35 ਸਾਲ ਬੀਤ ਗਏ ਪਰ ਜ਼ਖਮ ਅੱਜ ਵੀ ਹਰੇ, ਸਰਕਾਰ ਨੂੰ ਸਿਰਸਾ ਨੇ ਕੀਤੀ ਅਪੀਲ

06/03/2019 5:48:05 PM

ਨਵੀਂ ਦਿੱਲੀ— ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਆਪਰੇਸ਼ਨ ਬਲਿਊ ਸਟਾਰ ਦੇ 35 ਸਾਲ ਬੀਤ ਜਾਣ ਮਗਰੋਂ ਆਪਣੀ ਭੜਾਸ ਕੱਢੀ ਹੈ। ਸਿਰਸਾ ਨੇ ਕਿਹਾ ਕਿ ਅੱਜ ਤੋਂ 35 ਸਾਲ ਪਹਿਲਾਂ 1984 'ਚ ਇੰਦਰਾ ਗਾਂਧੀ ਦੀ ਕਾਂਗਰਸ ਸਰਕਾਰ ਵਲੋਂ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਤੋਪਾਂ ਤੇ ਟੈਕਾਂ ਨਾਲ ਹਮਲਾ ਕੀਤਾ ਗਿਆ। ਹਜ਼ਾਰਾਂ ਬੇਗੁਨਾਹ ਲੋਕਾਂ ਦਾ ਕਤਲ ਕੀਤਾ ਗਿਆ। 35 ਸਾਲਾਂ 'ਚ ਕਈ ਸਰਕਾਰਾਂ ਆਈਆਂ ਪਰ ਅੱਜ ਤਕ ਕਿਸੇ ਨੇ ਵੀ ਇਸ ਕਤਲੇਆਮ ਲਈ ਮੁਆਫ਼ੀ ਨਹੀਂ ਮੰਗੀ। 

PunjabKesari
ਮੈਂ ਭਾਰਤ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਸਿੱਖਾਂ ਦੇ ਉੱਤੇ ਹੋਏ ਇਸ ਸਭ ਤੋਂ ਵੱਡੇ ਕਤਲੇਆਮ ਲਈ ਅੱਜ ਦੀ ਮੌਜੂਦਾ ਸਰਕਾਰ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਵੀ ਜਨਤਕ ਹੋਣਾ ਚਾਹੀਦਾ ਹੈ ਕਿ ਇਸ ਦੇ ਪਿੱਛੇ ਕੀ ਕਾਰਨ ਰਹੇ ਸਨ, ਕਿਵੇਂ ਬੇਗੁਨਾਹ ਲੋਕਾਂ ਦਾ ਕਤਲ ਕੀਤਾ ਗਿਆ, ਇਸ ਸਭ ਦੀ ਜਾਂਚ ਹੋਣੀ ਚਾਹੀਦੀ ਹੈ। ਇਸ ਸਾਜਿਸ਼ ਦੇ ਪਿੱਛੇ ਕੌਣ-ਕੌਣ ਸਨ, ਇਸ ਸਭ ਦੇ ਖੁਲਾਸੇ ਹੋਣੇ ਚਾਹੀਦੇ ਹਨ। 35 ਸਾਲ ਨਿਕਲ ਗਏ ਹਨ ਪਰ ਨਾ ਤਾਂ ਸਾਨੂੰ ਦੁੱਖ ਭੁੱਲਿਆ ਹੈ ਅਤੇ ਨਾ ਹੀ ਸਾਡੇ ਜ਼ਖਮਾਂ 'ਤੇ ਮਲ੍ਹਮ ਲਾਈ ਗਈ। 

PunjabKesari
ਸਿਰਸਾ ਨੇ ਕਿਹਾ ਕਿ ਇਸ ਲਈ ਮੈਂ ਪੀ. ਐੱਮ. ਓ. ਇੰਡੀਆ ਅਤੇ ਹੋਮ ਮਿਨਿਸਟਰ ਇੰਡੀਆ ਦੋਹਾਂ ਨੂੰ ਅਪੀਲ ਕਰਦਾ ਹਾਂ ਕਿ ਸੁਪਰੀਮ ਕੋਰਟ ਦੇ ਇਕ ਸਿਟਿੰਗ ਜੱਜ ਦੀ ਨਿਯੁਕਤੀ ਕਰੇ, ਤਾਂ ਕਿ ਇਹ ਸਾਬਤ ਹੋ ਸਕੇ ਕਿ ਉਸ ਵੇਲੇ ਇੰਦਰਾ ਗਾਂਧੀ ਸਰਕਾਰ ਨੇ ਸਿੱਖਾਂ ਵਿਰੁੱਧ ਆਪਰੇਸ਼ਨ ਬਲਿਊ ਸਟਾਰ ਨੂੰ ਕਿਵੇਂ ਅੰਜ਼ਾਮ ਦਿੱਤਾ ਸੀ। ਮੈਂ ਉਮੀਦ ਕਰਦਾ ਹਾਂ ਕਿ ਸਰਕਾਰ ਜ਼ਰੂਰ ਇਕ ਕਮਿਸ਼ਨ ਬਣਾਏਗੀ ਅਤੇ ਜਿਹੜੀਆਂ ਇਨ੍ਹਾਂ ਸਾਰੀਆਂ ਚੀਜ਼ਾਂ ਦੀ ਪੜਤਾਲ ਕਰ ਸਕੇਗੀ। 

ਸਿਰਸਾ ਇੱਥੇ ਹੀ ਨਹੀਂ ਰੁੱਕੇ ਉਨ੍ਹਾਂ ਨੇ ਕਿਹਾ ਕਿ ਆਪਰੇਸ਼ਨ ਬਲਿਊ ਸਟਾਰ ਅਹਿਮਦ ਸ਼ਾਹ ਅਬਦਾਲੀ ਅਤੇ ਬਾਬਰ ਦੇ ਹਮਲਿਆਂ ਵਾਂਗ ਸੀ। ਜਿਨ੍ਹਾਂ ਨੇ ਲੋਕਾਂ ਨੂੰ ਕੁਚਲਣ ਲਈ ਆਪਣੀ ਤਾਕਤ ਦੀ ਵਰਤੋਂ ਕੀਤੀ ਅਤੇ ਅਜਿਹਾ ਹੀ ਇੰਦਰਾ ਗਾਂਧੀ ਨੇ ਵੀ ਕੀਤਾ। ਉਨ੍ਹਾਂ ਨੇ ਕਿਹਾ ਕਿ ਆਪਰੇਸ਼ਨ ਬਲਿਊ ਸਟਾਰ ਨੂੰ ਅੰਜ਼ਾਮ ਦੇਣ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਿਵਸ ਦਾ ਇਸਤੇਮਾਲ ਕੀਤਾ ਗਿਆ, ਜਿਸ ਨੇ ਉਨ੍ਹਾਂ ਦੀ ਸਰਕਾਰ ਅਤੇ ਕਾਂਗਰਸ ਪਾਰਟੀ ਵਿਚ ਸਿੱਖਾਂ ਦੇ ਵਿਸ਼ਵਾਸ ਨੂੰ ਹਮੇਸ਼ਾ ਲਈ ਖਤਮ ਕਰ ਦਿੱਤਾ। 
 


Tanu

Content Editor

Related News