ਮੋਦੀ ਸਰਕਾਰ ਖ਼ਿਲਾਫ਼ ਅੱਜ ਦੋ ਦਿਨਾਂ ਧਰਨੇ ''ਤੇ ਬੈਠੇਗੀ ਮਮਤਾ ਬੈਨਰਜੀ
Wednesday, Mar 29, 2023 - 01:26 PM (IST)
ਨਵੀਂ ਦਿੱਲੀ- ਕੇਂਦਰ ਦੀ ਮੋਦੀ ਸਰਕਾਰ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਰਮਿਆਨ ਇਕ ਵਾਰ ਫਿਰ ਤਕਰਾਰ ਸਾਹਮਣੇ ਆਈ ਹੈ। ਮਮਤਾ ਬੈਨਰਜੀ ਮੋਦੀ ਸਰਕਾਰ ਖ਼ਿਲਾਫ਼ ਧਰਨੇ 'ਤੇ ਬੈਠੇਗੀ। ਇਹ ਧਰਨਾ 29 ਅਤੇ 30 ਮਾਰਚ ਦਾ ਹੋਵੇਗਾ। ਦਰਅਸਲ ਮਮਤਾ ਨੇ ਕੇਂਦਰ ਸਰਕਾਰ 'ਤੇ ਲੰਬੇ ਸਮੇਂ ਤੋਂ ਸੂਬੇ ਨੂੰ ਉਸ ਦੇ ਹਿੱਸੇ ਦਾ ਧਨ ਨਾ ਮਿਲਣ ਦਾ ਦੋਸ਼ ਲਾਇਆ ਹੈ, ਜਿਸ ਦੇ ਵਿਰੋਧ ਵਿਚ ਧਰਨਾ ਪ੍ਰਦਰਸ਼ਨ ਕਰਨ ਜਾ ਰਹੀ ਹੈ। ਮਮਤਾ ਨੇ ਇਸ ਸਬੰਧ ਵਿਚ ਕੇਂਦਰ ਨੂੰ ਚਿੱਠੀ ਲਿਖਣ ਦਾ ਵੀ ਦਾਅਵਾ ਕੀਤਾ।
ਮਮਤਾ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨੂੰ ਮਿਲਣ ਦੇ ਬਾਵਜੂਦ ਫੰਡ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਉਹ ਕਰੀਬ 6 ਮਹੀਨੇ ਪਹਿਲਾਂ ਪ੍ਰਧਾਨ ਮੰਤਰੀ ਨੂੰ ਮਿਲੀ ਸੀ। ਮਮਤਾ ਦੀ ਪਾਰਟੀ ਤ੍ਰਿਣਮੂਲ ਕਾਂਗਰਸ (TMC) ਦੇ ਸੰਸਦ ਮੈਂਬਰ ਧਰਨਾ ਪ੍ਰਦਰਸ਼ਨ ਕਰਨਗੇ। ਸੰਸਦ ਕੰਪਲੈਕਸ ਤੋਂ ਵੱਖ ਮਮਤਾ ਕੋਲਕਾਤਾ ਵਿਚ ਵਿਰੋਧ ਮਾਰਚ ਕੱਢੇਗੀ। ਦੋਹਾਂ ਸ਼ਹਿਰਾਂ ਵਿਚ ਪ੍ਰਦਰਸ਼ਨ ਨਾਲ-ਨਾਲ ਹੋਣਗੇ। ਮਮਤਾ ਕੋਲਕਾਤਾ 'ਚ ਅੰਬੇਡਕਰ ਦੇ ਬੁੱਤ ਸਾਹਮਣੇ ਧਰਨੇ 'ਤੇ ਬੈਠੇਗੀ।
TMC ਸੰਸਦ ਮੈਂਬਰਾਂ ਵਲੋਂ ਧਰਨਾ ਪ੍ਰਦਰਸ਼ਨ ਸੰਸਦ ਕੰਪਲੈਕਸ ਵਿਚ ਹੋਵੇਗਾ। ਮਮਤਾ ਨੇ ਕਿਹਾ ਕਿ ਕੇਂਦਰ ਸਰਕਾਰ ਜਾਣਬੁੱਝ ਕੇ ਰਾਸ਼ੀ ਰੋਕ ਰਹੀ ਹੈ। ਉਹ ਕੁਝ ਮੁੱਦੇ ਬਣਾ ਰਹੀ ਹੈ। ਈ. ਡੀ. ਅਤੇ ਸੀ. ਬੀ. ਆਈ. ਦੇ ਡਾਇਰੈਕਟਰ ਉਨ੍ਹਾਂ ਦੇ ਇਸ਼ਾਰੇ 'ਤੇ ਭਾਜਪਾ ਦੇ ਸਥਾਨਕ ਨੇਤਾਵਾਂ ਵਾਂਗ ਕੰਮ ਕਰ ਰਹੇ ਹਨ। ਦੇਸ਼ ਇਸ ਤਰ੍ਹਾਂ ਤਾਂ ਨਹੀਂ ਚਲ ਸਕਦਾ ਹੈ।