ਕੋਰੋਨਾ ਨਾਲ ਜੰਗ 'ਚ ਆਫਤ ਦੀ 'ਜਮਾਤ', 24 ਲੋਕ ਕੋਰੋਨਾ ਪਾਜ਼ੀਟਿਵ

Tuesday, Mar 31, 2020 - 11:36 AM (IST)

ਕੋਰੋਨਾ ਨਾਲ ਜੰਗ 'ਚ ਆਫਤ ਦੀ 'ਜਮਾਤ', 24 ਲੋਕ ਕੋਰੋਨਾ ਪਾਜ਼ੀਟਿਵ

ਨਵੀਂ ਦਿੱਲੀ— ਅਜਿਹੇ ਸਮੇਂ 'ਚ ਜਦੋਂ ਭਾਰਤ 'ਚ ਕੋਰੋਨਾ ਦੀ ਜੰਗ ਫੈਸਲਾਕੁਨ ਮੋੜ 'ਤੇ ਹੈ। ਇਕ ਛੋਟੀ ਜਿਹੀ ਗਲਤੀ ਵੀ ਦੇਸ਼ ਨੂੰ ਗੰਭੀਰ ਸੰਕਟ 'ਚ ਪਾ ਸਕਦੀ ਹੈ। ਕੁਝ ਲਾਪ੍ਰਵਾਹ ਲੋਕਾਂ ਦੀ ਜਮਾਤ ਨੇ ਹਰ ਕਿਸੇ ਨੂੰ ਮੁਸ਼ਕਲ 'ਚ ਪਾ ਦਿੱਤਾ ਹੈ। ਦੱਖਣੀ-ਪੂਰਬੀ ਦਿੱਲੀ ਦੇ ਨਿਜ਼ਾਮੁਦੀਨ ਸਥਿਤ ਮਰਕਜ਼ ਇਮਾਰਤ 'ਚ 'ਤਬਲੀਗੀ ਜਮਾਤ' ਦੇ ਆਯੋਜਨ ਨੂੰ ਲੈ ਕੇ ਭਾਜੜਾਂ ਪਈਆਂ ਹੋਈਆਂ ਹਨ। ਦਿੱਲੀ ਦਾ ਨਿਜ਼ਾਮੁਦੀਨ ਇਲਾਕਾ ਹੁਣ ਕੋਰੋਨਾ ਦਾ ਕੇਂਦਰ ਹੈ। ਇਸ ਮਰਕਜ਼ 'ਚ ਸ਼ਾਮਲ 24 ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਹ ਗੱਲ ਦਿੱਲੀ ਦੇ ਸਿਹਤ ਮੰਤਰੀ ਸੱਤਿਯੇਂਦਰ ਜੈਨ ਨੇ ਸਪੱਸ਼ਟ ਕੀਤੀ ਹੈ। ਦਿੱਲੀ ਸਰਕਾਰ ਦੇ ਆਦੇਸ਼ 'ਤੇ ਮਰਕਜ਼ ਦੇ ਮੌਲਾਨਾ ਵਿਰੁੱਧ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਨਿਜ਼ਾਮੁਦੀਨ ਦੀਆਂ ਗਲੀਆਂ ਨੂੰ ਸੈਨੇਟਾਈਜ਼ ਕੀਤਾ ਗਿਆ ਹੈ।

ਸੱਤਿਯੇਂਦਰ ਜੈਨ ਨੇ ਕਿਹਾ ਕਿ 5 ਲੋਕਾਂ ਤੋਂ ਜ਼ਿਆਦਾ ਨਾ ਇਕੱਠਾ ਹੋਣ ਦੇ ਬਾਵਜੂਦ ਉੱਥੇ ਲੋਕ ਇਕੱਠੇ ਸਨ। ਉਨ੍ਹਾਂ ਕਿਹਾ ਕਿ ਲਾਕ ਡਾਊਨ ਦੇ ਬਾਵਜੂਦ ਇੱਥੇ ਆਯੋਜਨ ਘੋਰ ਅਪਰਾਧ ਹੈ ਅਤੇ ਇਸ ਦੀ ਸੂਚਨਾ ਉੱਪ ਰਾਜਪਾਲ ਨੂੰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਮਰਕਜ਼ ਇਮਾਰਤ 'ਚ 1500 ਤੋਂ 1700 ਲੋਕ ਮੌਜੂਦ ਸਨ, ਜਿਨ੍ਹਾਂ 'ਚੋਂ 1033 ਲੋਕਾਂ ਨੂੰ ਕੱਢਿਆ ਗਿਆ ਹੈ, ਜਿਸ 'ਚੋਂ 335 ਨੂੰ ਵੱਖ-ਵੱਖ ਹਸਪਤਾਲਾਂ 'ਚ ਲਿਜਾਇਆ ਗਿਆ ਅਤੇ ਬਾਕੀਆਂ ਨੂੰ ਕੁਆਰੰਟੀਨ 'ਚ ਰੱਖਿਆ ਗਿਆ ਹੈ।

ਸੂਤਰਾਂ ਮੁਤਾਬਕ ਇਸ ਮਰਕਜ਼ 'ਚ ਲਾਕ ਡਾਊਨ ਤੋਂ ਬਾਅਦ ਕਰੀਬ 2500 ਲੋਕ ਜਮਾਂ ਸਨ, ਜਿਨ੍ਹਾਂ 'ਚ ਸੈਂਕੜੇ ਵਿਦੇਸ਼ੀ ਵੀ ਸਨ। ਮਰਕਜ਼ ਨੇ ਕਿੰਨਾ ਵੱਡਾ ਖਤਰਾ ਪੈਦਾ ਕੀਤਾ ਹੈ, ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਲਾਕ ਡਾਊਨ ਤੋਂ ਪਹਿਲਾਂ ਮਰਕਜ਼ ਤੋਂ ਕਰੀਬ 1200 ਲੋਕ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਜਮਾਤ ਲਈ ਨਿਕਲ ਗਏ ਸਨ। ਇਨ੍ਹਾਂ ਨੂੰ ਲੱਭਣਾ ਬੇਹੱਦ ਜ਼ਰੂਰੀ ਹੈ। ਜੇਕਰ ਉਨ੍ਹਾਂ 'ਚ ਵੀ ਕੋਈ ਕੋਰੋਨਾ ਤੋਂ ਪੀੜਤ ਹੋਇਆ ਤਾਂ ਸਥਿਤੀ ਵਿਗੜ ਸਕਦੀ ਹੈ। ਮਰਕਜ਼ ਦੇ ਨੇੜਲੇ ਇਲਾਕਿਆਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਜਿਨ੍ਹਾਂ ਲੋਕਾਂ ਨੂੰ ਜਾਂਚ ਲਈ ਲਿਜਾਇਆ ਗਿਆ ਹੈ, ਉਨ੍ਹਾਂ 'ਚ ਬੰਗਲਾਦੇਸ਼, ਸ਼੍ਰੀਲੰਕਾ, ਅਫਗਾਨਿਸਤਾਨ, ਮਲੇਸ਼ੀਆ, ਸਾਊਦੀ ਅਰਬ, ਇੰਗਲੈਂਡ ਅਤੇ ਚੀਨ ਦੇ ਕਰੀਬ 100 ਵਿਦੇਸ਼ੀ ਨਾਗਰਿਕ ਸ਼ਾਮਲ ਹਨ। ਸੂਤਰ ਇਸ ਨੂੰ ਪੁਲਸ ਅਤੇ ਸਥਾਨਕ ਪ੍ਰਸ਼ਾਸਨ ਨੂੰ ਇਸ ਦੀ ਭਿਣਕ ਸੀ।


author

Tanu

Content Editor

Related News