ਡਰੱਗਜ਼ ਨਾਲ ਸਬੰਧਤ ਇਕ ਮਾਮਲੇ ’ਚੋਂ ਮਮਤਾ ਕੁਲਕਰਣੀ ਬਰੀ
Friday, Jul 26, 2024 - 05:24 PM (IST)

ਮੁੰਬਈ : 1990 ਦੇ ਦਹਾਕੇ ਦੀ ਸੁਪਰ ਸਟਾਰ ਅਦਾਕਾਰਾ ਮਮਤਾ ਕੁਲਕਰਣੀ ਡਰੱਗਜ਼ ਨਾਲ ਸਬੰਧਤ ਇਕ ਮਾਮਲੇ ’ਚੋਂ ਬਰੀ ਹੋ ਗਈ। ਬੀਤੇ ਦਿਨ ਬੰਬਈ ਹਾਈ ਕੋਰਟ ਨੇ ਸਬੂਤਾਂ ਦੀ ਕਮੀ ਵਿਚ ਕੁਲਕਰਣੀ ਖਿਲਾਫ ਦਰਜ ਐੱਫ. ਆਈ. ਆਰ. ਨੂੰ ਰੱਦ ਕਰਨ ਦਾ ਹੁਕਮ ਦਿੱਤਾ ਸੀ। ਕੁਲਕਰਣੀ ਨੇ ਇਕ ਪਟੀਸ਼ਨ ਦਾਖਲ ਕਰ ਕੇ ਕਿਹਾ ਸੀ ਕਿ ਉਸਨੂੰ ਡਰੱਗਜ਼ ਕਾਂਡ ਵਿਚ ਬਲੀ ਦਾ ਬਕਰਾ ਬਣਾਇਆ ਗਿਆ ਹੈ।
ਉਸਦੀ ਪਟੀਸ਼ਨ ’ਤੇ ਸੁਣਵਾਈ ਤੋਂ ਬਾਅਦ ਜਸਟਿਸ ਭਾਰਤੀ ਡਾਂਗਰੇ ਅਤੇ ਜਸਟਿਸ ਮੰਜੁਸ਼ਾ ਦੇਸ਼ਪਾਂਡੇ ਦੀ ਬੈਂਚ ਨੇ ਕਿਹਾ ਕਿ ਐੱਫ. ਆਈ. ਆਰ. ਵਿਚ ਉਸਦੇ ਉੱੁਪਰ ਲਗਾਏ ਗਏ ਦੋਸ਼ਾਂ ਤੋਂ ਇਲਾਵਾ ਕੁਲਕਰਣੀ ਖਿਲਾਫ ਕੋਈ ਸਬੂਤ ਨਹੀਂ ਹੈ।
ਦਰਅਸਲ, ਇਹ ਪੂਰਾ ਮਾਮਲਾ 2016 ਦਾ ਹੈ। ਉਸ ਸਮੇਂ ਠਾਣੇ ਦੀ ਪੁਲਸ ਨੇ ਸੋਲਾਪੁਰ ਵਿਚ ਫਾਰਮਾਸਿਊਟੀਕਲ ਕੰਪਨੀ ਏਵਨ ਲਾਈਫਸਾਇੰਸਿਜ਼ ’ਤੇ ਛਾਪੇਮਾਰੀ ਕਰ ਕੇ 14 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ।
ਪੁਲਸ ਨੇ ਦਾਅਵਾ ਕੀਤਾ ਸੀ ਕਿ ਮੁਲਜ਼ਮਾਂ ਨੇ ਐਫੇਡ੍ਰਾਈਨ ਦੀ ਵਰਤੋਂ ਕਰਨ ਦੀ ਯੋਜਨਾ ਬਣਾਈ ਸੀ। ਐਫੇਡ੍ਰਾਈਨ ਦੀ ਵਰਤੋਂ ਪਾਰਟੀਆਂ ਲਈ ਮੈਥ ਡਰੱਗ ਬਣਾਉਣ ਲਈ ਕੀਤੀ ਜਾਂਦੀ ਹੈ। ਇਸ ਐਫੇਡ੍ਰਾਈਨ ਨੂੰ ਕੀਨੀਆ ਭੇਜਣ ਦੀ ਯੋਜਨਾ ਸੀ। ਪੁਲਸ ਦਾ ਦਾਅਵਾ ਹੈ ਕਿ ਮਮਤਾ ਕੁਲਕਰਣੀ ਇਸ ਮਾਮਲੇ ਦੇ ਕਿੰਗਪਿਨ ਵਿੱਕੀ ਗੋਸਵਾਮੀ ਦੇ ਨਾਲ ਕੀਨੀਆ ਵਿਚ ਰਹਿੰਦੀ ਸੀ। ਇਸੇ ਆਧਾਰ ’ਤੇ ਉਸ ਨੂੰ ਮੁਲਜ਼ਮ ਬਣਾਇਆ ਗਿਆ ਸੀ।