ਮਣੀਪੁਰ ਵੀਡੀਓ : ਉੱਤਰ ਪ੍ਰਦੇਸ਼ ''ਚ ਸਪਾ ਤੇ ਬਸਪਾ ਨੇ ਭਾਜਪਾ ਨੂੰ ਘੇਰਿਆ
Thursday, Jul 20, 2023 - 02:57 PM (IST)

ਲਖਨਊ- ਮਣੀਪੁਰ 'ਚ ਦੋ ਔਰਤਾਂ ਨੂੰ ਨੰਗਾ ਕਰਕੇ ਉਨ੍ਹਾਂ ਦੀ ਪਰੇਡ ਕਰਾਉਣ ਦੀ ਵੀਡੀਓ ਦੇ ਸੰਦਰਭ 'ਚ ਉੱਤਰ ਪ੍ਰਦੇਸ਼ ਦੇ ਵਿਰੋਧੀ ਦਲਾਂ ਸਮਾਜਵਾਦੀ ਪਾਰਟੀ (ਸਪਾ) ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਨੇ ਭਾਜਪਾ ਸਰਕਾਰ 'ਤੇ ਵੀਰਵਾਰ ਨੂੰ ਨਿਸ਼ਾਨਾ ਵਿੰਨ੍ਹਿਆ। ਸਪਾ ਮੁਖੀ ਅਖਿਲੇਸ਼ ਯਾਦਵ ਨੇ ਮਣੀਪੁਰ ਦੀ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ। ਉਨ੍ਹਾਂ ਟਵੀਟ ਕੀਤਾ, 'ਮਣੀਪੁਰ 'ਚ ਸੱਭਿਅਤਾ ਦਾ ਚੀਰਹਰਣ ਹੋਇਆ ਹੈ ਅਤੇ ਸੱਭਿਆਚਾਰ ਦਾ ਪਾਤਾਲ-ਪਤਨ।' ਯਾਦਵ ਨੇ ਮਣੀਪੁਰ ਦੇ ਮੌਜੂਦਾ ਹਾਲਾਤ ਲਈ 'ਆਰ.ਐੱਸ.ਐੱਸ. ਦੀ ਨਫਰਤ ਦੀ ਨੀਤੀ ਅਤੇ ਭਾਜਪਾ ਦੀ ਵੋਟ ਦੀ ਰਾਜਨੀਤੀ ਨੂੰ ਜ਼ਿੰਮੇਵਾਰ ਦੱਸਿਆ।
ਉਨ੍ਹਾਂ ਟਵੀਟ ਕੀਤਾ, 'ਧੀਆਂ-ਭੈਣਾਂ ਦੇ ਪਰਿਵਾਰ ਵਾਲੇ ਹੁਣ ਭਾਜਪਾ ਵੱਲ ਦੇਖਣ ਤੋਂ ਪਹਿਲਾਂ ਇਕ ਵਾਰ ਜ਼ਰੂਰ ਸੋਚਣਗੇ।'
ਬਸਪਾ ਸੁਪਰੀਮੋ ਮਾਇਆਵਤੀ ਨੇ ਵੀ ਮਣੀਪੁਰ 'ਚ ਜਾਰੀ ਹਿੰਸਾ 'ਤੇ ਚਿੰਤਾ ਜਤਾਈ ਅਤੇ ਕਿਹਾ ਕਿ ਦੋ ਔਰਤਾਂ ਨੂੰ ਨੰਗਾ ਕਰਕੇ ਉਨ੍ਹਾਂ ਦੀ ਪਰੇਡ ਕਰਾਉਣ ਦੀ ਘਟਨਾ 'ਖਾਸ ਕਰਕੇ ਭਾਜਪਾ ਅਤੇ ਉਸਦੀ ਸਰਕਾਰ ਨੂੰ ਸ਼ਰਮਸਾਰ ਕਰਨ' ਵਾਲੀ ਹੈ। ਮਾਇਆਵਤੀ ਨੇ ਟਵੀਟ ਕੀਤਾ, 'ਮਣੀਪੁਰ 'ਚ ਲਗਾਤਾਰ ਜਾਰੀ ਹਿੰਸਾ ਅਤੇ ਤਣਾਅ ਕਾਰਨ ਪੂਰਾ ਦੇਸ਼ ਚਿੰਤਤ ਹੈ ਅਤੇ ਔਰਤਾਂ ਦੇ ਨਾਲ ਅਸ਼ਲੀਲਤਾ ਦੀ ਤਾਜ਼ਾ ਘਟਨਾ ਖਾਸ ਕਰਕੇ ਭਾਜਪਾ ਅਤੇ ਉਸਦੀ ਸਰਕਾਰਕ ਨੂੰ ਸ਼ਰਮਸਾਰ ਕਰਨ ਵਾਲੀ ਹੈ।'
ਉਨ੍ਹਾਂ ਕਿਹਾ ਕਿ ਮਣੀਪੁਰ 'ਚ ਕਾਨੂੰਨ ਵਿਵਸਥਾ ਕਾਫੀ ਪਹਿਲਾਂ ਤੋਂ ਹੀ ਟੁੱਟ ਚੁੱਕੀ ਹੈ ਪਰ ਕੀ ਭਾਜਪਾ ਹੁਣ ਵੀ ਅਜਿਹੇ ਮੁੱਖ ਮੰਤਰੀ ਨੂੰ ਸੁਰੱਖਿਆ ਦਿੰਦੀ ਰਹੇਗੀ?
ਦੱਸ ਦੇਈਏ ਕਿ 4 ਮਈ ਦੀ ਇਹ ਵੀਡੀਓ ਬੁੱਧਵਾਰ ਨੂੰ ਸਾਹਮਣੇ ਆਉਣ ਤੋਂ ਬਾਅਦ ਮਣੀਪੁਰ ਦੇ ਪਹਾੜੀ ਖੇਤਰ ਵਿਚ ਤਣਾਅ ਬਣਿਆ ਹੋਇਆ ਹੈ। ਇਸ ਵੀਡੀਓ 'ਚ ਦਿਸ ਰਿਹਾ ਹੈ ਕਿ ਵਿਰੋਧੀ ਧਿਰ ਦੇ ਕੁਝ ਲੋਕ ਇਕ ਭਾਈਚਾਰੇ ਦੀਆਂ ਦੋ ਔਰਤਾਂ ਨੂੰ ਨੰਗਾ ਕਰ ਕੇ ਪਰੇਡ ਕਰਵਾ ਰਹੇ ਹਨ।