ਮਾਤਾ ਦੇ ਦਰਬਾਰ ’ਚ ਭਾਜੜ: ਹਰਿਆਣਾ ਦੀ ਮਹਿਲਾ ਦੀ ਮੌਤ, ਮਾਸੂਮ ਭੈਣ-ਭਰਾ ਦੇ ਸਿਰ ਤੋਂ ਉਠਿਆ ਮਾਂ ਦਾ ਸਾਇਆ
Sunday, Jan 02, 2022 - 02:11 PM (IST)
ਝੱਜਰ— ਜੰਮੂ-ਕਸ਼ਮੀਰ ਦੇ ਕਟੜਾ ਸਥਿਤ ਮਾਤਾ ਵੈਸ਼ਨੋ ਦੇਵੀ ਤੀਰਥ ਅਸਥਾਨ ’ਚ ਸ਼ੁੱਕਰਵਾਰ ਅਤੇ ਸ਼ਨੀਵਾਰ ਦੀ ਦਰਮਿਆਨੀ ਰਾਤ ਨੂੰ ਕੁਝ ਨੌਜਵਾਨ ਵਿਚਾਲੇ ਮਾਮਲੂ ਬਹਿਸਬਾਜ਼ੀ ਮਗਰੋਂ ਭਾਜੜ ਮਚ ਗਈ, ਜਿਸ ਕਾਰਨ 12 ਲੋਕਾਂ ਦੀ ਮੌਤ ਹੋ ਗਈ ਅਤੇ 15 ਦੇ ਕਰੀਬ ਲੋਕ ਜ਼ਖਮੀ ਹੋ ਗਏ। ਇਹ ਹਾਦਸਾ ਦੇਰ ਰਾਤ ਕਰੀਬ 2.45 ਵਜੇ ਵਾਪਰਿਆ। ਇਸ ਹਾਦਸੇ ਵਿਚ ਹਰਿਆਣਾ ਦੇ ਝੱਜਰ ਦੀ ਰਹਿਣ ਵਾਲੀ ਮਹਿਲਾ ਦੀ ਵੀ ਮੌਤ ਹੋ ਗਈ। ਮਿ੍ਰਤਕਾ ਦੀ ਪਛਾਣ ਝੱਜਰ ਜ਼ਿਲ੍ਹੇ ਦੇ ਬੇਰੀ ਇਲਾਕੇ ਦੀ ਰਹਿਣ ਵਾਲੀ 38 ਸਾਲਾ ਮਮਤਾ ਵਜੋਂ ਹੋਈ ਹੈ। ਮਮਤਾ ਆਪਣੇ 19 ਸਾਲਾ ਪੁੱਤਰ ਆਦਿੱਤਿਆ ਨਾਲ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਗਈ ਸੀ।
ਇਹ ਵੀ ਪੜ੍ਹੋ : ਮਾਤਾ ਵੈਸ਼ਨੋ ਦੇਵੀ ’ਚ ਮਚੀ ਭੱਜ-ਦੌੜ; 12 ਦੀ ਮੌਤ, ਇਨ੍ਹਾਂ ਨੰਬਰਾਂ ’ਤੇ ਕਾਲ ਕਰ ਕੇ ਲਓ ਆਪਣਿਆਂ ਦੀ ਜਾਣਕਾਰੀ
ਮਮਤਾ ਆਪਣੇ ਪੁੱਤਰ ਨਾਲ ਮਾਤਾ ਦੇ ਦਰਸ਼ਨਾਂ ਲਈ ਕਤਾਰ ਵਿਚ ਲੱਗੇ ਹੋਏ ਸਨ ਪਰ ਇਸ ਤੋਂ ਪਹਿਲਾਂ ਕਿ ਉਹ ਦਰਸ਼ਨ ਕਰ ਸਕਦੇ, ਭਵਨ ਕੰਪੈਲਕਸ ’ਚ ਭੱਜ-ਦੌੜ ਮਚ ਗਈ। ਮਮਤਾ ਦੇ ਪਰਿਵਾਰ ਮੁਤਾਬਕ ਜਦੋਂ ਭਵਨ ਕੰਪਲੈਕਸ ’ਚ ਭਾਜੜ ਮਚੀ ਤਾਂ ਮਮਤਾ ਦਾ ਪੁੱਤਰ ਆਦਿੱਤਿਆ ਉਸ ਤੋਂ ਵਿਛੜ ਗਿਆ ਅਤੇ ਭੱਜ-ਦੌੜ ਵਿਚ ਮਮਤਾ ਦੀ ਮੌਤ ਹੋ ਗਈ। ਭਾਜੜ ਦੇ ਕੁਝ ਦੇਰ ਬਾਅਦ ਜਦੋਂ ਸ਼ਾਂਤੀ ਦੀ ਸਥਿਤੀ ਬਣੀ ਤਾਂ ਆਦਿੱਤਿਆ ਨੂੰ ਪਤਾ ਲੱਗਾ ਕਿ ਉਸ ਦੀ ਮਾਂ ਦੀ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ : ਮਾਤਾ ਵੈਸ਼ਨੋ ਦੇਵੀ ’ਚ ਵਾਪਰੀ ਭੱਜ-ਦੌੜ ਦੀ ਘਟਨਾ: ਮ੍ਰਿਤਕਾਂ ’ਚੋਂ 8 ਲੋਕਾਂ ਦੀ ਹੋਈ ਪਛਾਣ
ਸਕੂਲ ਵਿਚ ਟੈਸਟ ਦੇ ਚੱਲਦੇ ਧੀ ਕਸ਼ਿਸ਼ ਨਹੀਂ ਜਾ ਸਕੀ ਮਾਤਾ ਦੇ ਦਰਬਾਰ—
ਮਿ੍ਰਤਕ ਮਮਤਾ ਨਾਲ ਉਸ ਦੀ ਧੀ ਕਸ਼ਿਸ਼ ਨੇ ਵੀ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਜਾਣਾ ਸੀ। ਕਸ਼ਿਸ਼ 12ਵੀਂ ਜਮਾਤ ਦੀ ਵਿਦਿਆਰਥਣ ਹੈ, ਜਿਸ ਕਾਰਨ ਅਚਾਨਕ ਸਕੂਲ ਵਿਚ ਟੈਸਟ ਤੈਅ ਹੋ ਗਿਆ ਅਤੇ ਇਸ ਵਜ੍ਹਾ ਕਰ ਕੇ ਧੀ ਨੇ ਜਾਣ ਦਾ ਪ੍ਰੋਗਰਾਮ ਰੱਦ ਕਰ ਦਿੱਤਾ। ਹੁਣ ਪਰਿਵਾਰ ਵਿਚ ਪਿੱਛੇ ਉਸ ਦੀ ਸੱਸ, ਪੁੱਤਰ ਆਦਿੱਤਿਆ ਅਤੇ ਧੀ ਕਸ਼ਿਸ਼ ਹੀ ਹਨ। ਦੱਸ ਦੇਈਏ ਕਿ ਮਮਤਾ ਅਕਸਰ ਧਾਰਮਿਕ ਸਥਾਨਾਂ ’ਤੇ ਪੂਜਾ-ਪਾਠ ਲਈ ਜਾਂਦੀ ਸੀ। ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਪਹਿਲਾਂ ਵੀ ਗਈ ਸੀ ਪਰ ਪਰਿਵਾਰ ਨੂੰ ਕੀ ਪਤਾ ਸੀ ਕਿ ਇਸ ਵਾਰ ਦੇ ਦਰਸ਼ਨ ਆਖਰੀ ਹੋਣਗੇ। ਮਮਤਾ ਦੀ ਮੌਤ ਤੋਂ ਬਾਅਦ ਪੂਰੇ ਬੇਰੀ ਕਸਬੇ ਵਿਚ ਮਾਤਮ ਛਾ ਗਿਆ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਮਾਤਾ ਵੈਸ਼ਨੋ ਦੇਵੀ ਮੰਦਰ 'ਚ ਭੱਜ-ਦੌੜ ਕਾਰਨ 12 ਸ਼ਰਧਾਲੂਆਂ ਦੀ ਮੌਤ
5 ਸਾਲ ਪਹਿਲਾਂ ਮਮਤਾ ਦੇ ਪਤੀ ਦੀ ਹੋਈ ਸੀ ਮੌਤ-
ਮਮਤਾ ਦੇ ਪਤੀ ਸੁਰਿੰਦਰ ਦੀ ਕਰੀਬ 5 ਸਾਲ ਪਹਿਲਾਂ ਕਿਸੇ ਬੀਮਾਰੀ ਦੇ ਚੱਲਦੇ ਮੌਤ ਹੋ ਚੁੱਕੀ ਹੈ। ਮਿ੍ਰਤਕ ਮਮਤਾ ਦਾ ਪੁੱਤਰ ਆਦਿੱਤਿਆ 12ਵੀਂ ਜਮਾਤ ਪਾਸ ਕਰਨ ਮਗਰੋਂ ਹੁਣ ਕਾਲਜ ’ਚ ਪੜ੍ਹਾਈ ਕਰ ਰਿਹਾ ਹੈ। ਜਦਕਿ ਧੀ ਕਸ਼ਿਸ਼ 12ਵੀਂ ਜਮਾਤ ਵਿਚ ਪੜ੍ਹਾਈ ਕਰ ਰਹੀ ਹੈ। ਮਮਤਾ ਦੀ ਮੌਤ ਨਾਲ ਪਰਿਵਾਰ ਸਦਮੇ ਵਿਚ ਹੈ। ਮਮਤਾ ਦੀ ਮੌਤ ਦੀ ਸੂਚਨਾ ਮਿਲਦੇ ਹੀ ਪਰਿਵਾਰ ਸਵੇਰੇ ਹੀ ਕਟੜਾ ਲਈ ਰਵਾਨਾ ਹੋ ਗਿਆ। ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਦੀ ਮਦਦ ਨਾਲ ਮਮਤਾ ਦੀ ਲਾਸ਼ ਨੂੰ ਬੇਰੀ ਲਿਆਂਦਾ ਜਾ ਰਿਹਾ ਹੈ, ਜਿੱਥੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਮਮਤਾ ਦੇ ਮੋਢਿਆਂ ’ਤੇ ਪਰਿਵਾਰ ਦੀ ਪੂਰੀ ਜ਼ਿੰਮੇਵਾਰੀ ਸੀ, ਜੋ ਕਿ ਸਿਲਾਈ-ਕਢਾਈ ਦਾ ਕੰਮ ਕਰਦੀ ਸੀ। ਸ਼ਰਾਈਨ ਬੋਰਡ ਵਲੋਂ ਮਮਤਾ ਦੇ ਪਰਿਵਾਰ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਮਾਤਾ ਦੇ ਦਰਬਾਰ ’ਚ ਭਾਜੜ: ਜਾਣੋ ਭਾਰਤ ਦੇ ਧਾਰਮਿਕ ਸਥਾਨਾਂ ’ਤੇ ਕਦੋਂ-ਕਦੋਂ ਵਾਪਰੇ ਹਾਦਸੇ