ਕੋਰੋਨਾ ਦੇ ਡਰ ਤੋਂ ਕੋਈ ਕੋਲ ਤੱਕ ਨਹੀਂ ਆਇਆ, ਬੀਮਾਰ ਸ਼ਖਸ ਨੇ ਸੜਕ ''ਤੇ ਤੋੜਿਆ ਦਮ
Saturday, Jun 13, 2020 - 10:53 PM (IST)
ਹੈਦਰਾਬਾਦ - ਤੇਲੰਗਾਨਾ 'ਚ ਡਾਕਟਰਾਂ ਦੀ ਲਾਪਰਵਾਹੀ ਦਾ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਮੇਡਕ ਜ਼ਿਲ੍ਹੇ 'ਚ 52 ਸਾਲਾ ਸ਼ਖਸ ਦੀ ਮੌਤ ਸਹੀਂ ਸਮੇਂ 'ਤੇ ਇਲਾਜ ਨਾ ਮਿਲਣ ਕਾਰਣ ਹੋਈ। ਸ਼੍ਰੀਨਿਵਾਸ ਰਾਵ ਨਾਮ ਦਾ ਇਹ ਸ਼ਖਸ ਹੈਦਰਾਬਾਦ ਤੋਂ ਮੇਡਕ ਲਈ ਇੱਕ ਬਸ ਰਾਹੀਂ ਯਾਤਰਾ ਕਰ ਰਿਹਾ ਸੀ। ਇਸ ਦੌਰਾਨ ਉਨ੍ਹਾਂ ਨੂੰ ਸਾਹ ਲੈਣ 'ਚ ਦਿੱਕਤ ਆਉਣੀ ਸ਼ੁਰੂ ਹੋ ਗਈ। ਬਾਅਦ 'ਚ ਉਹ ਬੱਸ ਤੋਂ ਉਤਰ ਗਏ। ਸਹੀਂ ਸਮੇਂ 'ਤੇ ਇਲਾਜ ਨਾ ਮਿਲਣ ਕਾਰਣ ਇਸ ਸ਼ਖਸ ਦੀ ਜਾਨ ਚੱਲੀ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਸ਼ਖਸ 'ਚ ਕੋਰੋਨਾ ਦੇ ਲੱਛਣ ਵੀ ਸਨ।
ਇੱਕ ਪੁਲਸ ਅਧਿਕਾਰੀ ਮੁਤਾਬਕ, ਸਿਕੰਦਰਾਬਾਦ ਦੇ ਰਹਿਣ ਵਾਲੇ ਸ਼੍ਰੀਨਿਵਾਸ ਰਾਵ ਬੱਸ 'ਚ ਯਾਤਰਾ ਕਰ ਰਹੇ ਸਨ ਅਤੇ ਉਨ੍ਹਾਂ ਨੇ ਸਿਹਤ ਸਬੰਧੀ ਸ਼ਿਕਾਇਤ ਕੀਤੀ। ਉਨ੍ਹਾਂ ਨੇ ਬੱਸ ਦੇ ਡਰਾਇਵਰ ਨੂੰ ਨਜ਼ਦੀਕੀ ਹਸਪਤਾਲ ਲੈ ਜਾਣ ਨੂੰ ਕਿਹਾ। ਬੱਸ ਡਰਾਇਵਰ ਨੇ ਉਨ੍ਹਾਂ ਨੂੰ ਪ੍ਰਾਇਮਰੀ ਹੇਲਥ ਸੈਂਟਰ ਦੇ ਕੋਲ ਉਤਾਰ ਦਿੱਤਾ ਪਰ ਇੱਥੇ ਸ਼੍ਰੀਨਿਵਾਸ ਰਾਵ ਨੇ ਬਦਤਰ ਸਥਿਤੀ ਦਾ ਸਾਹਮਣਾ ਕੀਤਾ।
ਸ਼੍ਰੀਨਿਵਾਸ ਰਾਵ ਦੀ ਸਥਿਤੀ ਹੋਰ ਖ਼ਰਾਬ ਹੁੰਦੀ ਗਈ। ਉਹ ਖੜ੍ਹੇ ਹੋਣ ਦੀ ਹਾਲਤ 'ਚ ਵੀ ਨਹੀਂ ਸੀ। ਸੜਕ 'ਤੇ ਡਿੱਗੇ ਸ਼੍ਰੀਨਿਵਾਸ ਰਾਵ ਨੇ ਲੋਕਾਂ ਤੋਂ ਉਨ੍ਹਾਂ ਨੂੰ ਹਸਪਤਾਲ ਲੈ ਜਾਣ ਨੂੰ ਕਿਹਾ ਪਰ ਕੋਰੋਨਾ ਵਾਇਰਸ ਦੇ ਡਰ ਕਾਰਨ ਉਨ੍ਹਾਂ ਕੋਲ ਕੋਈ ਵੀ ਨਹੀਂ ਆਇਆ। ਹਾਲਾਂਕਿ, ਕੁੱਝ ਲੋਕਾਂ ਨੇ ਉਨ੍ਹਾਂ ਦੇ ਪਰਿਵਾਰ ਨੂੰ ਜ਼ਰੂਰ ਸੂਚਿਤ ਕੀਤਾ। ਉਥੇ ਹੀ, ਕੁੱਝ ਲੋਕਾਂ ਨੇ ਐਂਬੁਲੈਂਸ ਅਤੇ ਪੁਲਸ ਨੂੰ ਮੌਕੇ 'ਤੇ ਬੁਲਾਇਆ।
ਪੁਲਸ ਮੁਤਾਬਕ, ਹਸਪਤਾਲ 'ਚ ਮੌਜੂਦ ਡਾਕਟਰ ਵੀਡੀਓ ਕਾਨਫਰੰਸਿੰਗ 'ਚ ਰੁੱਝੇ ਸਨ। ਇੰਨਾ ਹੀ ਨਹੀਂ ਐਂਬੁਲੈਂਸ ਸ਼੍ਰੀਨਿਵਾਸ ਰਾਵ ਦੇ ਕੋਲ ਕਰੀਬ ਇੱਕ ਘੰਟੇ ਬਾਅਦ ਪਹੁੰਚੀ ਪਰ ਜਦੋਂ ਤੱਕ ਐਂਬੁਲੈਂਸ ਪੁੱਜਦੀ ਉਸ ਤੋਂ ਪਹਿਲਾਂ ਹੀ ਸ਼੍ਰੀਨਿਵਾਸ ਦਮ ਤੋਡ਼ ਚੁੱਕੇ ਸਨ। ਪਤੀ ਦੀ ਮੌਤ ਤੋਂ ਪਰੇਸ਼ਾਨ ਸ਼੍ਰੀਨਿਵਾਸ ਦੀ ਪਤਨੀ ਨੇ ਦੋਸ਼ ਲਗਾਇਆ ਕਿ ਜੇਕਰ ਸਮੇਂ 'ਤੇ ਇਲਾਜ ਮਿਲ ਜਾਂਦਾ ਤਾਂ ਉਨ੍ਹਾਂ ਦੇ ਪਤੀ ਬੱਚ ਸਕਦੇ ਸਨ।