PM ਮੋਦੀ ਦੀ ਬੈਠਕ ’ਤੇ ਭੜਕੀ ਮਮਤਾ, ਕਿਹਾ- ਮੈਨੂੰ ਬੋਲਣ ਦਾ ਮੌਕਾ ਨਹੀ ਦਿੱਤਾ

Thursday, May 20, 2021 - 02:34 PM (IST)

PM ਮੋਦੀ ਦੀ ਬੈਠਕ ’ਤੇ ਭੜਕੀ ਮਮਤਾ, ਕਿਹਾ- ਮੈਨੂੰ ਬੋਲਣ ਦਾ ਮੌਕਾ ਨਹੀ ਦਿੱਤਾ

ਨਵੀਂ ਦਿੱਲੀ– ਕੋਰੋਨਾ ਸੰਕਟ ਦੇ ਮਸਲੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ 10 ਸੂਬਿਆਂ ਦੇ ਮੁੱਖ ਮੰਤਰੀਆਂ ਅਤੇ 54 ਜ਼ਿਲ੍ਹਾ ਅਧਿਕਾਰੀਆਂ ਨਾਲ ਬੈਠਕ ਕੀਤੀ। ਬੈਠਕ ’ਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੀ ਸ਼ਾਮਲ ਹੋਈ। ਬੈਠਕ ਤੋਂ ਬਾਅਦ ਮਮਤਾ ਬੈਨਰਜੀ ਨੇ ਪ੍ਰੈੱਸ ਕਾਨਫਰੰਸ ਕਰਕੇ ਪ੍ਰਧਾਨ ਮੰਤਰੀ ਮੋਦੀ ’ਤੇ ਨਿਸ਼ਾਨਾ ਵਿੰਨ੍ਹਿਆ। ਮਮਤਾ ਬੈਨਰਜੀ ਨੇ ਦੋਸ਼ ਲਗਾਇਆ ਕਿ ਬੈਠਕ ’ਚ ਸਿਰਫ਼ ਭਾਜਪਾ ਦੇ ਕੁਝ ਮੁੱਖ ਮੰਤਰੀਆਂ ਨੇ ਆਪਣੀ ਗੱਲ ਰੱਖੀ। ਬਾਕੀ ਸੂਬਿਆਂ ਦੇ ਮੁੱਖ ਮੰਤਰੀ ਚੁੱਪਚਾਪ ਬੈਠੇ ਰਹੇ। ਇਥੋਂ ਤਕ ਕਿ ਮੈਂ ਵੀ ਨਹੀਂ ਬੋਲ ਸਕੀ। ਮਮਤਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਡੀ.ਐੱਮ. ਨੂੰ ਇਸ ਲਈ ਬੈਠਕ ’ਚ ਨਹੀਂ ਭੇਜਿਆ ਕਿ ਉਹ ਖੁਦ ਹੀ ਦਵਾਈਆਂ ਅਤੇ ਟੀਕਾਕਰਨ ਦੀ ਮੰਗ ਰੱਖੇਗੀ ਪਰ ਉਨ੍ਹਾਂ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ। 

ਮਮਤਾ ਬੈਨਰਜੀ ਨੇ ਕੇਂਦਰ ’ਤੇ ਭੇਦਭਾਵ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸੂਬੇ ’ਚ ਵੈਕਸੀਨ ਦੀ ਭਾਰੀ ਕਮੀ ਹੈ। ਅਸੀਂ ਤਿੰਨ ਕਰੋੜ ਟੀਕਿਆਂ ਦੀ ਮੰਗ ਰੱਖਣ ਵਾਲੇ ਸੀ ਪਰ ਕੁਝ ਬੋਲਣ ਨਹੀਂ ਦਿੱਤਾ ਗਿਆ। ਇਸ ਮਹੀਨੇ 24 ਲੱਖ ਵੈਕਸੀਨ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਸਿਰਫ਼ 13 ਲੱਖ ਵੈਕਸੀਨ ਦਿੱਤੀਆਂ ਗਈਾਂ। ਵੈਕਸੀਨ ਦੀ ਘਾਟ ਕਾਰਨ ਕਈ ਟੀਕਾਕਰਨ ਕੇਂਦਰਾਂ ਨੂੰ ਬੰਦ ਕਰਨਾ ਪਿਆ ਹੈ। ਮਮਤਾ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਸੂਬੇ ’ਚ ਮੰਗ ਮੁਤਾਬਕ, ਵੈਕਸੀਨ ਨਹੀਂ ਭੇਜੀ, ਇਸ ਲਈ ਟੀਕਾਕਰਨ ਦੀ ਰਫ਼ਤਾਰ ਮੱਠੀ ਪਈ ਹੈ। ਇਸ ਦੇ ਬਾਵਜੂਦ ਸੂਬਾ ਸਰਕਾਰ ਨੇ 60 ਹਜ਼ਾਰ ਕਰੋੜ ਰੁਪਏ ਦੀ ਵੈਕੀਨ ਨਿੱਜੀ ਪੱਧਰ ’ਤੇ ਖ਼ਰੀਦੀ ਹੈ। 

 

ਕੇਂਦਰ ’ਤੇ ਸੰਘੀ ਢਾਂਚੇ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ 
ਮਮਤਾ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਨੇ ਕਿਤੇ ਨਾ ਕਿਤੇ ਸੰਘੀ ਢਾਂਚੇ ਨੂੰ ਨੁਕਸਾਨ ਪਹੁੰਚਾਇਆ ਹੈ। ਆਕਸੀਜਨ, ਦਵਾਈ, ਵੈਕਸੀਨ ਕੁਝ ਵੀ ਉਪਲੱਬਧ ਨਹੀਂ ਹੈ। ਮੁੱਖ ਮੰਤਰੀ ਨੇ ਕਿਹਾ ਕਿ ਬੰਗਾਲ ਨੂੰ ਰੇਮਡੇਸਿਵਿਰ ਟੀਕਾ ਵੀ ਨਹੀਂ ਦਿੱਤਾ ਗਿਆ, ਪੀ.ਐੱਮ. ਮੋਦੀ ਮੂੰਹ ਲੁਕਾ ਕੇ ਦੌੜ ਗਏ। ਮਮਤਾ ਬੈਨਰਜੀ ਨੇ ਕਿਹਾ ਕਿ ਜਦੋਂ ਕੋਰੋਨਾ ਮਾਮਲੇ ਵਧੇ ਤਾਂ ਬੰਗਾਲ ’ਚ ਕੇਂਦਰੀ ਟੀਮ ਨੇ ਦੌਰਾ ਕੀਤਾ ਪਰ ਹੁਣ ਗੰਗਾ ’ਚ ਲਾਸ਼ਾਂ ਮਿਲਣ ਦੇ ਮਾਮਲੇ ਸਾਹਮਣੇ ਆ ਰਹੇ ਹਨ ਤਾਂ ਟੀਮ ਨਹੀਂ ਭੇਜੀ ਜਾ ਰਹੀ। ਬੰਗਾਲ ’ਚ ਕੋਰੋਨਾ ਪਾਜ਼ੇਟਿਵਿਟੀ ਦੀ ਦਰ ਘੱਟ ਹੋਈ ਹੈ। ਉਥੇ ਹੀ ਮੌਤ ਦਰ 0.9 ਫੀਸਦੀ ਹੈ। 

ਦੱਸ ਦੇਈਏ ਕਿ ਕੋਰੋਨਾ ਦੇ ਹਾਲਾਤ ਅਤੇ ਟੀਕਾਕਰਨ ਨੂੰ ਲੈ ਕੇ ਪੀ.ਐੱਮ. ਮੋਦੀ ਨੇ ਵੀਰਵਾਰ ਨੂੰ ਉੱਚ-ਪੱਧਰੀ ਬੈਠਕ ਕੀਤੀ। ਬੈਠਕ ’ਚ ਪ੍ਰਧਾਨ ਮੰਤਰੀ ਮੋਦੀ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਕੋਰੋਨਾ ਤੋਂ ਪਿੰਡਾਂ ਨੂੰ ਬਚਾਅ ਕੇ ਰੱਖਣ ਦੀ ਅਪੀਲ ਕੀਤੀ। 


author

Rakesh

Content Editor

Related News