ਅਸਮ 'ਚ ਗੈਸ ਦੇ ਖੂਹ 'ਚ ਲੱਗੀ ਭਿਆਨਕ ਅੱਗ, 14 ਦਿਨਾਂ ਤੋਂ ਹੋ ਰਿਹਾ ਸੀ ਰਿਸਾਅ

06/09/2020 7:26:46 PM

ਗੁਹਾਟੀ - ਅਸਮ ਦੇ ਤੀਨਸੁਕਿਆ ਜ਼ਿਲ੍ਹੇ 'ਚ ਬਘਜਾਨ ਸਥਿਤ ਆਇਲ ਇੰਡੀਆ ਲਿਮਟਿਡ ਦੇ ਗੈਸ ਦੇ ਖੂਹ 'ਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਮੌਕੇ 'ਤੇ ਨੈਸ਼ਨਲ ਡਿਜਾਸਟਰ ਰਿਸਪਾਂਸ ਫੋਰਸ (ਐਨ.ਡੀ.ਆਰ.ਐਫ.) ਦੀ ਟੀਮ ਪਹੁੰਚ ਗਈ ਹੈ। ਅੱਗ ਬੁਝਾਉਣ ਦਾ ਕੰਮ ਜਾਰੀ ਹੈ। ਪਿਛਲੇ 14 ਦਿਨਾਂ ਤੋਂ ਇਸ ਖੂਹ 'ਚੋਂ ਗੈਸ ਬਾਹਰ ਨਿਕਲ ਰਹੀ ਸੀ। ਮੰਗਲਵਾਰ ਨੂੰ ਅਚਾਨਕ ਇਸ 'ਚ ਅੱਗ ਲੱਗ ਗਈ। ਅੱਗ ਦੀਆਂ ਲਪਟਾਂ 2 ਕਿਲੋਮੀਟਰ ਦੂਰੋਂ ਵੀ ਦੇਖੀਆਂ ਜਾ ਸਕਦੀਆਂ ਹਨ।

ਐਨ.ਡੀ.ਆਰ.ਐਫ. ਦੀ ਟੀਮ ਮੌਕੇ 'ਤੇ ਪਹੁੰਚ ਕੇ ਅੱਗ ਬੁਝਾਉਣ ਦੇ ਕੰਮ 'ਚ ਲੱਗੀ ਹੈ। ਸਥਾਨਕ ਪ੍ਰਸ਼ਾਸਨ ਨੇ ਲੋਕਾਂ ਨੂੰ ਸੁਰੱਖਿਅਤ ਸਥਾਨ 'ਤੇ ਜਾਣ ਦੀ ਸਲਾਹ ਦਿੱਤੀ ਹੈ। ਅੱਗ ਬੁਝਾਉਣ ਲਈ ਸਿੰਗਾਪੁਰ ਤੋਂ ਵੀ ਮਾਹਰ ਸੱਦੇ ਗਏ ਹਨ। ਸਿੰਗਾਪੁਰ ਦੀ ਕੰਪਨੀ ਅਲਰਟ ਡਿਜਾਸਟਰ ਕੰਟਰੋਲ ਦੇ ਤਿੰਨ ਮਾਹਰ ਮੌਕੇ 'ਤੇ ਮੌਜੂਦ ਹਨ। ਜਿਸ ਸਮੇਂ ਅੱਗ ਲੱਗੀ, ਉਸ ਸਮੇਂ ਖੂਹ 'ਚੋਂ ਗੈਸ ਰਿਸਾਅ ਰੋਕਣ ਦੀ ਕੋਸ਼ਿਸ਼ ਚੱਲ ਰਹੀ ਸੀ।

ਕੰਪਨੀ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਇਸ ਘਟਨਾ 'ਚ ਕਿਸੇ ਦੇ ਜਾਨੀ ਨੁਕਸਾਨ ਹੋਣ ਦੀ ਕੋਈ ਖਬਰ ਨਹੀਂ ਹੈ। ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ 'ਤੇ ਮੌਜੂਦ ਹਨ ਅਤੇ ਅੱਗ ਬੁਝਾਉਣ ਦਾ ਕੰਮ ਚੱਲ ਰਿਹਾ ਹੈ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਹੈ। ਪ੍ਰਦੇਸ਼ ਦੇ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਨੇ ਇਸ ਘਟਨਾ ਬਾਰੇ ਕੇਂਦਰੀ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਜਾਣਕਾਰੀ ਦਿੱਤੀ ਹੈ। ਮੁੱਖ ਮੰਤਰੀ ਨੇ ਗੈਸ ਖੂਹ ਦੇ ਨੇੜੇ ਫਾਇਰ ਅਤੇ ਐਮਰਜੰਸੀ ਸੇਵਾਵਾਂ ਲਗਾਉਣ ਦਾ ਨਿਰਦੇਸ਼ ਦਿੱਤਾ ਹੈ। ਹਾਲਤ ਕਾਬੂ 'ਚ ਰਹਿਣ ਇਸ ਦੇ ਲਈ ਫੌਜ ਅਤੇ ਪੁਲਸ ਦੀ ਟੀਮ ਨੂੰ ਵੀ ਤਾਇਨਾਤ ਕੀਤਾ ਗਿਆ ਹੈ।


Inder Prajapati

Content Editor

Related News