ਮਾਓਵਾਦੀ ਹਥਿਆਰ ਸੁੱਟਣ ਤੇ ਮੁੱਖ ਧਾਰਾ ’ਚ ਸ਼ਾਮਲ ਹੋਣ : ਸ਼ਾਹ
Monday, Jun 30, 2025 - 12:46 AM (IST)
 
            
            ਹੈਦਰਾਬਾਦ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਾਓਵਾਦੀਆਂ ਨਾਲ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਨੂੰ ਰੱਦ ਕਰਦੇ ਹੋਏ ਐਤਵਾਰ ਕਿਹਾ ਕਿ ਪਾਬੰਦੀਸ਼ੁਦਾ ਸੰਗਠਨ ਦੇ ਵਰਕਰਾਂ ਨੂੰ ਹਥਿਆਰ ਸੱੁਟ ਦੇਣੇ ਚਾਹੀਦੇ ਹਨ, ਪੁਲਸ ਅੱਗੇ ਆਤਮਸਮਰਪਣ ਕਰਨਾ ਚਾਹੀਦਾ ਹੈ ਤੇ ਮੁੱਖ ਧਾਰਾ ’ਚ ਸ਼ਾਮਲ ਹੋਣਾ ਚਾਹੀਦਾ ਹੈ।ਤੇਲੰਗਾਨਾ ਦੇ ਨਿਜ਼ਾਮਾਬਾਦ ’ਚ ਹਲਦੀ ਬੋਰਡ ਦੇ ਰਾਸ਼ਟਰੀ ਮੁੱਖ ਦਫਤਰ ਦਾ ਉਦਘਾਟਨ ਕਰਨ ਤੋਂ ਬਾਅਦ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਜੋ ‘ਆਪ੍ਰੇਸ਼ਨ ਸਿੰਧੂਰ’ ਤੇ ਸਵਾਲ ਉਠਾ ਰਹੇ ਹਨ, ਨੂੰ ਆਪ੍ਰੇਸ਼ਨ ਦੇ ਪ੍ਰਭਾਵ ਨੂੰ ਸਮਝਣ ਲਈ ਪਾਕਿਸਤਾਨ ਦੇ ਕਮਜ਼ੋਰ ਅਕਸ ਨੂੰ ਦੇਖਣਾ ਚਾਹੀਦਾ ਹੈ।
ਸ਼ਾਹ ਨੇ ਕਿਹਾ ਕਿ ਕਾਂਗਰਸ ਕੇਂਦਰ ਨੂੰ ਮਾਓਵਾਦੀਆਂ ਨਾਲ ਗੱਲ ਕਰਨ ਲਈ ਕਹਿੰਦੀ ਹੈ। ਸਾਡੀ ਸਰਕਾਰ ਦੀ ਨੀਤੀ ਹੈ ਕਿ ਜਿਨ੍ਹਾਂ ਕੋਲ ਹਥਿਆਰ ਹਨ, ਉਨ੍ਹਾਂ ਨਾਲ ਗੱਲਬਾਤ ਨਹੀਂ ਕਰਾਂਗੇ। ਹਥਿਆਰ ਛੱਡ ਦਿਓ, ਆਤਮਸਮਰਪਣ ਕਰੋ ਤੇ ਮੁੱਖ ਧਾਰਾ ਚ ਸ਼ਾਮਲ ਹੋਵੋ। ਉੱਤਰ-ਪੂਰਬ ’ਚ ਲਗਭਗ 10,000 ਅਜਿਹੇ ਵਿਅਕਤੀ ਹਥਿਆਰ ਛੱਡ ਕੇ ਮੁੱਖ ਧਾਰਾ ’ਚ ਸ਼ਾਮਲ ਹੋਏ ਹਨ।ਸ਼ਾਹ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੇ ਜ਼ਿਲਾ ਪੱਧਰ ਤੋਂ ਲੈ ਕੇ ਸੂਬਾਈ ਵਿਧਾਨ ਸਭਾਵਾਂ ਤੱਕ ਦੇ ਅਹੁਦਿਆਂ ਲਈ ਚੋਣਾਂ ’ਚ ਵੀ ਹਿੱਸਾ ਲਿਆ। ਇਸੇ ਤਰ੍ਹਾਂ ਪਿਛਲੇ ਡੇਢ ਸਾਲ ’ਚ 2,000 ਤੋਂ ਵੱਧ ਮਾਓਵਾਦੀਆਂ ਨੇ ਆਤਮਸਮਰਪਣ ਕੀਤਾ ਹੈ।ਗ੍ਰਹਿ ਮੰਤਰੀ ਨੇ ਕਿਹਾ ਕਿ ਜੇ ਮਾਓਵਾਦੀ ਆਤਮਸਮਰਪਣ ਨਹੀਂ ਕਰਦੇ ਤਾਂ ਅਸੀਂ ਤੈਅ ਕੀਤਾ ਹੈ ਕਿ 31 ਮਾਰਚ, 2026 ਤੋਂ ਪਹਿਲਾਂ ਇਸ ਦੇਸ਼ ’ਚੋਂ ਨਕਸਲਵਾਦ ਦਾ ਖਾਤਮਾ ਕਰ ਦਿਆਂਗੇ।

 
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            