ਮਮਤਾ ਦਾ ਦਾਅਵਾ- ਕੇਂਦਰ ਨੇ ਕੀਤੇ ਮਦਰ ਟੈਰੇਸਾ ਸੰਸਥਾ ਦੇ ਬੈਂਕ ਅਕਾਊਂਟ ਫ੍ਰੀਜ਼, ਗ੍ਰਹਿ ਮੰਤਰਾਲਾ ਨੇ ਦਿੱਤਾ ਇਹ ਜਵਾਬ
Tuesday, Dec 28, 2021 - 12:13 PM (IST)
ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰਾਲਾ ਨੇ ਸਪੱਸ਼ਟ ਕੀਤਾ ਕਿ ਸਰਕਾਰ ਨੇ ਮਦਰ ਟੈਰੇਸਾ ਮਿਸ਼ਨਰੀਜ਼ ਆਫ਼ ਚੈਰਿਟੀ ਦੇ ਬੈਂਕ ਖਾਤੇ ਫ੍ਰੀਜ਼ ਨਹੀਂ ਕੀਤੇ ਹਨ। ਮੰਤਰਾਲਾ ਨੇ ਇਸ ਦੇ ਨਾਲ ਹੀ ਇਹ ਵੀ ਦਾਅਵਾ ਕੀਤਾ ਕਿ ਕੋਲਕਾਤਾ ਸਥਿਤ ਇਸ ਸੰਸਥਾ ਨੇ ਖ਼ੁਦ ਸਟੇਟ ਬੈਂਕ ਆਫ਼ ਇੰਜੀਆ ਨੂੰ ਚਿੱਠੀ ਲਿਖ ਕੇ ਆਪਣੇ ਅਕਾਊਂਟ ਸਸਪੈਂਡ ਕਰਨ ਦੀ ਅਪੀਲ ਕੀਤੀ ਸੀ। ਗ੍ਰਹਿ ਮੰਤਰਾਲਾ ਨੇ ਸੋਮਵਾਰ ਨੂੰ ਕਿਹਾ ਕਿ ਵਿਦੇਸ਼ੀ ਦਾਨ ਐਕਟ (FCRA) ਰਜਿਸਟਰੇਸ਼ਨ ਦੇ ਨਵੀਨੀਕਰਨ ਲਈ ਮਿਸ਼ਨਰੀਜ਼ ਆਫ਼ ਚੈਰਿਟੀ ਦੀ ਅਪੀਲ 'ਤੇ ਸ਼ਰਤਾਂ ਪੂਰੀਆਂ ਨਹੀਂ ਕਰਨ ਕਾਰਨ 25 ਦਸੰਬਰ ਨੂੰ ਖ਼ਾਰਜ ਕਰ ਦਿੱਤੀ ਗਈ।
ਮੰਤਰਾਲਾ ਦੇ ਇਸ ਬਿਆਨ ਤੋਂ ਪਹਿਲਾਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦਾਅਵਾ ਕੀਤਾ ਸੀ ਕਿ ਕੇਂਦਰ ਸਰਕਾਰ ਨੇ ਮਦਰ ਟੈਰੇਸਾ ਵਲੋਂ ਸਥਾਪਤ ਸੰਸਥਾ ਦੇ ਸਾਰੇ ਬੈਂਕ ਖਾਤਿਆਂ ਤੋਂ ਲੈਣ-ਦੇਣ 'ਤੇ ਰੋਕ ਲਗਾ ਦਿੱਤੀ ਹੈ। ਮਮਤਾ ਨੇ ਟਵੀਟ ਕੀਤਾ ਸੀ,''ਕ੍ਰਿਸਮਿਸ 'ਤੇ ਇਹ ਗੱਲ ਸੁਣ ਕੇ ਹੈਰਾਨ ਹਾਂ ਕਿ ਕੇਂਦਰ ਸਰਕਾਰ ਨੇ ਭਾਰਤ 'ਚ ਮਦਰ ਟੈਰੇਸਾ ਦੇ ਮਿਸ਼ਨਰੀਜ਼ ਆਫ਼ ਚੈਰਿਟੀ ਦੇ ਸਾਰੇ ਬੈਂਕ ਖਾਤਿਆਂ ਤੋਂ ਲੈਣ-ਦੇਣ ਨੂੰ ਰੋਕ ਦਿੱਤਾ ਹੈ। ਉਨ੍ਹਾਂ ਦੇ 22 ਹਜ਼ਾਰ ਰੋਗੀਆਂ ਅਤੇ ਕਰਮੀਆਂ ਨੂੰ ਭੋਜਨ ਅਤੇ ਦਵਾਈਆਂ ਨਹੀਂ ਮਿਲ ਪਾ ਰਹੀਆਂ ਹਨ।'' ਮਮਤਾ ਨੇ ਕਿਹਾ,''ਕਾਨੂੰਨ ਸਭ ਤੋਂ ਉੱਪਰ ਹੈ ਪਰ ਮਨੁੱਖਤਾ ਕੋਸ਼ਿਸ਼ਾਂ ਨਾਲ ਸਮਝੌਤਾ ਨਹੀਂ ਹੋਣਾ ਚਾਹੀਦਾ।'' ਹਾਲਾਂਕਿ ਮਿਸ਼ਨਰੀ ਆਫ਼ ਚੈਰਿਟੀ ਨੇ ਅਜਿਹੀ ਕਿਸੇ ਵੀ ਕਾਰਵਾਈ ਤੋਂ ਇਨਕਾਰ ਕਰ ਦਿੱਤਾ ਸੀ। ਮਿਸ਼ਨਰੀਜ਼ ਦਾ ਕਹਿਣਾ ਹੈ ਕਿ ਅਜਿਹੀ ਕੋਈ ਜਾਣਕਾਰੀ ਨਹੀਂ ਹੈ ਅਤੇ ਉਨ੍ਹਾਂ ਦੇ ਸਾਰੇ ਬੈਂਕ ਅਕਾਊਂਟ ਠੀਕ ਤਰ੍ਹਾਂ ਕੰਮ ਕਰ ਰਹੇ ਹਨ।
ਇਹ ਵੀ ਪੜ੍ਹੋ : PM ਮੋਦੀ ਹੁਣ 12 ਕਰੋੜ ਦੀ ਇਸ ਮਰਸੀਡੀਜ਼ 'ਚ ਕਰਨਗੇ ਸਫ਼ਰ, ਜਾਣੋ ਕੀ ਹੈ ਇਸ ਦੀ ਖ਼ਾਸੀਅਤ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ