ਬੰਗਾਲ ’ਚ ਫਿਰ ਮਮਤਾ ਦਾ ਜਾਦੂ, ਭਾਜਪਾ 3 ਸੀਟਾਂ ਵੀ ਨਹੀਂ ਬਚਾਅ ਸਕੀ
Sunday, Jul 14, 2024 - 12:35 AM (IST)
ਨਵੀਂ ਦਿੱਲੀ, (ਵਿਸ਼ੇਸ਼)- ਪੱਛਮੀ ਬੰਗਾਲ ਦੀਆਂ 4 ਵਿਧਾਨ ਸਭਾ ਸੀਟਾਂ ’ਤੇ ਹੋਈਆਂ ਉਪ ਚੋਣਾਂ ਦੇ ਨਤੀਜੇ ਭਾਜਪਾ ਲਈ ਨਿਰਾਸ਼ਾਜਨਕ ਰਹੇ ਹਨ। ਲੋਕ ਸਭਾ ਚੋਣਾਂ ਤੋਂ ਬਾਅਦ ਇਕ ਵਾਰ ਫਿਰ ਭਾਜਪਾ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਭਾਜਪਾ 2021 ਦੀਆਂ ਵਿਧਾਨ ਸਭਾ ਚੋਣਾਂ ’ਚ ਜਿੱਤੀਆਂ 3 ਸੀਟਾਂ ਨੂੰ ਵੀ ਬਰਕਰਾਰ ਰੱਖਣ ’ਚ ਅਸਫਲ ਰਹੀ।
ਭਾਜਪਾ ਵਿਧਾਇਕਾਂ ਦੇ ਅਸਤੀਫ਼ਿਆਂ ਕਾਰਨ ਇਨ੍ਹਾਂ ਸੀਟਾਂ ’ਤੇ ਵਿਧਾਨ ਸਭਾ ਦੀਆਂ ਉਪ ਚੋਣਾਂ ਕਰਵਾਉਣੀਆਂ ਪਈਆਂ ਸਨ। ਉਪ-ਚੋਣਾਂ ’ਚ ਜਿੱਤ ਤ੍ਰਿਣਮੂਲ ਕਾਂਗਰਸ ਲਈ ਉਤਸ਼ਾਹਜਨਕ ਹੈ ਕਿਉਂਕਿ 2026 ’ਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹਨ।
ਭਾਜਪਾ ਇੱਥੇ ਕੋਈ ਤਬਦੀਲੀ ਨਹੀਂ ਕਰ ਸਕੀ ਕਿਉਂਕਿ ਉਸ ਦੇ ਸਾਰੇ ਉਮੀਦਵਾਰ ਦੂਜੇ ਨੰਬਰ ’ਤੇ ਰਹੇ ਜਦਕਿ ਖੱਬੇ ਪੱਖੀ -ਕਾਂਗਰਸ ਗੱਠਜੋੜ ਦੇ ਉਮੀਦਵਾਰਾਂ ਨੇ ਵੀ 4 ’ਚੋਂ 3 ਸੀਟਾਂ ’ਤੇ ਆਪਣੀ ਜ਼ਮਾਨਤ ਗੁਆ ਦਿੱਤੀ।
ਮਾਨਿਕਤਲਾ( ਕੋਲਕਾਤਾ) ’ਚ ਟੀ. ਐੱਮ. ਦੀ ਸੁਪਤੀ ਪਾਂਡੇ ਨੇ ਭਾਜਪਾ ਦੇ ਕਲਿਆਣ ਚੌਬੇ ਨੂੰ 62,312 ਵੋਟਾਂ ਦੇ ਫਰਕ ਨਾਲ ਹਰਾਇਆ। ਪਾਂਡੇ ਨੇ ਨਾ ਸਿਰਫ਼ ਉਹ ਸੀਟ ਬਰਕਰਾਰ ਰੱਖੀ ਜਿਸ 'ਤੇ ਉਨ੍ਹਾਂ ਦੇ ਮਰਹੂਮ ਪਤੀ ਸਾਧਨ ਪਾਂਡੇ ਨੇ 3 ਵਾਰ (2011, 2016 ਅਤੇ 2021) ਜਿੱਤ ਦਰਜ ਕੀਤੀ ਸੀ, ਸਗੋਂ ਜਿੱਤ ਦਾ ਫਰਕ ਵੀ ਵਧਾਇਆ।
ਉੱਤਰੀ 24 ਪਰਗਨਾ ਜ਼ਿਲੇ ਦੇ ਬਾਗਦਾ ਹਲਕੇ ’ਚ ਟੀ. ਐੱਮ. ਸੀ. ਦੀ ਮਧੂਪਰਣਾ ਠਾਕੁਰ 33,455 ਵੋਟਾਂ ਨਾਲ ਜੇਤੂ ਰਹੀ। ਭਾਜਪਾ ਵਿਧਾਇਕ ਵਿਸ਼ਵਜੀਤ ਦਾਸ ਦੇ ਅਸਤੀਫੇ ਕਾਰਨ ਉਪ ਚੋਣ ਜ਼ਰੂਰੀ ਹੋ ਗਈ ਸੀ।
ਇੱਥੇ ਨਤੀਜੇ ਵੀ ਟੀ. ਐੱਮ. ਸੀ. ਲਈ ਇਕ ਹੁਲਾਰਾ ਹਨ ਕਿਉਂਕਿ ਉਸ ਨੇ ਇਹ ਸੀਟ ਭਾਜਪਾ ਤੋਂ ਖੋਹ ਲਈ ਹੈ, ਜਿਸ ਨੇ 2021 ’ਚ ਇਸ ਨੂੰ ਜਿੱਤਿਆ ਸੀ।
ਟੀ. ਐੱਮ. ਸੀ. ਨੇ ਪਹਿਲੀ ਵਾਰ ਰਾਏਗੰਜ ਸੀਟ ਜਿੱਤੀ
ਉੱਤਰੀ ਦਿਨਾਜਪੁਰ ਦੀ ਰਾਏਗੰਜ ਵਿਧਾਨ ਸਭਾ ਸੀਟ ’ਤੇ ਤ੍ਰਿਣਮੂਲ ਕਾਂਗਰਸ ਨੇ ਇਤਿਹਾਸ ਰੱਚ ਦਿੱਤਾ ਹੈ। ਤ੍ਰਿਣਮੂਲ ਕਾਂਗਰਸ ਨੇ ਪਹਿਲੀ ਵਾਰ ਇਹ ਸੀਟ ਜਿੱਤੀ ਹੈ।
ਟੀ. ਐੱਮ. ਸੀ. ਦੇ ਕ੍ਰਿਸ਼ਨਾ ਕਲਿਆਣੀ ਇੱਥੇ 50,077 ਵੋਟਾਂ ਨਾਲ ਜੇਤੂ ਰਹੇ। ਕ੍ਰਿਸ਼ਨਾ ਕਲਿਆਣੀ ਨੇ 2021 ਦੀਆਂ ਵਿਧਾਨ ਸਭਾ ਚੋਣਾਂ ’ਚ ਇਸ ਸੀਟ ’ਤੇ ਜਿੱਤ ਦਰਜ ਕੀਤੀ ਸੀ, ਪਰ ਉਦੋਂ ਉਨ੍ਹਾਂ ਭਾਜਪਾ ਦੀ ਟਿਕਟ 'ਤੇ ਚੋਣ ਲੜੀ ਸੀ। ਬਾਅਦ ’ਚ ਉਹ ਟੀ. ਐੱਮ. ਸੀ. ’ਚ ਸ਼ਾਮਲ ਹੋ ਗਏ।