ਘਰ ''ਚ ਬਜ਼ੁਰਗ ਜੋੜੇ ਨੂੰ ਬੰਧਕ ਬਣਾ ਕੇ ਨਕਾਬਪੋਸ਼ਾਂ ਨੇ ਉਡਾਏ ਲੱਖਾਂ ਦੇ ਗਹਿਣੇ
Thursday, Nov 21, 2024 - 03:01 PM (IST)
ਅਲਵਰ- ਰਾਜਸਥਾਨ ਦੇ ਅਲਵਰ ਸ਼ਹਿਰ ਦੇ ਕੋਤਵਾਲੀ ਥਾਣੇ ਅਧੀਨ ਚਿਨਾਰ ਪਬਲਿਕ ਸਕੂਲ ਦੇ ਮਾਲਕ ਅਤੇ ਚਾਰਟਰਡ ਅਕਾਊਂਟੇਂਟ ਨੀਰਜ ਗਰਗ ਦੇ ਘਰ 'ਚ ਨਕਾਬਪੋਸ਼ ਬਦਮਾਸ਼ਾਂ ਨੇ ਬਜ਼ੁਰਗ ਜੋੜੇ ਨੂੰ ਬੰਧਕ ਬਣਾ ਕੇ ਕਰੀਬ 15 ਲੱਖ ਰੁਪਏ ਦੀ ਨਕਦੀ, ਸੋਨੇ ਦੇ ਗਹਿਣੇ ਅਤੇ ਹੋਰ ਸਾਮਾਨ ਲੈ ਕੇ ਫਰਾਰ ਹੋ ਗਏ। ਪੁਲਸ ਸੁਪਰਡੈਂਟ ਆਨੰਦ ਸ਼ਰਮਾ ਨੇ ਦੱਸਿਆ ਕਿ ਸਵੇਰੇ 5 ਵਜੇ ਸੂਚਨਾ ਮਿਲੀ ਕਿ ਨੀਰਜ ਗਰਗ ਦੇ ਘਰ 'ਚ ਵਾਰਦਾਤ ਹੋਈ ਹੈ।
ਸੂਚਨਾ ਮੁਤਾਬਕ 5 ਨਕਾਬਪੋਸ਼ ਘਰ ਅੰਦਰ ਦਾਖ਼ਲ ਹੋਏ ਅਤੇ ਕਰੀਬ 15 ਲੱਖ ਰੁਪਏ ਨਕਦੀ ਅਤੇ ਹੋਰ ਸਾਮਾਨ ਲੈ ਕੇ ਜਾਣ ਦੀ ਗੱਲ ਸਾਹਮਣੇ ਆਈ ਹੈ। ਘਰ ਵਿਚ ਲੱਗੇ ਸੀ. ਸੀ. ਟੀ. ਵੀ. ਫੁਟੇਜ ਅਤੇ ਆਲੇ ਦੁਆਲੇ ਦੀ ਸੀ. ਸੀ. ਟੀ. ਵੀ. ਫੁਟੇਜ ਖੰਗਾਲੇ ਜਾ ਰਹੇ ਹਨ। ਇਹ ਸਾਰੇ ਨਕਾਬਪੋਸ਼ ਰਾਤ ਕਰੀਬ 2 ਵਜੇ ਅੰਡਰਗਰਾਊਂਡ ਤੋਂ ਦਾਖ਼ਲ ਹੋਏ ਸਨ ਅਤੇ ਦਾਖ਼ਲ ਹੋਣ ਮਗਰੋਂ ਇਨ੍ਹਾਂ ਨੇ ਘਰ ਵਿਚ ਸੁੱਤੇ ਪਏ ਚਾਰਟਰਡ ਅਕਾਊਂਟੇਂਟ ਨੀਰਜ ਗਰਗ ਦੇ ਪਿਤਾ ਹਰੀਸ਼ ਗਰਗ ਅਤੇ ਮਾਤਾ ਤਾਰਾ ਨੂੰ ਜਗਾਇਆ ਅਤੇ ਉਨ੍ਹਾਂ ਤੋਂ ਚਾਬੀ ਮੰਗੀ। ਚਾਬੀ ਲੈਣ ਮਗਰੋਂ ਉਨ੍ਹਾਂ ਨੇ ਕਰੀਬ ਇਕ ਘੰਟੇ ਤੱਕ ਬਜ਼ੁਰਗ ਜੋੜੇ ਨੂੰ ਬੰਧਕ ਬਣਾ ਕੇ ਸਾਮਾਨ ਲੁੱਟ ਕੇ ਫਰਾਰ ਹੋ ਗਏ।
ਮੌਕੇ 'ਤੇ ਪਹੁੰਚੀ ਸਪੈਸ਼ਲ ਪੁਲਸ ਟੀਮ ਨੇ ਡੌਗ ਸਕਵਾਇਡ ਬੁਲਾ ਕੇ ਅਤੇ ਸੀ. ਸੀ. ਟੀ. ਵੀ. ਕੈਮਰੇ ਤੋਂ ਦੋਸ਼ੀਆਂ ਦੀ ਪਛਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਹਿਲੀ ਨਜ਼ਰੇ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਇਸ ਘਟਨਾ ਵਿਚ ਇਸ ਪਰਿਵਾਰ ਨਾਲ ਜੁੜਿਆ ਹੋਇਆ ਕੋਈ ਨੇੜਲਾ ਵਿਅਕਤੀ ਜਾਪਦਾ ਹੈ।