ਮਮਤਾ ਸਰਕਾਰ ਨੇ ਸਕੂਲਾਂ ’ਚ ਤੈਅ ਕੀਤਾ ਨਵਾਂ ‘ਡਰੈੱਸ ਕੋਡ’, ਇਸ ਰੰਗ ਦੀ ਯੂਨੀਫਾਰਮ ਪਹਿਨਣਗੇ ਵਿਦਿਆਰਥੀ
Monday, Mar 21, 2022 - 10:35 AM (IST)
ਨੈਸ਼ਨਲ ਡੈਸਕ- ਪੱਛਮੀ ਬੰਗਾਲ ਦੀ ਮਮਤਾ ਸਰਕਾਰ ਸੂਬੇ ਦੇ ਸਰਕਾਰੀ ਸਕੂਲਾਂ ’ਚ ਇਕ ਨਵਾਂ ਡਰੈੱਸ ਕੋਡ ਲਾਗੂ ਕਰਨ ਜਾ ਰਹੀ ਹੈ। ਜਾਣਕਾਰੀ ਮੁਤਾਬਕ ਬੰਗਾਲ ’ਚ ਸਾਰੇ ਸਰਕਾਰੀ, ਗੈਰ-ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਵਿਦਿਆਰਥੀਆਂ ਦੀ ਯੂਨੀਫਾਰਮ ਨੀਲੇ ਅਤੇ ਸਫੈਦ ਰੰਗ ਦੀ ਹੋਵੇਗੀ। ਨਾਲ ਹੀ ਨਵੇਂ ਡਰੈੱਸ ਕੋਡ ’ਚ ਬੰਗਾਲ ਸਰਕਾਰ ਦਾ ‘ਬਿਸਵਾ ਬੰਗਲਾ’ ਲੋਗੋ ਵੀ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਇਸ ਡਰੈੱਸ ਨੂੰ ਡਿਜਾਈਨ ਖ਼ੁਦ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੀਤਾ ਹੈ।
ਇਕ ਸਰਕਾਰੀ ਆਦੇਸ਼ ਮੁਤਾਬਕ ਸੂਬੇ ਦੇ ਸੂਖਮ, ਲਘੂ ਅਤੇ ਮੱਧ ਉੱਦਮ ਮੰਤਰਾਲਾ ਵਲੋਂ ਨਵੀਂ ਯੂਨੀਫਾਰਮ ਦੀ ਸਪਲਾਈ ਕੀਤੀ ਜਾਵੇਗੀ। ਪ੍ਰੀ-ਪ੍ਰਾਇਮਰੀ ਤੋਂ ਜਮਾਤ 8ਵੀਂ ਤੱਕ ਦੇ ਮੁੰਡਿਆਂ ਲਈ ਸਫੈਦ ਸ਼ਰਟ ਅਤੇ ਨੇਵੀ ਬਲਿਊ ਪੈਂਟ ਅਤੇ ਕੁੜੀਆਂ ਲਈ ਨੇਵੀ ਬਲਿਊ ਫਰਾਕ ਅਤੇ ਸਲਵਾਰ ਕਮੀਜ਼ ਨਾਲ ਸਫੈਦ ਸ਼ਰਟ ਡਰੈੱਸ ਕੋਡ ਤੈਅ ਕੀਤਾ ਗਿਆ ਹੈ। ਇਸ ਦੇ ਨਾਲ ਹੀ ਹਰ ਡਰੈੱਸ ਦੀ ਜੇਬ ’ਤੇ ਬਿਸਵਾ ਬੰਗਲਾ ਦਾ ਲੋਗੋ ਲੱਗਾ ਹੋਵੇਗਾ।
ਸੂਬਾ ਸਰਕਾਰ ਵਲੋਂ ਵਿਦਿਆਰਥੀਆਂ ਨੂੰ ਦਿੱਤੇ ਜਾ ਰਹੇ ਸਕੂਲ ਬੈਗ ’ਤੇ ਵੀ ਬਿਸਵਾ ਬੰਗਲਾ ਦਾ ਲੋਗੋ ਹੋਵੇਗਾ। ਜਮਾਤ ਤੀਜੀ ਤੋਂ 5ਵੀਂ ਤੱਕ ਸ਼ਰਟ ਅਤੇ ਸਕਰਟ ਦੇ ਦੋ ਸੈੱਟ ਦਿੱਤੇ ਜਾਣਗੇ। ਜਦਕਿ ਜਮਾਤ 6ਵੀਂ ਤੋਂ 8ਵੀਂ ਤੱਕ ਸਲਵਾਰ ਅਤੇ ਕਮੀਜ਼ ਦੇ ਦੁੱਪਟੇ ਦੇ ਦੋ ਸੈੱਟ ਦਿੱਤੇ ਜਾਣਗੇ। ਸਕੂਲਾਂ ’ਚ ਡਰੈੱਸ ਕੋਡ ਤੈਅ ਕਰਨ ਤੋਂ ਪਹਿਲਾਂ ਮਮਤਾ ਬੈਨਰਜੀ ਦੇ ਆਦੇਸ਼ ’ਤੇ ਸਾਰੇ ਸਰਕਾਰੀ ਦਫ਼ਤਰਾਂ ਦੀ ਇਮਾਰਤ ਅਤੇ ਜਨਤਕ ਬੁਨਿਆਦੀ ਢਾਂਚੇ ਨੂੰ ਨੀਲੇ ਅਤੇ ਸਫੈਦ ਰੰਗ ’ਚ ਰੰਗਿਆ ਗਿਆ।