ਕੋਲਕਾਤਾ ਵਨ ਡੇ ਰੱਦ ਕਰਨ ਨੂੰ ਲੈ ਕੇ ਗਾਂਗੁਲੀ ''ਤੇ ਭੜਕੀ ਮਮਤਾ ਬੈਨਰਜੀ

03/16/2020 12:48:35 PM

ਸਪੋਰਟਸ ਡੈਸਕ : ਕੋਰੋਨਾ ਵਾਇਰਸ ਨੂੰ ਲੈ ਕੇ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਸ਼ੁਰੂ ਹੋਈ ਵਨ ਡੇ ਸੀਰੀਜ਼ ਨੂੰ ਰੱਦ ਕਰਨ ਦੇ ਫੈਸਲੇ ਨਾਲ ਪੱਛਮੀ ਬੰਗਾਲ ਦੀ ਮੁੱਖਮੰਤਰੀ ਮਮਤਾ ਬੈਨਰਜੀ ਨਾਰਾਜ਼ ਦਿਸੀ। ਉਸ ਨੇ ਬੀ. ਸੀ. ਸੀ. ਆਈ. ਦੇ ਮੌਜੂਦਾ ਪ੍ਰਧਾਨ ਅਤੇ ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਕੋਲਕਾਤਾ ਵਨ ਡੇ ਰੱਦ ਕਰਨ ਨਾਲ ਜੁੜਿਆ ਕੋਈ ਫੈਸਲਾ ਲੈਣ ਤੋਂ ਪਹਿਲਾਂ ਬੀ. ਸੀ. ਸੀ. ਆਈ. ਪ੍ਰਧਾਨ ਨੂੰ ਕੋਲਕਾਤਾ ਪੁਲਸ ਨੂੰ ਇਸ ਦੀ ਜਾਣਕਾਰੀ ਦੇਣੀ ਚਾਹੀਦੀ ਸੀ। ਉਸ ਨੇ ਕਿਹਾ ਕਿ ਬੀ. ਸੀ. ਸੀ. ਆਈ. ਨੂੰ ਘੱਟ ਤੋਂ ਘੱਟ ਇਸ ਗੱਲ ਦੀ ਜਾਣਕਾਰੀ ਸੂਬੇ ਦੇ ਮੁੱਖ ਸਕੱਤਰ ਜਾਂ ਗ੍ਰਹਿ ਸਕੱਤਰ ਨੂੰ ਦੇਣੀ ਚਾਹੀਦੀ ਸੀ।

PunjabKesari

ਹਾਲਾਂਕਿ ਉਸ ਨੇ ਸੌਰਵ ਗਾਂਗੁਲੀ ਦੇ ਨਾਲ ਸਾਰੀਆਂ ਗੱਲਾਂ ਆਮ ਹੋਣ ਦੀ ਗੱਲ ਕਹੀ ਪਰ ਬੀ. ਸੀ. ਸੀ. ਆਈ. ਵੱਲੋਂ ਬਿਨਾ ਜਾਣਕਾਰੀ ਦਿੱਤੇ ਕੋਲਕਾਤਾ ਵਨ ਡੇ ਰੱਦ ਕਰਨ ਦੇ ਫੈਸਲੇ ਤੋਂ ਉਹ ਖੁਸ਼ ਨਹੀਂ ਦਿਸੀ। ਉਸ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਬੀ. ਸੀ. ਸੀ. ਆਈ. ਨੂੰ ਮੈਚ ਰੱਦ ਕਰਨ ਸਬੰਧੀ ਕੋਈ ਜਾਣਕਾਰੀ ਨਹੀਂ ਮਿਲੀ। ਫਿਰ ਅਜਿਹਾ ਕੀ ਹੋਇਆ ਕਿ ਉਸ ਨੇ ਮੈਚ ਰੱਦ ਕਰਨ ਦਾ ਫੈਸਲਾ ਕੀਤਾ। ਬੀ. ਸੀ. ਸੀ. ਆਈ. ਨੇ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਚੱਲ ਰਹੇ ਮੌਜੂਦਾ ਵਨ ਡੇ ਸੀਰੀਜ਼ ਵਿਚ 12 ਮਾਰਚ ਨੂੰ ਧਰਮਸ਼ਾਲਾ ਵਿਚ ਆਯੋਜਿਤ ਪਹਿਲਾ ਮੈਚ ਮੀਂਹ ਦੀ ਭੇਟ ਚੜ੍ਹਨ ਤੋਂ ਬਾਅਦ ਸੀਰੀਜ਼ ਦੇ ਬਾਕੀ ਬਚੇ ਮੈਚਾਂ ਨੂੰ ਵੀ ਰੱਦ ਕਰ ਦਿੱਤਾ। ਦੂਜਾ ਮੈਚ ਲਖਨਾਊ ਵਿਚ ਹੋਣਾ ਸੀ ਅਤੇ ਸੀਰੀਜ਼ ਦਾ ਤੀਜਾ ਅਤੇ ਆਖਰੀ ਮੈਚ ਕੋਲਕਾਤਾ ਵਿਚ ਹੋਣਾ ਸੀ।

PunjabKesari

ਜ਼ਿਕਰਯੋਗ ਹੈ ਕਿ ਦੇਸ਼ ਭਰ ਵਿਚ ਕੋਰੋਨਾ ਵਾਇਰਸ ਦੇ ਕਹਿਰ ਨੂੰ ਦੇਖਦਿਆਂ ਸਾਰੀਆਂ ਖੇਡ ਪ੍ਰਤੀਯੋਗਿਤਾਵਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਭਾਰਤ ਦੇ ਘਰੇਲੂ ਕ੍ਰਿਕਟ ਟੂਰਨਾਮੈਂਟ ਈਰਾਨੀ ਕੱਪ ਨੂੰ ਵੀ ਮੁਲਤਵੀ ਕਰ ਦਿੱਤਾ ਗਿਆ ਹੈ ਅਤੇ ਆਈ. ਪੀ. ਐੱਲ. ਨੂੰ ਵੀ ਉਸ ਦੇ ਤੈਅ ਸਮੇਂ ਤੋਂ ਅੱਗੇ ਕਰ ਦਿੱਤਾ ਗਿਆ ਹੈ। ਹਾਲਾਤ ਸਹੀ ਹੋਣ 'ਤੇ ਆਈ. ਪੀ. ਐੱਲ. ਨੂੰ ਰੱਦ ਵੀ ਕੀਤਾ ਜਾ ਸਕਦਾ ਹੈ।


Related News