ਮਾਂ ਦੀ ਔਲਾਦ ਲਈ ਕੁਰਬਾਨੀ! ਸੜਦੀ ਬੱਸ ਦੀ ਬਾਰੀ 'ਚੋਂ ਬੱਚਿਆਂ ਨੂੰ ਕੱਢਿਆ ਬਾਹਰ ਪਰ ਖੁਦ...

Tuesday, Dec 16, 2025 - 07:19 PM (IST)

ਮਾਂ ਦੀ ਔਲਾਦ ਲਈ ਕੁਰਬਾਨੀ! ਸੜਦੀ ਬੱਸ ਦੀ ਬਾਰੀ 'ਚੋਂ ਬੱਚਿਆਂ ਨੂੰ ਕੱਢਿਆ ਬਾਹਰ ਪਰ ਖੁਦ...

ਮਥੁਰਾ (ਭਾਸ਼ਾ): ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ਵਿੱਚ ਯਮੁਨਾ ਐਕਸਪ੍ਰੈਸਵੇਅ 'ਤੇ ਮੰਗਲਵਾਰ ਤੜਕੇ ਇੱਕ ਭਿਆਨਕ ਹਾਦਸਾ ਵਾਪਰ ਗਿਆ, ਜਿੱਥੇ ਸੱਤ ਬੱਸਾਂ ਅਤੇ ਤਿੰਨ ਹੋਰ ਵਾਹਨ ਆਪਸ ਵਿੱਚ ਟਕਰਾ ਗਏ ਅਤੇ ਅੱਗ ਲੱਗਣ ਕਾਰਨ 13 ਲੋਕਾਂ ਦੀ ਮੌਤ ਹੋ ਗਈ, ਜਦਕਿ 35 ਤੋਂ ਵੱਧ ਲੋਕ ਜ਼ਖਮੀ ਹੋਏ ਹਨ।

ਇਸ ਦਰਦਨਾਕ ਹਾਦਸੇ ਦੌਰਾਨ ਇੱਕ ਮਾਂ, ਪਾਰਵਤੀ, ਨੇ ਆਪਣੀ ਮਮਤਾ ਦੀ ਮਿਸਾਲ ਪੇਸ਼ ਕਰਦਿਆਂ ਆਪਣੇ ਬੱਚਿਆਂ ਦੀ ਜਾਨ ਬਚਾਉਣ ਲਈ ਆਪਣੀ ਜ਼ਿੰਦਗੀ ਕੁਰਬਾਨ ਕਰ ਦਿੱਤੀ। ਜਦੋਂ ਬੱਸ ਨੂੰ ਅੱਗ ਲੱਗ ਚੁੱਕੀ ਸੀ ਅਤੇ ਪਾਰਵਤੀ ਮੌਤ ਦੇ ਸਾਹਮਣੇ ਸੀ, ਤਾਂ ਉਸਨੇ ਇੱਕ ਟੁੱਟੀ ਹੋਈ ਖਿੜਕੀ ਵਿੱਚੋਂ ਆਪਣੇ ਦੋ ਬੱਚਿਆਂ—ਪ੍ਰਾਚੀ ਅਤੇ ਸਨੀ—ਨੂੰ ਬਾਹਰ ਲਟਕਾ ਕੇ ਸੁਰੱਖਿਅਤ ਬਾਹਰ ਕੱਢਿਆ। ਬੱਚਿਆਂ ਨੂੰ ਬਚਾਉਂਦੇ ਸਮੇਂ, ਇੱਕ ਕੱਚ ਦਾ ਟੁਕੜਾ ਉਸਦੀ ਗਰਦਨ ਵਿੱਚ ਉੱਤੇ ਲੱਗ ਗਿਆ, ਜਿਸ ਕਾਰਨ ਉਹ ਲਹੂ-ਲੁਹਾਨ ਹੋ ਕੇ ਬੱਸ ਦੇ ਅੰਦਰ ਹੀ ਬੇਹੋਸ਼ ਹੋ ਕੇ ਡਿੱਗ ਪਈ।
ਪਾਰਵਤੀ ਦੇ ਦੇਵਰ, ਗੁਲਜ਼ਾਰੀ, ਹੁਣ ਵੀ ਹਸਪਤਾਲਾਂ ਅਤੇ ਮੁਰਦਾਘਰਾਂ ਵਿੱਚ ਉਸਦੀ ਤਲਾਸ਼ ਕਰ ਰਹੇ ਹਨ। ਮੁਰਦਾਘਰ ਦੇ ਬਾਹਰ, ਗੁਲਜ਼ਾਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬੱਚਿਆਂ (ਪ੍ਰਾਚੀ ਅਤੇ ਸਨੀ) ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਦੀ ਮਾਂ ਬੱਸ ਅੰਦਰ ਹੀ ਬੇਹੋਸ਼ ਹੋ ਗਈ ਸੀ।

ਲਾਸ਼ਾਂ ਦੀ ਸ਼ਨਾਖਤ ਬਣੀ ਚੁਣੌਤੀ
ਪੁਲਸ ਨੇ ਦੱਸਿਆ ਕਿ ਹਾਦਸੇ ਵਿੱਚ ਮਰਨ ਵਾਲੇ ਸਾਰੇ 13 ਲੋਕ ਝੁਲਸਣ ਕਾਰਨ ਮਾਰੇ ਗਏ ਹਨ ਅਤੇ ਲਾਸ਼ਾਂ ਇੰਨੀਆਂ ਬੁਰੀ ਤਰ੍ਹਾਂ ਸੜੀਆਂ ਹੋਈਆਂ ਹਨ ਕਿ ਉਨ੍ਹਾਂ ਦੀ ਸ਼ਨਾਖਤ ਕਰਨਾ ਬੇਹੱਦ ਮੁਸ਼ਕਲ ਹੋ ਗਿਆ ਹੈ। ਪੁਲਸ ਸੁਪਰਡੈਂਟ ਸ਼ਲੋਕ ਕੁਮਾਰ ਨੇ ਦੱਸਿਆ ਕਿ ਸ਼ਨਾਖਤ ਲਈ ਲਾਸ਼ਾਂ ਦੇ ਡੀਐੱਨਏ ਨਮੂਨਿਆਂ ਨੂੰ ਉਨ੍ਹਾਂ ਦੇ ਰਿਸ਼ਤੇਦਾਰਾਂ ਦੁਆਰਾ ਦਿੱਤੇ ਗਏ ਨਮੂਨਿਆਂ ਨਾਲ ਮਿਲਾਉਣ ਲਈ ਸੁਰੱਖਿਅਤ ਰੱਖਿਆ ਜਾ ਰਿਹਾ ਹੈ। ਹੁਣ ਤੱਕ ਸਿਰਫ ਤਿੰਨ ਮ੍ਰਿਤਕ ਯਾਤਰੀਆਂ ਦੀ ਪਛਾਣ ਹੋਈ ਹੈ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਹਾਦਸੇ ਵਾਲੀ ਥਾਂ 'ਤੇ ਭਾਰੀ ਧੁੰਦ ਕਾਰਨ ਬਚਾਅ ਕਾਰਜਾਂ ਵਿੱਚ ਵੀ ਮੁਸ਼ਕਲਾਂ ਆਈਆਂ।

ਇਸ ਹਾਦਸੇ ਤੋਂ ਬਾਅਦ, ਐਂਬੂਲੈਂਸਾਂ ਰਾਹੀਂ ਕਾਲੇ ਪੌਲੀਬੈਗਾਂ ਵਿੱਚ ਬੁਰੀ ਤਰ੍ਹਾਂ ਸੜੀਆਂ ਲਾਸ਼ਾਂ ਹਸਪਤਾਲਾਂ 'ਚ ਲਿਜਾਈਆਂ ਗਈਆਂ। ਕੁਝ ਸਥਾਨਕ ਲੋਕਾਂ ਨੇ ਦੱਸਿਆ ਕਿ ਵਾਹਨਾਂ ਦੇ ਟਕਰਾਉਣ ਦੀ ਆਵਾਜ਼ ਕਈ ਕਿਲੋਮੀਟਰ ਦੂਰ ਦੇ ਪਿੰਡਾਂ ਤੱਕ ਸੁਣਾਈ ਦਿੱਤੀ, ਜਿਸ ਨਾਲ ਸਵੇਰ ਦੀ ਸ਼ਾਂਤੀ ਭਿਆਨਕ ਚੀਕ-ਪੁਕਾਰ 'ਚ ਬਦਲ ਗਈ।


author

Baljit Singh

Content Editor

Related News