੈ ਜਿਥੇ ਬੱਚਿਆਂ ਦੀ ਲੰਬਾਈ ਦੇ ਅਨੁਸਾਰ ਵਜਨ ਨਹੀਂ ਹੈ ਤੇ ਬਾਲ ਮੌਤ ਦਰ ਵਧੇਰੇ ਹੈ ਅਤੇ ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨ। ਇਹ ਰਿਪੋਰਟ ਕਿਸੇ ਦੇਸ਼ ’ਚ ਕੁਪੋਸ਼ਣ ਦੇ ਅਨੁਪਾਤ, ਪੰਜ ਸਾਲ ਤੋਂ ਘੱਟ ਉਮਰ ਤੋਂ ਕੰਮ ਵਾਲੇ ਬੱਚੇ ਜਿਨ੍ਹਾਂ ਦਾ ਵਜਨ ਜਾਂ ਲੰਬਾਈ ਉਮਰ ਦੇ ਹਿਸਾਬ ਤੋਂ ਘੱਟ ਹੈ ਅਤੇ ਪੰਜ ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ’ਚ ਮਿ੍ਰਤਕ ਦਰ ਦੇ ਆਧਾਰ ਤੇ ਤਿਆਰ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ: ਦਾਦੇ ਤੋਂ ਪੋਤੇ ਨੂੰ ਲੱਗੀ ਕਿਸਾਨੀ ਘੋਲ ਦੀ ਲੋਅ,ਮੁਜ਼ਾਹਰੇ ਚ ਨਿੱਤਰੀਆਂ ਤਿੰਨ ਪੀੜ੍ਹੀਆਂ,ਵੇਖੋ ਤਸਵੀਰਾਂ
ਵਿਸ਼ਵ 'ਚ ਭਾਰਤ ਦਾ ਖ਼ਰਾਬ ਪ੍ਰਦਰਸ਼ਨ
ਭਾਰਤ ਸਾਲ 2014 ’ਚ 55ਵੇਂ ਸਥਾਨ ਤੇ ਸੀ। ਉਥੇ ਭਾਰਤ ਸਾਲ 2015 ’ਚ 80ਵੇਂ ਸਥਾਨ ਤੇ, ਸਾਲ 2016 ’ਚ 97ਵੇਂ ਸਥਾਨ ਤੇ, ਸਾਲ 2017 ’ਚ 100ਵੇਂ ਸਥਾਨ ਤੇ ਅਤੇ ਸਾਲ 2018 ’ਚ 103ਵੇਂ ਸਥਾਨ ਤੇ ਸੀ। ਜਦੋਂ ਕਿ ਸਾਲ 2010 ’ਚ 95ਵੇਂ ਸਥਾਨ ਤੇ ਸੀ।ਵਿਸ਼ਵ ’ਚ ਬੱਚਿਆਂ ਦੇ ਮਾਮਲੇ ’ਚ ਸਭ ਤੋਂ ਖਰਾਬ ਪ੍ਰਦਰਸ਼ਨ ਯਮਨ, ਜਿਬੂਤੀ ਅਤੇ ਭਾਰਤ ਦਾ ਰਿਹਾ ਜਿਨ੍ਹਾਂ ਦਾ 17.9 %ਤੋਂ 20.8% ਦੇ ਵਿਚਕਾਰ ਹੈ। ਰਿਪੋਰਟ ਅਨੁਸਾਰ ਭਾਰਤ ’ਚ 6 ਤੋਂ 23 ਮਹੀਨੇ ਵਿਚਕਾਰਲੀ ਉਮਰ ਦੇ ਮਹਿਜ 9.6% ਬੱਚਿਆਂ ਨੂੰ ਹੀ " ਨਿਊਨਤਮ ਸਵੀਕਾਰਿਆ ਆਹਾਰ ਦਿੱਤਾ ਜਾਂਦਾ ਹੈ। ਰਿਪੋਰਟ ’ਚ 2016-18 ਦੇ ਵਿਚਕਾਰ ਕਰਵਾਏ ਇਕ ਸਰਵੇ ਦੇ ਆਧਾਰ ਤੇ ਦੱਸਿਆ ਹੈ ਕਿ ਭਾਰਤ 35 % ਬੱਚੇ ਛੋਟੇ ਕੱਦ ਦੇ ਹਨ ਜਦਕਿ 17 % ਫੀਸਦੀ ਬੱਚੇ ਕਮਜ਼ੋਰ ਪਾਏ ਗਏ ਸਨ।ਗਲੋਬਲ ਹੰਗਰ ਇੰਡੈਕਸ ਅੰਕੜਿਆਂ ਅਨੁਸਾਰ ਭਾਰਤ 117 ਦੇਸ਼ਾਂ ਦੀ ਸੂਚੀ ’ਚ 102ਵੇਂ ਸਥਾਨ ਤੇ ਸੀ ਜਦੋਂ ਕਿ ਗੁਆਂਢੀ ਦੇਸ਼ਾਂ ’ਚ ਨੇਪਾਲ, ਪਾਕਿਸਤਾਨ ਅਤੇ ਬੰਗਲਾਦੇਸ਼ ਭਾਰਤ ਨਾਲੋਂ ਬਿਹਤਰ ਸਥਿਤੀ ’ਚ ਸਨ। ਇਸ ਤਰ੍ਹਾਂ ਹੀ ਰਿਪੋਰਟ ਬੇਲਾਰੂਸ, ਯੂਕਰੇਨ, ਤੁਰਕੀ, ਕਿਊਬਾ ਅਤੇ ਕੁਵੈਤ ਸਮੇਤ 17 ਦੇਸ਼ ਪੰਜ ਤੋਂ ਘੱਟ ਵਾਲੇ ਅੰਕਾਂ ਵਿੱਚੋਂ ਉਪਰਲੇ ਸਥਾਨਾਂ ਤੇ ਹਨ ਇਸ ਸੰਦਰਭ ਵਿੱਚ ਆਇਰਲੈਂਡ ਦੀ ਏਜੰਸੀ "ਕੰਸਰਨ ਵਰਲਡ ਵਾਈਡ" ਅਤੇ ਜਰਮਨੀ ਦੇ ਸੰਗਠਨ" ਵੇਲਟ ਹੰਗਰ ਹਿਲਫੇ " ਦੁਆਰਾ ਸਾਂਝੇ ਰੂਪ ’ਚ ਤਿਆਰ ਕੀਤੀ ਰਿਪੋਰਟ ’ਚ ਭਾਰਤ ਦੀ ਭੁੱਖਮਰੀ ਦੀ ਸਮੱਸਿਆ ਨੂੰ ਗੰਭੀਰ ਗਰਦਾਨਿਆ ਗਿਆ ਸੀ।
ਮਾਹਿਰਾਂ ਦਾ ਕਹਿਣਾ ਹੈ ਕਿ ਅੱਜ ਲੋੜ ਹੈ ਦੇਸ਼ ਦੇ ਸਰਵਪੱਖੀ ਵਿਕਾਸ ਲਈ ਹੰਭਲਾ ਮਾਰਨ ਦੀ ਇਸ ਦੇ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਨਫ਼ਰਤ ਦੀ ਰਾਜਨੀਤੀ ਨੂੰ ਤਿਆਗੇ ਤੇ ਮੁਹੱਬਤ ਅਤੇ ਵਿਸ਼ਵਾਸ ਦਾ ਵਾਤਾਵਰਣ ਬਣਾਵੇ, ਕਿਉਂਕਿ ਡਰ ਅਤੇ ਨਫ਼ਰਤ ਦੇ ਮਾਹੌਲ ’ਚ ਕੋਈ ਰਾਸ਼ਟਰ ਕਦੀ ਵੀ ਹਕੀਕੀ ਤਰੱਕੀ ਨਹੀਂ ਕਰ ਸਕਦਾ। ਨਾ ਹੀ ਕੁਪੋਸ਼ਣ ਤੇ ਭੁੱਖਮਰੀ ਦੇ ਸ਼ਿਕਾਰ ਬੱਚਿਆਂ ਤੋਂ ਕਿਸੇ ਮਨੁੱਖੀ ਵਿਕਾਸ ਸੂਚਕ ਅੰਕ ਵਾਲੇ ਵਧੀਆ ਰਾਸ਼ਟਰ ਦੀ ਉਮੀਦ ਰੱਖੀ ਜਾ ਸਕਦੀ ਹੈ ...!!!
ਅੱਬਾਸ ਧਾਲੀਵਾਲ
ਮਲੇਰਕੋਟਲਾ ।
ਨੋਟ: ਇਸ ਆਰਟੀਕਲ ਬਾਰੇ ਤੁਹਾਡੀ ਕੀ ਰਾਏ ਹੈ ਕੁਮੈਂਟ ਕਰਕੇ ਦੱਸੋ