ਵਿਆਹ ਦੇ 15ਵੇਂ ਦਿਨ ਹੀ ਮਰਵਾ ਦਿੱਤਾ ਪਤੀ... ਮੂੰਹ ਦਿਖਾਈ ''ਚ ਮਿਲੇ ਪੈਸਿਆਂ ਨਾਲ ਦਿੱਤੀ ਕਤਲ ਦੀ ਸੁਪਾਰੀ

Tuesday, Mar 25, 2025 - 10:09 AM (IST)

ਵਿਆਹ ਦੇ 15ਵੇਂ ਦਿਨ ਹੀ ਮਰਵਾ ਦਿੱਤਾ ਪਤੀ... ਮੂੰਹ ਦਿਖਾਈ ''ਚ ਮਿਲੇ ਪੈਸਿਆਂ ਨਾਲ ਦਿੱਤੀ ਕਤਲ ਦੀ ਸੁਪਾਰੀ

ਓਰੈਯਾ - ਮੇਰਠ 'ਚ ਸੌਰਭ ਰਾਜਪੂਤ ਕਤਲਕਾਂਡ ਦੀ ਤਰ੍ਹਾਂ ਉੱਤਰ ਪ੍ਰਦੇਸ਼ ਦੇ ਓਰੈਯਾ ਜ਼ਿਲ੍ਹੇ 'ਚ ਵੀ ਅਜਿਹਾ ਹੀ ਇਸ ਨਾਲ ਮਿਲਦਾ-ਜੁਲਦਾ ਮਾਮਲਾ ਸਾਹਮਣੇ ਆਇਆ ਹੈ। ਸਹਾਰ ਖੇਤਰ 'ਚ ਇਕ ਵਿਅਕਤੀ ਦਾ ਉਸ ਦੀ ਪਤਨੀ ਨੇ ਹੀ ਆਪਣੇ ਪ੍ਰੇਮੀ ਦੀ ਮਦਦ ਨਾਲ ਸੁਪਾਰੀ ਦੇ ਕੇ ਕਤਲ ਕਰਵਾ ਦਿੱਤਾ। ਇਸ ਲਈ ਉਸ ਨੇ ਮੂੰਹ ਦਿਖਾਈ 'ਚ ਮਿਲੇ ਪੈਸਿਆਂ ਦੀ ਵਰਤੋਂ ਕੀਤੀ। ਪੁਲਸ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸੁਪਾਰੀ ਦੇ ਬਚੇ ਪੈਸਿਆਂ ਦਾ ਲੈਣ-ਦੇਣ ਕਰਨ ਦੌਰਾਨ ਪੁਲਸ ਨੇ ਦੋਸ਼ੀ ਪਤਨੀ, ਉਸ ਦੇ ਪ੍ਰੇਮੀ ਅਤੇ ਪੈਸਿਆਂ ਲਈ ਕਤਲ ਕਰਨ ਵਾਲੇ ਦੋਸ਼ੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਓਰੈਯਾ ਜ਼ਿਲ੍ਹੇ ਦੇ ਸਹਾਰ ਥਾਣਾ ਖੇਤਰ 'ਚ ਇਹ ਦਿਲੀਪ ਯਾਦਵ (25) ਅਤੇ ਪ੍ਰਗਤੀ ਯਾਦਵ (22) ਦੇ ਵਿਆਹ ਤੋਂ ਸਿਰਫ਼ 15 ਦਿਨ ਬਾਅਦ 19 ਮਾਰਚ ਨੂੰ ਵਾਪਰੀ। ਸਹਾਰ ਪੁਲਸ ਸਟੇਸ਼ਨ ਦੇ ਸਟੇਸ਼ਨ ਹਾਊਸ ਅਫਸਰ ਪੰਕਜ ਮਿਸ਼ਰਾ ਨੇ ਦੱਸਿਆ,"ਘਟਨਾ ਵਾਲੇ ਦਿਨ 19 ਮਾਰਚ ਨੂੰ ਪੁਲਸ ਨੂੰ ਸੂਚਨਾ ਮਿਲੀ ਕਿ ਇਕ ਨੌਜਵਾਨ ਖੇਤ 'ਚ ਜ਼ਖਮੀ ਹਾਲਤ 'ਚ ਪਿਆ ਹੈ। ਪੁਲਸ ਮੌਕੇ 'ਤੇ ਪਹੁੰਚੀ ਅਤੇ ਨੌਜਵਾਨ ਨੂੰ ਇਲਾਜ ਲਈ ਬਿਧੁਨਾ ਕਮਿਊਨਿਟੀ ਹੈਲਥ ਸੈਂਟਰ 'ਚ ਦਾਖ਼ਲ ਕਰਵਾਇਆ ਅਤੇ ਪਰਿਵਾਰਕ ਮੈਂਬਰਾਂ ਨੂੰ ਘਟਨਾ ਬਾਰੇ ਸੂਚਿਤ ਕੀਤਾ ਗਿਆ।"

ਉਨ੍ਹਾਂ ਦੱਸਿਆ,''ਦਿਲੀਪ ਨੂੰ 19 ਮਾਰਚ ਦੀ ਰਾਤ ਸੈਫਈ ਹਸਪਤਾਲ ਲਿਜਾਇਆ ਗਿਆ। ਇਸ ਤੋਂ ਬਾਅਦ ਉਸ ਨੂੰ ਗਵਾਲੀਅਰ ਅਤੇ ਫਿਰ 19 ਮਾਰਚ ਨੂੰ ਆਗਰਾ ਲਿਜਾਇਆ ਗਿਆ। ਹਾਲਤ ਗੰਭੀਰ ਹੋਣ 'ਤੇ ਪਰਿਵਾਰ ਵਾਲਿਆਂ ਨੇ ਉਸ ਨੂੰ 20 ਮਾਰਚ ਨੂੰ ਓਰੈਯਾ ਦੇ ਇਕ ਹਸਪਤਾਲ 'ਚ ਦਾਖ਼ਲ ਕਰਵਾਇਆ। ਅਗਲੇ ਦਿਨ 21 ਮਾਰਚ ਦੀ ਰਾਤ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ।'' ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਕਾਤਲਾਂ ਦੀ ਪਛਾਣ ਕੀਤੀ ਗਈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਦਿਲੀਪ ਯਾਦਵ ਦੀ ਪਤਨੀ ਪ੍ਰਗਤੀ ਯਾਦਵ, ਉਸ ਦੇ ਪ੍ਰੇਮੀ ਅਨੁਰਾਗ ਉਰਫ਼ ਮਨੋਜ ਅਤੇ ਰਾਮਜੀ ਚੌਧਰੀ ਵਜੋਂ ਹੋਈ ਹੈ। ਪੁਲਸ ਸੁਪਰਡੈਂਟ (ਐੱਸਪੀ) ਅਭਿਜੀਤ ਆਰ. ਸ਼ੰਕਰ ਨੇ ਦੱਸਿਆ ਕਿ ਪ੍ਰਗਤੀ ਅਤੇ ਉਸ ਦੇ ਪ੍ਰੇਮੀ ਅਨੁਰਾਗ ਉਰਫ਼ ਮਨੋਜ ਨੇ ਮਿਲ ਕੇ ਦਿਲੀਪ ਦੇ ਕਤਲ ਦੀ ਸਾਜਿਸ਼ ਰਚੀ ਸੀ। ਐੱਸ.ਪੀ. ਨੇ ਦੱਸਿਆ ਕਿ ਦੋਸ਼ੀਆਂ ਨੇ ਦਿਲੀਪ ਦੇ ਕਤਲ ਲਈ ਰਾਮਜੀ ਚੌਧਰੀ ਨੂੰ 2 ਲੱਖ ਰੁਪਏ ਦੀ ਸੁਪਾਰੀ ਦਿੱਤੀ ਸੀ। ਪ੍ਰਗਤੀ ਨੇ ਵਿਆਹ 'ਚ ਮੂੰਹ ਦਿਖਾਈ ਅਤੇ ਹੋਰ ਰਸਮਾਂ ਦੌਰਾਨ ਉਸ ਨੂੰ ਮਿਲੇ ਇਕ ਲੱਖ ਰੁਪਏ ਸ਼ੂਟਰ ਨੂੰ ਐਡਵਾਂਸ ਦੇ ਦਿੱਤੇ। ਐੱਸ.ਪੀ. ਨੇ ਦੱਸਿਆ ਕਿ ਚੌਧਰੀ ਨੇ ਦਿਲੀਪ ਨੂੰ ਧੋਖੇ ਨਾਲ ਬੁਲਾਇਆ ਅਤੇ ਮੋਟਰਸਾਈਕਲ 'ਤੇ ਬਿਠਾ ਕੇ ਖੇਤਾਂ ਵੱਲ ਲੈ ਗਿਆ, ਜਿੱਥੇ ਉਸ ਨੇ ਦਿਲੀਪ ਨਾਲ ਕੁੱਟਮਾਰ ਕੀਤੀ ਅਤੇ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਉਹ ਦਿਲੀਪ ਨੂੰ ਮਰਿਆ ਸਮਝ ਕੇ ਫਰਾਰ ਹੋ ਗਿਆ। ਪੁਲਸ ਸੂਤਰਾਂ ਨੇ ਦੱਸਿਆ ਕਿ ਦਿਲੀਪ ਦਾ ਵਿਆਹ ਇਸੇ ਮਹੀਨੇ 5 ਮਾਰਚ ਨੂੰ ਪ੍ਰਗਤੀ ਨਾਲ ਹੋਇਆ ਸੀ। ਪ੍ਰਗਤੀ ਦਾ ਪ੍ਰੇਮ ਪ੍ਰਸੰਗ ਪਿੰਡ ਦੇ ਹੀ ਅਨੁਰਾਗ ਨਾਲ ਸੀ। ਪ੍ਰਗਤੀ ਅਤੇ ਉਸ ਦੇ ਪ੍ਰੇਮੀ ਨੇ ਮਿਲ ਕੇ ਦਿਲੀਪ ਨੂੰ ਰਸਤੇ ਤੋਂ ਹਟਾਉਣ ਦੀ ਸਾਜਿਸ਼ ਰਚੀ ਅਤੇ ਰਾਮਜੀ ਚੌਧਰੀ ਨੂੰ 2 ਲੱਖ ਰੁਪਏ ਦੀ ਸੁਪਾਹੀ ਦੇ ਕੇ ਦਿਲੀਪ ਦੇ ਕਤਲ ਦਾ ਕੰਮ ਸੌਂਪਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News