ਆਫ਼ ਦਿ ਰਿਕਾਰਡ: ਮਮਤਾ ਬੈਨਰਜੀ ਦੀ ‘50 ਦੀ ਖੇਡ’

Sunday, Oct 17, 2021 - 10:03 AM (IST)

ਨੈਸ਼ਨਲ ਡੈਸਕ- ਲੋਕ ਸਭਾ ਦੀਆਂ ਚੋਣਾਂ ਲਈ ‘ਖੇਡ 2024’ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ, ਜਿਥੇ ਇਕ ਪਾਸੇ ਕਾਂਗਰਸ ਖੁਦ ਨੂੰ ਮੁੜ ਜ਼ਿੰਦਾ ਕਰਨ ਦੇ ਯਤਨ ਕਰ ਰਹੀ ਹੈ, ਉਥੇ ਦੂਜੇ ਪਾਸੇ ਭਾਜਪਾ 4 ਸੂਬਿਆਂ ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਅਤੇ ਮਣੀਪੁਰ ਵਿਚ ਆਪਣੇ ਗੜ੍ਹ ਨੂੰ ਬਚਾਉਣ ਲਈ ਯਤਨਸ਼ੀਲ ਹੈ। ਇਸ ਦੌਰਾਨ ਪੰਜਾਬ ’ਤੇ ਵੀ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ ਜਿਥੇ ਕਈ ਸਿਆਸੀ ਮਾਹਰ ਇਹ ਮੰਨ ਰਹੇ ਹਨ ਕਿ ਇਥੇ ਆਮ ਆਦਮੀ ਪਾਰਟੀ ਦੀ ਜਿੱਤ ਹੋ ਸਕਦੀ ਹੈ। ਉਂਝ ਅਜੇ ਅਜਿਹੀ ਭਵਿੱਖਬਾਣੀ ਕਰਨੀ ਜਲਦਬਾਜ਼ੀ ਹੋਵੇਗੀ। ਇਹ ਚੋਣਾਂ ਸਮਾਜਵਾਦੀ ਪਾਰਟੀ (ਸਪਾ) ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਵਰਗੀਆਂ ਖੇਤਰੀ ਪਾਰਟੀਆਂ ਲਈ ਵੀ ਅਹਿਮ ਹਨ। ਉਕਤ ਦੋਵੇਂ ਪਾਰਟੀਆਂ ਪਿਛਲੇ 7 ਸਾਲ ਤੋਂ ਯੂ. ਪੀ. ਵਿਚ ਭਾਜਪਾ ਦੇ ਹਮਲੇ ਸਹਿ ਰਹੀਆਂ ਹਨ ਪਰ ਪੂਰਬ, ਪੱਛਮ ਅਤੇ ਦੱਖਣ ਦੀਆਂ ਵਧੇਰੇ ਖੇਤਰੀ ਪਾਰਟੀਆਂ ਲਈ ਇਨ੍ਹਾਂ ਅਸੈਂਬਲੀ ਚੋਣਾਂ ਦੀ ਕੋਈ ਖਾਸ ਅਹਿਮੀਅਤ ਨਹੀਂ।

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਕਾਂਗਰਸ ਦੇ ਕਮਜ਼ੋਰ ਹੋਣ ਦੀ ਉਡੀਕ ਵਿਚ ਹੈ। ਉਹ ਜਾਣਦੀ ਹੈ ਕਿ ਉੱਤਰੀ ਭਾਰਤ ਦੀ ਸਿਆਸਤ ਵਿਚ ਸਾਡੀ ਕੋਈ ਵਿਸ਼ੇਸ਼ ਭੂਮਿਕਾ ਨਹੀ ਹੈ, ਇਸ ਲਈ ਉਹ ਇਸ ਸਬੰਧੀ ਬੇਪ੍ਰਵਾਹ ਹੈ। ਕਾਂਗਰਸ ਨਾਲ ਉਸ ਦੀ ਨੇੜਤਾ ਹੁਣ ਇਤਿਹਾਸ ਬਣ ਚੁੱਕੀ ਹੈ। ਹੁਣ ਉਹ ਚੋਣਾਂ ਨੂੰ ਲੈ ਕੇ ਆਪਣੀ ਹੀ ਖੇਡ ਵਿਚ ਰੁਝੀ ਹੋਈ ਹੈ, ਜਿਸ ਵਿਚ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਕਾਫੀ ਸਰਗਰਮ ਹੋ ਕੇ ਆਪਣੀ ਸਲਾਹ ਦੇ ਰਹੇ ਹਨ।

ਖੁਫੀਆ ਸੂਤਰਾਂ ਦਾ ਕਹਿਣਾ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਵਿਚ ਮਮਤਾ ਦਾ ਨਿਸ਼ਾਨਾ ਲੋਕ ਸਭਾ ਦੀਆਂ 50 ਸੀਟਾਂ ਹਾਸਲ ਕਰਨ ਦਾ ਹੈ ਤਾਂ ਜੋ ਉਹ ਗੈਰ-ਭਾਜਪਾ ਸਰਕਾਰ ਬਣਾਉਣ ਵਿਚ ਪ੍ਰਮੁੱਖ ਭੂਮਿਕਾ ਨਿਭਾਅ ਸਕੇ। ਮਮਤਾ ਦਾ ਕ੍ਰਿਸ਼ਮਾ ਪੱਛਮੀ ਬੰਗਾਲ ਦੀਆਂ 42 ਲੋਕ ਸਭਾ ਸੀਟਾਂ ਤੱਕ ਅਜੇ ਸੀਮਤ ਹੈ। ਇਸਨੂੰ ਵੇਖਦਿਆਂ ਉਨ੍ਹਾਂ ਦਾ 50 ਦਾ ਨਿਸ਼ਾਨਾ ਕਾਫੀ ਵੱਡਾ ਹੈ। ਉਹ ਸੂਬੇ ਦਾ ਉਸੇ ਤਰ੍ਹਾਂ ਧਰੁਵੀਕਰਨ ਕਰਨਾ ਚਾਹੁੰਦੀ ਹੈ, ਜਿਵੇਂ 2014 ਅਤੇ 2019 ਦੀਆਂ ਚੋਣਾਂ ਵਿਚ ਮੋਦੀ ਨੇ ਕੀਤਾ ਸੀ। ਇਸ ਵਾਰ ਉਨ੍ਹਾਂ ਕੋਲ ਲੋਕਾਂ ਨੂੰ ਲੁਭਾਉਣ ਲਈ ਇਕ ਨਵਾਂ ਨਾਅਰਾ ਹੋ ਸਕਦਾ ਹੈ, ‘ਤੁਸੀਂ ਮੈਨੂੰ ਵੋਟ ਦਿਓ ਕਿਉਂਕਿ ਮੈਂ ਬੰਗਾਲ ਦੀ ਬੇਟੀ ਪ੍ਰਧਾਨ ਮੰਤਰੀ ਬਣ ਸਕਦੀ ਹਾਂ।’

2024 ਵਿਚ ਮਮਤਾ ਨੂੰ 34 ਤੋਂ 37 ਲੋਕ ਸਭਾ ਦੀਆਂ ਸੀਟਾਂ ਮਿਲ ਸਕਦੀਆਂ ਹਨ ਪਰ ਵਾਧੂ 23 ਵਿਚੋਂ 15 ਸੀਟਾਂ ਹਾਸਲ ਕਰਨਾ ਔਖਾ ਕੰਮ ਹੋਵੇਗਾ। ਉਹ ਉੱਤਰ-ਪੂਰਬ ਵਿਚ ਕਾਂਗਰਸ ਦੀ ਥਾਂ ਲੈਣ ਲਈ ਯਤਨਸ਼ੀਲ ਹੈ, ਜਿਥੇ ਕੁੱਲ 22 ਸੀਟਾਂ ਹਨ। ਮਮਤਾ ਓਡਿਸ਼ਾ, ਝਾਰਖੰਡ ਅਤੇ ਬਿਹਾਰ ਵਿਚ ਵੀ ਕੁਝ ਸੀਟਾਂ ਹਾਸਲ ਕਰਨ ਲਈ ਰਣਨੀਤੀ ਬਣਾ ਰਹੀ ਹੈ ਅਤੇ ਉਨ੍ਹਾਂ ਸੂਬਿਆਂ ਲਈ ਵੀ ਰਣਨੀਤਕ ਪ੍ਰਬੰਧ ਕਰ ਰਹੀ ਹੈ, ਜਿਥੇ ਬੰਗਾਲੀ ਵੋਟਰਾਂ ਦੀ ਗਿਣਤੀ ਵਧੇਰੇ ਹੈ।


Tanu

Content Editor

Related News