ਪਾਕਿ ’ਚ ਕੁੜੀਆਂ ਨੂੰ ਅਗਵਾ ਕੀਤੇ ਜਾਣ ’ਤੇ ਬੋਲੇ ਸਿਰਸਾ, ਕਿਹਾ- UN ’ਚ ਲੈ ਕੇ ਜਾਵਾਂਗੇ ਪ੍ਰਸਤਾਵ

Monday, Sep 02, 2019 - 01:33 PM (IST)

ਪਾਕਿ ’ਚ ਕੁੜੀਆਂ ਨੂੰ ਅਗਵਾ ਕੀਤੇ ਜਾਣ ’ਤੇ ਬੋਲੇ ਸਿਰਸਾ, ਕਿਹਾ- UN ’ਚ ਲੈ ਕੇ ਜਾਵਾਂਗੇ ਪ੍ਰਸਤਾਵ

ਨਵੀਂ ਦਿੱਲੀ— ਪਾਕਿਸਤਾਨ ’ਚ ਹਿੰਦੂ-ਸਿੱਖ ਕੁੜੀਆਂ ਨੂੰ ਅਗਵਾ ਕਰਨ ਅਤੇ ਜ਼ਬਰਨ ਧਰਮ ਪਰਿਵਰਤਨ ਕਰਨ ਦਾ ਸਿਲਸਿਲਾ ਰੁੱਕਣ ਦਾ ਨਾਂ ਨਹੀਂ ਲੈ ਰਿਹਾ ਹੈ। ਬੀਤੇ ਦਿਨੀਂ ਪਾਕਿਸਤਾਨ ਸਥਿਤ ਸ੍ਰੀ ਨਨਕਾਣਾ ਸਾਹਿਬ ਤੋਂ ਸਿੱਖ ਕੁੜੀ ਜਗਜੀਤ ਕੌਰ ਨੂੰ ਅਗਵਾ ਕਰ ਕੇ ਉਸ ਦਾ ਧਰਮ ਪਰਿਵਰਤਨ ਕਰਵਾ ਕੇ ਨਿਕਾਹ ਕਰ ਦਿੱਤਾ ਗਿਆ। ਇਸ ਮਾਮਲੇ ਨੂੰ ਲੈ ਕੇ ਸਿੱਖ ਭਾਈਚਾਰੇ ਵਿਚ ਰੋਸ ਹੈ। ਇਸ ਤੋਂ ਬਾਅਦ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ, ਪਾਕਿਸਤਾਨ ਦੇ ਸਿੰਧ ਸੂਬੇ ’ਚ ਇਕ ਹਿੰਦੂ ਕੁੜੀ ਨੂੰ ਵੀ ਅਗਵਾ ਕਰ ਕੇ ਉਸ ਦਾ ਧਰਮ ਪਰਿਵਰਤਨ ਕਰਵਾਇਆ ਗਿਆ। ਇਸ ਕੁੜੀ ਦੀ ਪਛਾਣ ਰੇਣੂ ਕੁਮਾਰੀ ਵਜੋਂ ਹੋਈ ਹੈ।

ਇਨ੍ਹਾਂ ਮਾਮਲਿਆਂ ਨੂੰ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਪਾਕਿਸਤਾਨ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਜਗਜੀਤ ਕੌਰ ਤੇ ਹੁਣ ਰੇਣੂ ਕੁਮਾਰੀ ਨੂੰ ਅਗਵਾ ਕੀਤਾ ਗਿਆ ਅਤੇ ਧਰਮ ਪਰਿਵਰਤਨ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਇਹ ਪਾਕਿਸਤਾਨ ’ਚ ਘੱਟ ਗਿਣਤੀ ਦਾ ਹਾਲ ਹੈ। ਵਾਰ-ਵਾਰ ਘੱਟ ਗਿਣਤੀ ’ਤੇ ਅੱਤਿਆਚਾਰ ਕੀਤਾ ਜਾ ਰਿਹਾ ਹੈ, ਉਨ੍ਹਾਂ ਦੀਆਂ ਧੀਆਂ ਅਗਵਾ ਕੀਤੀਆਂ ਜਾਂਦੀਆਂ ਹਨ ਅਤੇ ਉਨ੍ਹਾਂ ਦਾ ਜ਼ਬਰਨ ਵਿਆਹ ਕੀਤਾ ਜਾਂਦਾ ਹੈ। ਫਿਰ ਕਿਹਾ ਜਾਂਦਾ ਹੈ ਕਿ ਇਹ ਲਵ ਮੈਰਿਜ ਹੈ, ਲਵ ਜੇਹਾਦ ਹੈ। ਅਸੀਂ ਇਸ ਲਈ ਲੰਬੀ ਲੜਾਈ ਲੜਨ ਲਈ ਤਿਆਰ ਹਾਂ। ਸਿਰਸਾ ਨੇ ਅੱਗੇ ਕਿਹਾ ਕਿ ਮੈਂ ਇਹ ਵਿਸ਼ਾ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਨਿੱਜੀ ਤੌਰ ’ਤੇ ਮਿਲ ਕੇ ਚੁੱਕਿਆ। ਉਨ੍ਹਾਂ ਨੇ ਮੈਨੂੰ ਭਰੋਸਾ ਦਿੱਤਾ ਕਿ ਉਹ ਜੈਸ਼ੰਕਰ ਨਾਲ ਇਸ ਮੁੱਦੇ ਨੂੰ ਚੁੱਕਣਗੇ। 


ਸਿਰਸਾ ਨੇ ਕਿਹਾ ਕਿ ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਵਿਦੇਸ਼ ਮੰਤਰਾਲੇ ਨੇ ਇਸ ਵਿਸ਼ੇ ’ਤੇ ਆਪਣੀ ਪ੍ਰਤੀਕਿਰਿਆ ਦਿੱਤੀ। ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ ਨੂੰ ਸਖਤੀ ਨਾਲ ਕਿਹਾ ਹੈ ਕਿ ਘੱਟ ਗਿਣਤੀ ਨੂੰ ਬਚਾਇਆ ਜਾਵੇ ਅਤੇ ਉਨ੍ਹਾਂ ਦੀ ਬੱਚੀਆਂ ਉਨ੍ਹਾਂ ਨੂੰ ਵਾਪਸ ਕੀਤੀਆਂ ਜਾਣ। ਸਿਰਸਾ ਨੇ ਕਿਹਾ ਕਿ ਅਸੀਂ ਇਸ ਵਿਸ਼ੇ ’ਤੇ ਸੰਯੁਕਤ ਰਾਸ਼ਟਰ (ਯੂ. ਐੱਨ.) ’ਚ ਪ੍ਰਸਤਾਵ ਲੈ ਕੇ ਜਾਵਾਂਗੇ ਕਿ ਉਹ ਇਨ੍ਹਾਂ ਬੱਚੀਆਂ ਨੂੰ ਆਪਣੀ ਹਿਰਾਸਤ ’ਚ ਲੈਣ, ਕਬਜ਼ੇ ’ਚ ਲੈਣ, ਕਿਉਂਕਿ ਇਹ ਮਨੁੱਖਤਾ ਵਿਰੁੱਧ ਅਪਰਾਧ ਦਾ ਮੁੱਦਾ ਹੈ, ਕਿਸੇ ਧਰਮ ਜਾਂ ਕਿਸੇ ਮੁਲਕ ਦਾ ਵਿਸ਼ਾ ਨਹੀਂ ਹੈ। 


author

Tanu

Content Editor

Related News