''ਅਸੀਂ ਇਕੱਠੇ ਜਿਊਣਾ ਚਾਹੁੰਦੇ ਸੀ...'', ਵਿਆਹੁਤਾ ਦੇ ਬੇਰਹਿਮੀ ਕਤਲ ਮਗਰੋਂ ਪ੍ਰੇਮੀ ਨੇ ਖੋਲੇ ਵੱਡੇ ਰਾਜ਼

Tuesday, Dec 16, 2025 - 05:18 PM (IST)

''ਅਸੀਂ ਇਕੱਠੇ ਜਿਊਣਾ ਚਾਹੁੰਦੇ ਸੀ...'', ਵਿਆਹੁਤਾ ਦੇ ਬੇਰਹਿਮੀ ਕਤਲ ਮਗਰੋਂ ਪ੍ਰੇਮੀ ਨੇ ਖੋਲੇ ਵੱਡੇ ਰਾਜ਼

ਵੈੱਬ ਡੈਸਕ : ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਵਿੱਚ ਇੱਕ ਵਿਆਹੁਤਾ ਔਰਤ ਦੀ ਹੱਤਿਆ ਦੀ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਇਲਾਕੇ ਵਿੱਚ ਹੜਕੰਪ ਮਚ ਗਿਆ ਹੈ। ਔਰਤ ਦੀ ਲਾਸ਼ ਸ਼ੱਕੀ ਹਾਲਾਤਾਂ ਵਿੱਚ ਬਰਾਮਦ ਕੀਤੀ ਗਈ, ਜਿਸ ਤੋਂ ਬਾਅਦ ਪੁਲਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਸ਼ੁਰੂਆਤੀ ਜਾਂਚ ਵਿੱਚ ਇਹ ਮਾਮਲਾ ਪ੍ਰੇਮ ਸਬੰਧਾਂ ਅਤੇ ਪਰਿਵਾਰਕ ਝਗੜੇ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ। ਮ੍ਰਿਤਕਾ ਔਰਤ ਮੂਲ ਰੂਪ ਵਿੱਚ ਗੋਰਖਪੁਰ ਜ਼ਿਲ੍ਹੇ ਦੀ ਰਹਿਣ ਵਾਲੀ ਸੀ ਅਤੇ ਉਸਦਾ ਵਿਆਹ ਲਖਨਊ ਜ਼ਿਲ੍ਹੇ ਵਿੱਚ ਹੋਇਆ ਸੀ। ਇਹ ਘਟਨਾ ਮਸੌਲੀ ਥਾਣਾ ਖੇਤਰ ਦੇ ਸ਼ਾਹਵਪੁਰ ਚੌਰਾਹੇ ਸਥਿਤ ਇੱਕ ਮਕਾਨ 'ਚ ਵਾਪਰੀ।

ਪ੍ਰੇਮੀ ਨੇ ਖੋਲ੍ਹੇ ਰਾਜ਼, ਪਰਿਵਾਰ 'ਤੇ ਲਾਇਆ ਦੋਸ਼
ਇਸ ਮਾਮਲੇ ਵਿੱਚ ਮ੍ਰਿਤਕਾ ਦੇ ਪ੍ਰੇਮੀ ਸੰਦੀਪ ਕੁਮਾਰ ਨੇ ਹੈਰਾਨ ਕਰਨ ਵਾਲੇ ਦੋਸ਼ ਲਗਾਏ ਹਨ। ਸੰਦੀਪ, ਜੋ ਕਿ ਰਿਲਾਇੰਸ ਕੰਪਨੀ ਵਿੱਚ ਇੰਜੀਨੀਅਰ ਹੈ, ਨੇ ਪੁਲਸ ਨੂੰ ਦੱਸਿਆ ਕਿ ਉਸਦਾ ਮ੍ਰਿਤਕਾ ਨਾਲ ਡੇਢ ਸਾਲ ਤੋਂ ਪ੍ਰੇਮ ਸਬੰਧ ਸੀ, ਭਾਵੇਂ ਕਿ ਦੋਵਾਂ ਦਾ ਵਿਆਹ ਵੱਖ-ਵੱਖ ਥਾਵਾਂ 'ਤੇ ਹੋ ਚੁੱਕਾ ਸੀ,। ਸੰਦੀਪ ਨੇ ਦਾਅਵਾ ਕੀਤਾ ਕਿ ਉਹ ਇੱਕ-ਦੂਜੇ ਦੇ ਬਿਨਾਂ ਨਹੀਂ ਰਹਿ ਸਕਦੇ ਸਨ ਅਤੇ "ਅਸੀਂ ਨਾਲ ਜਿਉਣਾ ਚਾਹੁੰਦੇ ਸੀ",। ਉਸਨੇ ਇਹ ਵੀ ਦੱਸਿਆ ਕਿ ਔਰਤ ਆਪਣੀ ਸ਼ਾਦੀ ਤੋਂ ਖੁਸ਼ ਨਹੀਂ ਸੀ ਅਤੇ ਸਹੁਰੇ ਘਰ ਨਹੀਂ ਰਹਿਣਾ ਚਾਹੁੰਦੀ ਸੀ।

ਸੰਦੀਪ ਦੇ ਅਨੁਸਾਰ, ਸੋਮਵਾਰ ਰਾਤ ਕਰੀਬ 12 ਵਜੇ ਔਰਤ ਉਸਨੂੰ ਮਿਲਣ ਉਸਦੇ ਘਰ ਆਈ ਸੀ, ਜਿਸ ਦੌਰਾਨ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ। ਪ੍ਰੇਮੀ ਨੇ ਦੋਸ਼ ਲਗਾਇਆ ਕਿ ਉਸਦੇ ਮਾਤਾ-ਪਿਤਾ ਅਤੇ ਚਾਰ ਭੈਣਾਂ ਨੇ ਮਿਲ ਕੇ ਔਰਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ। ਉਸਨੇ ਇਹ ਵੀ ਦਾਅਵਾ ਕੀਤਾ ਕਿ ਘਟਨਾ ਤੋਂ ਬਾਅਦ ਉਸਦੇ ਮਾਤਾ-ਪਿਤਾ ਅਤੇ ਚਾਰੋਂ ਭੈਣਾਂ ਘਰੋਂ ਫਰਾਰ ਹਨ।

ਪੁਲਸ ਕਰ ਰਹੀ ਹੈ ਮਾਮਲੇ ਦੀ ਜਾਂਚ
ਬਾਰਾਬੰਕੀ ਦੇ ਐਸਪੀ ਅਰਪਿਤ ਵਿਜੇਵਰਗੀ ਨੇ ਦੱਸਿਆ ਕਿ ਸੂਚਨਾ ਮਿਲਣ 'ਤੇ ਪੁਲਸ ਤੁਰੰਤ ਮੌਕੇ 'ਤੇ ਪਹੁੰਚੀ। ਉਨ੍ਹਾਂ ਦੱਸਿਆ ਕਿ ਔਰਤ ਦੀ ਲਾਸ਼ ਦੇਖਣ 'ਤੇ ਪਤਾ ਲੱਗਾ ਕਿ ਉਸਦੇ ਸਰੀਰ 'ਤੇ, ਖਾਸ ਕਰਕੇ ਗਰਦਨ ਦੇ ਪਿੱਛੇ, ਕਿਸੇ ਧਾਰਦਾਰ ਹਥਿਆਰ ਨਾਲ ਵਾਰ ਦੇ ਨਿਸ਼ਾਨ ਸਨ। ਮੌਕੇ 'ਤੇ ਫੋਰੈਂਸਿਕ ਟੀਮ ਨੂੰ ਵੀ ਬੁਲਾਇਆ ਗਿਆ ਸੀ। ਐੱਸਪੀ ਨੇ ਅੱਗੇ ਦੱਸਿਆ ਕਿ ਸੂਚਨਾ ਦੇਣ ਵਾਲੇ ਵਿਅਕਤੀ (ਪ੍ਰੇਮੀ) ਨੇ ਆਪਣੇ ਪਰਿਵਾਰ 'ਤੇ ਹੀ ਕਤਲ ਦਾ ਦੋਸ਼ ਲਗਾਇਆ ਹੈ। ਪੁਲਸ ਸਾਰੇ ਤੱਥਾਂ ਦੀ ਜਾਂਚ ਕਰ ਰਹੀ ਹੈ ਤੇ ਤੱਥਾਂ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ਵਿੱਚ ਕਤਲ ਦੇ ਤਰੀਕੇ ਅਤੇ ਕਾਰਨਾਂ ਨੂੰ ਲੈ ਕੇ ਪੁਲਸ ਸਾਰੇ ਪਹਿਲੂਆਂ 'ਤੇ ਜਾਂਚ ਕਰ ਰਹੀ ਹੈ। ਔਰਤ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।


author

Baljit Singh

Content Editor

Related News