ਕਰੋੜਾਂ ਦੇ ਪਟਾਕੇ ਖ਼ਰੀਦ ਚੁੱਕੇ ਜਲੰਧਰ ਦੇ ਪਟਾਕਾ ਕਾਰੋਬਾਰੀਆਂ ਦੀ ਵਧੀ ਚਿੰਤਾ! ਪੂਰਾ ਮਾਮਲਾ ਕਰੇਗਾ ਹੈਰਾਨ
Saturday, Oct 24, 2026 - 02:39 PM (IST)
ਜਲੰਧਰ (ਖੁਰਾਣਾ, ਮਾਹੀ)-ਪਠਾਨਕੋਟ ਰੋਡ ’ਤੇ ਸਥਿਤ ਪਿੰਡ ਰਾਓਵਾਲੀ ਵਿਚ 5.5 ਏਕੜ ਜ਼ਮੀਨ ’ਤੇ ਅਸਥਾਈ ਪਟਾਕਾ ਮਾਰਕੀਟ ਲਾਉਣ ਦੀ ਯੋਜਨਾ ਨੂੰ ਵੱਡਾ ਝਟਕਾ ਲੱਗਾ ਹੈ। ਪਿੰਡ ਦੀ ਪੰਚਾਇਤ ਦੇ ਵਿਰੋਧ ਤੋਂ ਬਾਅਦ ਹੁਣ ਲੋਕਲ ਕੋਰਟ ਨੇ ਇਸ ਜ਼ਮੀਨ 'ਤੇ ਪਟਾਕਾ ਮਾਰਕੀਟ ਸਥਾਪਤ ਕਰਨ ਅਤੇ ਚਲਾਉਣ 'ਤੇ ਅਗਲੀ ਸੁਣਵਾਈ ਤੱਕ ਰੋਕ ਲਾ ਦਿੱਤੀ ਹੈ। ਸਿਵਲ ਜੱਜ ਜੂਨੀਅਰ ਡਿਵੀਜ਼ਨ ਗੁਰਪ੍ਰੀਤ ਸਿੰਘ ਦੀ ਅਦਾਲਤ ਨੇ 23 ਅਕਤੂਬਰ ਨੂੰ ਇਹ ਹੁਕਮ ਜਾਰੀ ਕੀਤਾ। ਮਾਮਲੇ ਦੀ ਅਗਲੀ ਸੁਣਵਾਈ 29 ਅਕਤੂਬਰ ਨੂੰ ਹੋਵੇਗੀ। ਅਦਾਲਤ ਦੇ ਇਸ ਹੁਕਮ ਨਾਲ ਸ਼ਹਿਰ ਦੇ ਪਟਾਕਾ ਕਾਰੋਬਾਰੀਆਂ ਦੀ ਚਿੰਤਾ ਵਧ ਗਈ ਹੈ। ਦੀਵਾਲੀ 8 ਨਵੰਬਰ ਨੂੰ ਹੈ ਅਤੇ ਇਸ ਤਿਉਹਾਰ 'ਚ ਹੁਣ ਬਹੁਤ ਘੱਟ ਸਮਾਂ ਬਚਿਆ ਹੈ। ਅਜਿਹੇ 'ਚ ਕਾਰੋਬਾਰੀਆਂ ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਅਦਾਲਤ ਤੋਂ ਰਾਹਤ ਕਦੋਂ ਮਿਲੇਗੀ, ਮਿਲੇਗੀ ਵੀ ਜਾਂ ਨਹੀਂ, ਮਾਰਕੀਟ 'ਚ ਦੁਕਾਨਾਂ ਦੀ ਉਸਾਰੀ ਕਦੋਂ ਸ਼ੁਰੂ ਹੋਵੇਗੀ ਅਤੇ ਕਾਰੋਬਾਰੀ ਦੀਵਾਲੀ ਤੋਂ ਪਹਿਲਾਂ ਕਰੋੜਾਂ ਰੁਪਏ ਦਾ ਪਟਾਕਾ ਕਾਰੋਬਾਰ ਕਿਵੇਂ ਕਰ ਸਕਣਗੇ।
ਇਹ ਵੀ ਪੜ੍ਹੋ: ਨਸ਼ੇ ਖ਼ਿਲਾਫ਼ ਜਲੰਧਰ ਦੇ CP ਸਤਿੰਦਰ ਸਿੰਘ ਦੀ ਸਖ਼ਤੀ! ਜਾਰੀ ਕੀਤੀਆਂ ਹਦਾਇਤਾਂ, ਹੌਟਸਪਾਟਸ 'ਤੇ....
ਜ਼ਿਕਰਯੋਗ ਹੈ ਕਿ ਸ਼ਹਿਰ ਦੇ ਵਧੇਰੇ ਪਟਾਕਾ ਕਾਰੋਬਾਰੀ ਪਹਿਲਾਂ ਹੀ ਕਰੋੜਾਂ ਰੁਪਏ ਦੇ ਪਟਾਕੇ ਖ਼ਰੀਦ ਚੁੱਕੇ ਹਨ। ਉਨ੍ਹਾਂ ਨੂੰ ਉਮੀਦ ਸੀ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਪ੍ਰਵਾਨਗੀ ਮਗਰੋਂ ਰਾਓਵਾਲੀ ਵਿਚ ਅਸਥਾਈ ਪਟਾਕਾ ਮਾਰਕੀਟ ਤਿਆਰ ਹੋ ਜਾਵੇਗੀ ਅਤੇ ਦੀਵਾਲੀ ਤੋਂ ਪਹਿਲਾਂ ਵਿਕਰੀ ਸ਼ੁਰੂ ਹੋ ਜਾਵੇਗੀ। ਅਜਿਹੇ ਵਿਚ ਉਥੇ ਦੁਕਾਨਾਂ ਦੀ ਉਸਾਰੀ ਤੱਕ ਸ਼ੁਰੂ ਹੋ ਗਈ ਸੀ ਪਰ ਪਹਿਲਾਂ ਪਿੰਡ ਦੀ ਪੰਚਾਇਤ ਦੇ ਵਿਰੋਧ ਅਤੇ ਹੁਣ ਅਦਾਲਤ ਦੀ ਰੋਕ ਤੋਂ ਬਾਅਦ ਕਾਰੋਬਾਰੀਆਂ ਦੀ ਚਿੰਤਾ ਵਧ ਗਈ ਹੈ। ਕਾਰੋਬਾਰੀਆਂ ਨੂੰ ਡਰ ਹੈ ਕਿ ਜੇਕਰ ਮਾਮਲਾ ਜਲਦ ਨਾ ਸੁਲਝਿਆ ਤਾਂ ਉਨ੍ਹਾਂ ਲਈ ਪਟਾਕੇ ਵੇਚਣ ਦੀ ਵਿਵਸਥਾ ਕਰਨਾ ਮੁਸ਼ਕਿਲ ਹੋ ਸਕਦਾ ਹੈ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ਜ਼ਿਲ੍ਹੇ 'ਚ ਮਾਈਨਿੰਗ ਦੀ ਜਾਂਚ 'ਤੇ CBI ਦਾ ਸ਼ਿਕੰਜਾ! ਅਧਿਕਾਰੀ ਤੇ ਪਟਵਾਰੀ ਤਲਬ
ਗ੍ਰਾਮ ਪੰਚਾਇਤ ਨੇ ਅਦਾਲਤ ਤੱਕ ਪਹੁੰਚਾਇਆ ਮਾਮਲਾ
ਜ਼ਿਕਰਯੋਗ ਹੈ ਕਿ ਪਿੰਡ ਰਾਓਵਾਲੀ ਵਿਚ 5.5 ਏਕੜ ਜ਼ਮੀਨ ’ਤੇ ਅਸਥਾਈ ਪਟਾਕਾ ਮਾਰਕੀਟ ਲਾਉਣ ਦੀ ਜ਼ਿਲ੍ਹਾ ਪ੍ਰਸ਼ਾਸਨ ਤੋਂ ਪ੍ਰਵਾਨਗੀ ਮਿਲਣ ਦੇ ਬਾਅਦ ਪਿੰਡ ਦੀ ਪੰਚਾਇਤ ਨੇ ਇਸ ਦਾ ਵਿਰੋਧ ਸ਼ੁਰੂ ਕਰ ਦਿੱਤਾ ਸੀ। ਪਿੰਡ ਦੇ ਸਰਪੰਚ ਜਸਬੀਰ ਸਿੰਘ ਰਾਣਾ ਨੇ ਡਿਪਟੀ ਕਮਿਸ਼ਨਰ ਨੂੰ ਮੰਗ-ਪੱਤਰ ਦੇ ਕੇ ਦੋਸ਼ ਲਾਇਆ ਸੀ ਕਿ ਮਾਰਕੀਟ ਲਾਉਣ ਦਾ ਫ਼ੈਸਲਾ ਪੰਚਾਇਤ ਨੂੰ ਭਰੋਸੇ 'ਚ ਲਏ ਬਿਨਾਂ ਕੀਤਾ ਗਿਆ ਹੈ। ਪੰਚਾਇਤ ਨੇ ਆਲੇ-ਦੁਆਲੇ ਫੈਕਟਰੀਆਂ, ਰਿਹਾਇਸ਼ੀ ਮਕਾਨ, ਮਜ਼ਦੂਰਾਂ ਦੇ ਪਰਿਵਾਰ, ਦੋ ਪੈਟਰੋਲ ਪੰਪ ਅਤੇ ਹਸਪਤਾਲ ਹੋਣ ਕਾਰਨ ਸੁਰੱਖਿਆ ਨੂੰ ਲੈ ਕੇ ਚਿੰਤਾ ਪ੍ਰਗਟਾਈ ਸੀ। ਪੰਚਾਇਤ ਦਾ ਕਹਿਣਾ ਸੀ ਕਿ ਪਟਾਕਾ ਮਾਰਕੀਟ ਲੱਗਣ ਨਾਲ ਅੱਗ ਲੱਗਣ ਜਾਂ ਕਿਸੇ ਹੋਰ ਹਾਦਸੇ ਦਾ ਖ਼ਤਰਾ ਵਧ ਸਕਦਾ ਹੈ। ਇਸ ਤੋਂ ਇਲਾਵਾ ਤੰਗ ਸੜਕਾਂ ’ਤੇ ਟ੍ਰੈਫਿਕ ਦਾ ਦਬਾਅ ਵਧਣ ਅਤੇ ਕੈਪੀਟਲ ਤੇ ਫੋਰਟਿਸ ਹਸਪਤਾਲ ਆਉਣ-ਜਾਣ ਵਾਲੇ ਮਰੀਜ਼ਾਂ ਅਤੇ ਐਂਬੂਲੈਂਸ ਨੂੰ ਪ੍ਰੇਸ਼ਾਨੀ ਹੋਣ ਦਾ ਖ਼ਦਸ਼ਾ ਵੀ ਪ੍ਰਗਟਾਇਆ ਗਿਆ ਸੀ।
ਲਗਭਗ 300 ਦਿਹਾਤੀਆਂ ਨੇ ਕੀਤਾ ਸੀ ਵਿਰੋਧ
ਗ੍ਰਾਮ ਪੰਚਾਇਤ ਵੱਲੋਂ ਐਡਵੋਕੇਟ ਅੰਕੁਰ ਬੰਸਲ ਜ਼ਰੀਏ ਅਦਾਲਤ 'ਚ ਦਾਇਰ ਕੇਸ 'ਚ ਕਿਹਾ ਗਿਆ ਕਿ 10 ਅਕਤੂਬਰ ਨੂੰ ਪਿੰਡ 'ਚ ਆਮ ਇਜਲਾਸ ਬੁਲਾ ਕੇ ਪਟਾਕਾ ਮਾਰਕੀਟ ਲਾਉਣ ਦੇ ਵਿਰੋਧ ਵਿਚ ਮਤਾ ਪਾਸ ਕੀਤਾ ਗਿਆ ਸੀ। ਇਸ ਮਤੇ ’ਤੇ ਲਗਭਗ 300 ਦਿਹਾਤੀਆਂ ਨੇ ਦਸਤਖ਼ਤ ਕੀਤੇ ਸਨ। ਪੰਚਾਇਤ ਨੇ 10 ਅਕਤੂਬਰ ਨੂੰ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਨੂੰ ਵੀ ਸ਼ਿਕਾਇਤ ਦਿੱਤੀ ਸੀ।
ਇਹ ਵੀ ਪੜ੍ਹੋ: MLA ਲਾਡੀ ਸ਼ੇਰੋਵਾਲੀਆ ਨੂੰ ਡੂੰਘਾ ਸਦਮਾ, ਵੱਡੇ ਚਚੇਰੇ ਭਰਾ ਦੀ ਅਮਰੀਕਾ 'ਚ ਮੌਤ
ਅਦਾਲਤ ਨੇ ਪੰਚਾਇਤ ਵੱਲੋਂ ਪੇਸ਼ ਕੀਤੇ ਗਏ ਦਸਤਾਵੇਜ਼ਾਂ, ਤਸਵੀਰਾਂ, ਸਾਈਟ ਪਲਾਨ ਅਤੇ ਹੋਰ ਰਿਕਾਰਡ ਨੂੰ ਵੇਖਣ ਤੋਂ ਬਾਅਦ ਸਬੰਧਤ ਜ਼ਮੀਨ ’ਤੇ ਪਟਾਕਾ ਮਾਰਕੀਟ ਸਥਾਪਤ ਕਰਨ ਅਤੇ ਚਲਾਉਣ ’ਤੇ ਅਗਲੀ ਸੁਣਵਾਈ ਤੱਕ ਰੋਕ ਲਾ ਦਿੱਤੀ। ਅਦਾਲਤ ਨੇ ਸਬੰਧਤ ਧਿਰਾਂ ਨੂੰ ਨੋਟਿਸ ਜਾਰੀ ਕਰਦਿਆਂ ਮਾਮਲੇ ਦੀ ਅਗਲੀ ਸੁਣਵਾਈ 29 ਅਕਤੂਬਰ ਤੈਅ ਕੀਤੀ ਹੈ। ਫਿਲਹਾਲ ਕਾਰੋਬਾਰੀਆਂ ਦੀਆਂ ਨਜ਼ਰਾਂ 29 ਅਕਤੂਬਰ ਦੀ ਸੁਣਵਾਈ ’ਤੇ ਟਿਕੀਆਂ ਹਨ। ਹੁਣ ਦੇਖਣਾ ਹੋਵੇਗਾ ਕਿ ਅਦਾਲਤ ਦੇ ਅਗਲੇ ਹੁਕਮਾਂ ਤੋਂ ਬਾਅਦ ਰਾਓਵਾਲੀ ਵਿਚ ਅਸਥਾਈ ਪਟਾਕਾ ਮਾਰਕੀਟ ਲਾਉਣ ਦਾ ਰਸਤਾ ਖੁੱਲ੍ਹਦਾ ਹੈ ਜਾਂ ਕਾਰੋਬਾਰੀਆਂ ਦੀ ਚਿੰਤਾ ਹੋਰ ਵਧਦੀ ਹੈ। ਇਹ ਵੀ ਸੰਭਵ ਹੈ ਕਿ ਇਸ ਮਾਰਕੀਟ ਨੂੰ ਲੈ ਕੇ ਲੰਮੇ ਸਮੇਂ ਤੋਂ ਯਤਨਸ਼ੀਲ ਪਟਾਕਾ ਕਾਰੋਬਾਰੀਆਂ ਦੀਆਂ ਐਸੋਸੀਏਸ਼ਨਾਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਨਿਕਲ ਪੈਣ।
ਇਹ ਵੀ ਪੜ੍ਹੋ: ਅਕਾਲੀ ਦਲ 'ਚ ਵਾਪਸੀ ਦੀਆਂ ਅਟਕਲਾਂ ਵਿਚਾਲੇ ਬੀਬੀ ਜਗੀਰ ਕੌਰ ਦੇ ਘਰ ਪਹੁੰਚੇ ਧਾਮੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
