''ਮੁਹੱਬਤ ਦੀ ਦੁਕਾਨ ’ਚ ਹੁਣ ਨਸ਼ੇ ਦਾ ਸਾਮਾਨ''

Friday, Oct 04, 2024 - 03:36 PM (IST)

ਨਵੀਂ ਦਿੱਲੀ- 5600 ਕਰੋੜ ਰੁਪਏ ਦੇ ਇੰਟਰਨੈਸ਼ਨਲ ਡਰੱਗਜ਼ ਸਿੰਡੀਕੇਟ ਮਾਮਲੇ ਦੇ ਤਾਰ ਹੁਣ ਕਾਂਗਰਸ ਨਾਲ ਜੁੜਦੇ ਨਜ਼ਰ ਆ ਰਹੇ ਹਨ। ਭਾਰਤੀ ਜਨਤਾ ਪਾਰਟੀ ਨੇ ਪ੍ਰੈੱਸ ਕਾਨਫਰੰਸ ਕਰ ਕੇ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ’ਤੇ ਹਮਲਾ ਬੋਲਿਆ। ਭਾਜਪਾ ਦੇ ਕੌਮੀ ਬੁਲਾਰੇ ਸੁਧਾਂਸ਼ੂ ਤ੍ਰਿਵੇਦੀ ਨੇ ਪੁੱਛਿਆ ਕਿ ਆਖਿਰ ਕਾਂਗਰਸ ਦੇ ਇਸ ਵਿਅਕਤੀ ਦੇ ਡਰੱਗਜ਼ ਸਿੰਡੀਕੇਟ ਨਾਲ ਕੀ ਰਿਸ਼ਤੇ ਹਨ? ਦਿੱਲੀ ਪੁਲਸ ਨੇ ਦੱਸਿਆ ਕਿ ਇੰਟਰਨੈਸ਼ਨਲ ਡਰੱਗਜ਼ ਸਿੰਡੀਕੇਟ ’ਚ ਮਾਸਟਰਮਾਈਂਡ ਤੁਸ਼ਾਰ ਗੋਇਲ ਦਾ ਨਾਂ ਸਾਹਮਣੇ ਆਇਆ ਹੈ, ਜੋ 2022 ਤੱਕ ਦਿੱਲੀ ਪ੍ਰਦੇਸ਼ ਕਾਂਗਰਸ ਦੇ ਆਰ. ਟੀ. ਆਈ. ਸੈੱਲ ਦਾ ਮੁਖੀ ਰਹਿ ਚੁੱਕਾ ਹੈ।

ਭਾਜਪਾ ਨੇ ਪੁੱਛੇ ਰਾਹੁਲ ਗਾਂਧੀ ਤੋਂ ਸਵਾਲ

ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਸੁਧਾਂਸ਼ੂ ਤ੍ਰਿਵੇਦੀ ਨੇ ਪ੍ਰੈੱਸ ਕਾਨਫਰੰਸ ’ਚ ਸਿੱਧਾ ਸੰਸਦ ਮੈਂਬਰ ਰਾਹੁਲ ਗਾਂਧੀ ’ਤੇ ਹਮਲਾ ਕੀਤਾ। ਭਾਜਪਾ ਦੇ ਰਾਜ ਸਭਾ ਮੈਂਬਰ ਨੇ ਰਾਹੁਲ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁਹੱਬਤ ਦੀ ਦੁਕਾਨ ’ਚ ਨਫਰਤ ਦੇ ਸਾਮਾਨ ਤਾਂ ਮਿਲ ਹੀ ਰਹੇ ਸਨ, ਹੁਣ ਨਸ਼ੇ ਦਾ ਸਾਮਾਨ ਵੀ ਮਿਲਣ ਲੱਗਾ ਹੈ। ਉਨ੍ਹਾਂ ਅੱਗੇ ਕਿਹਾ ਕਿ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਅਖੀਰ ਇੰਨੇ ਵੱਡੇ ਡਰੱਗਜ਼ ਸਿੰਡੀਕੇਟ ਦੇ ਖੁਲਾਸੇ ਨਾਲ ਤੁਸ਼ਾਰ ਗੋਇਲ ਦੇ ਕੀ ਸਬੰਧ ਹਨ? ਭਾਜਪਾ ਸੰਸਦ ਮੈਂਬਰ ਨੇ ਕਿਹਾ ਕਿ ਸਾਡੇ ਕੋਲ ਯੂਥ ਕਾਂਗਰਸ ਦੇ ਪ੍ਰਧਾਨ ਅਹੁਦੇ ਲਈ ਤੁਸ਼ਾਰ ਗੋਇਲ ਦਾ ਨਿਯੁਕਤੀ ਪੱਤਰ ਵੀ ਹੈ। ਇਸ ਨਿਯੁਕਤੀ ਪੱਤਰ ’ਚ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਦਾ ਵੀ ਜ਼ਿਕਰ ਹੈ।

'ਤੁਸ਼ਾਰ ਗੋਇਲ ਦਾ ਤੁਹਾਡੇ ਨਾਲ ਕੀ ਸਬੰਧ ਹੈ?'

ਸੁਧਾਂਸ਼ੂ ਤ੍ਰਿਵੇਦੀ ਨੇ ਕਿਹਾ ਕਿ ਤੁਸ਼ਾਰ ਗੋਇਲ ਦੀ ਹਰਿਆਣਾ ਦੇ ਕਾਂਗਰਸ ਨੇਤਾ ਅਤੇ ਸੰਸਦ ਮੈਂਬਰ ਦੀਪੇਂਦਰ ਹੁੱਡਾ ਦੇ ਨਾਲ ਵੀ ਫੋਟੋ ਹੈ। ਭਾਜਪਾ ਨੇ ਪੁੱਛਿਆ ਕਿ ਲੋਕਾਂ ਨੂੰ ਜਾਣਨ ਦਾ ਹੱਕ ਹੈ ਕਿ ਤੁਸ਼ਾਰ ਗੋਇਲ ਦਾ ਤੁਹਾਡੇ ਨਾਲ ਕੀ ਸਬੰਧ ਹੈ? ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਕਾਂਗਰਸ ਪਾਰਟੀ ਤੇ ਹੁੱਡਾ ਪਰਿਵਾਰ ਤੋਂ ਜਵਾਬ ਚਾਹੀਦਾ ਹੈ। 

ਕਾਂਗਰਸ ਨੇ ਦੋਸ਼ਾਂ ਨੂੰ ਦੱਸਿਆ ਬੇਬੁਨਿਆਦ

ਓਧਰ ਕਾਂਗਰਸ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਅਤੇ ਝੂਠਾ ਕਰਾਰ ਦਿੰਦੇ ਹੋਏ ਕਿਹਾ ਕਿ ਸੱਤਾਧਿਰ ਪਾਰਟੀ ਨੇ ਜਿਸ ਮੁੱਖ ਮੁਲਜ਼ਮ ਤੁਸ਼ਾਰ ਗੋਇਲ ਦਾ ਜ਼ਿਕਰ ਕੀਤਾ ਹੈ, ਉਸ ਨੂੰ 17 ਅਕਤੂਬਰ, 2022 ਨੂੰ ਹੀ ਸੰਗਠਨ ਤੋਂ ਪਾਰਟੀ ਵਿਰੋਧੀ ਸਰਗਰਮੀਆਂ ਦੇ ਦੋਸ਼ ’ਚ ਬਾਹਰ ਕੱਢ ਦਿੱਤਾ ਗਿਆ ਸੀ। ਯੁਵਾ ਕਾਂਗਰਸ ਨੇ ਇਕ ਬਿਆਨ ਜਾਰੀ ਕਰ ਕੇ ਗੋਇਲ ਨੂੰ ਪਾਰਟੀ ’ਚੋਂ ਕੱਢਣ ਵਾਲੇ ਪੱਤਰ ਦੀ ਇਕ ਕਾਪੀ ਵੀ ਸਾਂਝੀ ਕੀਤੀ। ਸੰਗਠਨ ਨੇ ਦਾਅਵਾ ਕੀਤਾ ਕਿ ਇਹ ਦੋਸ਼ ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਭਾਜਪਾ ਦੀ ਕੋਝੀ ਕੋਸ਼ਿਸ਼ ਹੈ।

5,620 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਹਨ

ਤੁਹਾਨੂੰ ਦੱਸ ਦੇਈਏ ਕਿ ਬੁੱਧਵਾਰ ਨੂੰ ਦਿੱਲੀ ਪੁਲਸ ਨੇ 560 ਕਿਲੋਗ੍ਰਾਮ ਤੋਂ ਜ਼ਿਆਦਾ ਕੋਕੀਨ ਅਤੇ 40 ਕਿਲੋਗ੍ਰਾਮ ਹਾਈਡ੍ਰੋਪੋਨਿਕ ਮਾਰਿਜੁਆਨਾ ਜ਼ਬਤ ਕੀਤੀ ਸੀ, ਜਿਸ ਦੀ ਅੰਦਾਜ਼ਨ ਕੀਮਤ 5,620 ਕਰੋੜ ਰੁਪਏ ਦੱਸੀ ਜਾਂਦੀ ਹੈ। ਸਪੈਸ਼ਲ ਸੈੱਲ ਦੀ ਟੀਮ ਨੇ ਇਸ ਮਾਮਲੇ ਵਿਚ ਮਹੀਪਾਲਪੁਰ ਤੋਂ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।


Tanu

Content Editor

Related News