‘ਚਾਚਾ’ ਬਣ ਗਏ ਹੁਣ ਪਾਪਾ; ਦਿਓਰ-ਭਰਜਾਈ ਨੇ ਲਏ ਸੱਤ ਫੇਰੇ
Saturday, May 14, 2022 - 04:03 PM (IST)

ਬੁਲਢਾਣਾ: ਵਿਆਹ ਨੂੰ ਲੈ ਕੇ ਹਰ ਕਿਸੇ ਦੇ ਮਨ ’ਚ ਇਕ ਵੱਖਰਾ ਉਤਸ਼ਾਹ ਹੁੰਦਾ ਹੈ। ਆਪਣੇ ਵਿਆਹ ਨੂੰ ਯਾਦਗਾਰ ਬਣਾਉਣ ਲਈ ਲੋਕ ਕੀ ਕੁਝ ਨਹੀਂ ਕਰਦੇ ਪਰ ਮਹਾਰਾਸ਼ਟਰ ਦੇ ਬੁਲਢਾਣਾ ਜ਼ਿਲ੍ਹੇ ’ਚ ਇਕ ਅਜਿਹਾ ਵਿਆਹ ਹੋਇਆ, ਜਿਸ ਨੇ ਲੋਕਾਂ ਲਈ ਇਕ ਮਿਸਾਲ ਕਾਇਮ ਕਰ ਦਿੱਤੀ ਹੈ। ਦਰਅਸਲ ਇੱਥੇ ਇਕ ਸ਼ਖ਼ਸ ਨੇ ਆਪਣੇ ਵੱਡੇ ਭਰਾ ਦੀ ਵਿਧਵਾ ਨਾਲ ਵਿਆਹ ਕਰਵਾ ਲਿਆ, ਜਿਸ ਦੀ ਪੂਰੇ ਇਲਾਕੇ ਵਿਚ ਚਰਚਾ ਹੋ ਰਹੀ ਹੈ। ਜ਼ਿਲ੍ਹੇ ਦੇ ਪਿੰਡ ਵਾਨਖੇੜ ਦੇ ਰਹਿਣ ਵਾਲੇ ਵਿਅਕਤੀ ਦੀ ਬੀਮਾਰੀ ਨਾਲ ਮੌਤ ਹੋ ਜਾਣ ਕਾਰਨ ਉਸ ਦੀ ਪਤਨੀ ਅਤੇ ਦੋ ਬੱਚਿਆਂ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਇਹ ਵੇਖ ਕੇ ਮ੍ਰਿਤਕ ਦੇ ਛੋਟੇ ਭਰਾ ਹਰੀਦਾਸ ਦਾਮਧਰ ਨੂੰ ਪਰਿਵਾਰ ਅਤੇ ਰਿਸ਼ਤੇਦਾਰਾਂ ਵੱਲੋਂ ਵਿਧਵਾ ਭਰਜਾਈ ਨਾਲ ਵਿਆਹ ਕਰਵਾਉਣ ਦੀ ਗੱਲ ਆਖੀ ਗਈ।
ਪਤੀ-ਪਤਨੀ ਦੇ ਰਿਸ਼ਤੇ ’ਚ ਬੱਝੇ ਦਿਓਰ-ਭਰਜਾਈ
ਹਰੀਦਾਸ ਨੇ ਵੀ ਸਮਾਜ ਅਤੇ ਦੁਨੀਆ ਦੀ ਪਰਵਾਹ ਨਾ ਕਰਦੇ ਹੋਏ ਸਾਰਿਆਂ ਦਾ ਮਾਣ ਰੱਖਿਆ ਅਤੇ ਉਹ ਆਪਣੀ ਭਰਜਾਈ ਨਾਲ ਵਿਆਹ ਕਰਨ ਲਈ ਤਿਆਰ ਹੋ ਗਿਆ। ਇਸ ਦੇ ਨਾਲ ਹੀ ਵਿਧਵਾ ਭਰਜਾਈ ਵੱਲੋਂ ਹਾਂ-ਪੱਖੀ ਜਵਾਬ ਮਿਲਣ ਤੋਂ ਬਾਅਦ ਇਸ ਵਿਆਹ ਦੀਆਂ ਤਿਆਰੀਆਂ ਸ਼ੁਰੂ ਕੀਤੀਆਂ ਗਈਆਂ। ਫਿਰ ਧੂਮ-ਧਾਮ ਨਾਲ ਦਿਓਰ-ਭਰਜਾਈ, ਪਤੀ-ਪਤਨੀ ਦੇ ਰਿਸ਼ਤੇ ਵਿਚ ਬੱਝ ਗਏ। ਬਰਾਤੀਆਂ ਨੇ ਇਸ ਆਦਰਸ਼ ਵਿਆਹ ਵਿਚ ਸ਼ਿਰਕਤ ਕੀਤੀ ਅਤੇ ਹਰੀਦਾਸ ਦਾਮਧਰ ਵੱਲੋਂ ਚੁੱਕੇ ਗਏ ਕਦਮ ਦੀ ਸ਼ਲਾਘਾ ਕੀਤੀ।
ਬੱਚਿਆਂ ਨੂੰ ਮਿਲਿਆ ਸਹਾਰਾ-
ਆਪਣੀ ਭਰਜਾਈ ਨਾਲ ਵਿਆਹ ਕਰਾਉਣ ਮਗਰੋਂ ਹਰੀਦਾਸ ਦਾਮਧਰ ਨੇ ਕਿਹਾ, "ਮੇਰੇ ਭਰਾ ਦਾ ਦਿਹਾਂਤ ਹੋਇਆ ਡੇਢ ਸਾਲ ਹੋ ਗਿਆ ਸੀ। ਉਨ੍ਹਾਂ ਦੇ ਦੋ ਬੱਚੇ ਹਨ। ਮੇਰੇ ਮਾਤਾ-ਪਿਤਾ ਨੇ ਫੈਸਲਾ ਕੀਤਾ ਅਤੇ ਮੈਨੂੰ ਆਪਣੀ ਭਰਜਾਈ ਨਾਲ ਵਿਆਹ ਕਰਨ ਲਈ ਕਿਹਾ, ਜਿਸ ਨਾਲ ਉਨ੍ਹਾਂ ਨੂੰ ਅਤੇ ਬੱਚਿਆਂ ਨੂੰ ਸਹਾਰਾ ਮਿਲ ਜਾਵੇ। ਮੈਨੂੰ ਮੇਰੇ ਮਾਤਾ-ਪਿਤਾ ਅਤੇ ਦੋਸਤਾਂ ਵੱਲੋਂ ਲਿਆ ਗਿਆ ਫੈਸਲਾ ਉਚਿਤ ਲੱਗਿਆ ਅਤੇ ਸੋਚਿਆ ਕਿ ਇਹ ਭਰਜਾਈ ਅਤੇ ਬੱਚਿਆਂ ਲਈ ਚੰਗਾ ਹੋਵੇਗਾ। ਇਸੇ ਲਈ ਮੈਂ ਵਿਆਹ ਲਈ ਹਾਂ ਕਹਿ ਦਿੱਤੀ। ਮੈਂ ਆਪਣੇ ਇਸ ਫੈਸਲੇ ਤੋਂ ਬਹੁਤ ਖੁਸ਼ ਹਾਂ।