ਕਰਨਾਟਕ ''ਚ ਸਿਆਸੀ ਸੰਕਟ ਲਈ ਭਾਜਪਾ ਜ਼ਿੰਮੇਵਾਰ : ਖੜਗੇ

07/07/2019 1:15:24 PM

ਬੈਂਗਲੁਰੂ (ਵਾਰਤਾ)— ਕਾਂਗਰਸ ਦੇ ਸੀਨੀਅਰ ਨੇਤਾ ਮਲਿਕਾਅਰਜੁਨ ਖੜਗੇ ਨੇ ਕਰਨਾਟਕ ਦੇ ਮੌਜੂਦਾ ਸਿਆਸੀ ਸੰਕਟ ਲਈ ਭਾਜਪਾ ਪਾਰਟੀ ਦੇ ਕੇਂਦਰੀ ਨੇਤਾਵਾਂ ਅਤੇ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਖੜਗੇ ਨੇ ਕਿਹਾ ਕਿ ਭਾਜਪਾ ਪਾਰਟੀ ਹੀ ਸੂਬੇ ਦੀ ਲੋਕਤੰਤਰ ਰੂਪ ਨਾਲ ਚੁਣੀ ਗਈ ਸਰਕਾਰ ਨੂੰ ਅਸਥਿਰ ਕਰ ਰਹੀ ਹੈ। ਉਨ੍ਹਾਂ ਨੇ ਇਹ ਉਮੀਦ ਵੀ ਜਤਾਈ ਹੈ ਕਿ ਕਾਂਗਰਸ ਅਤੇ ਜਨਤਾ ਦਲ (ਸੈਕਯੁਲਰ) ਦੇ ਜਿਨ੍ਹਾਂ ਵਿਧਾਇਕਾਂ ਨੇ ਅਸਤੀਫੇ ਦਿੱਤੇ ਹਨ, ਉਹ ਇਕ ਵਾਰ ਆਪਣੇ ਫੈਸਲੇ 'ਤੇ ਵਿਚਾਰ ਕਰਨਗੇ। ਖੜਗੇ ਨੇ ਐਤਵਾਰ ਨੂੰ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਇਨ੍ਹਾਂ ਅਸੰਤੁਸ਼ਟ ਵਿਧਾਇਕਾਂ ਨੂੰ ਮਿਲਣ ਦੀ ਕੋਸ਼ਿਸ਼ ਕਰ ਰਿਹਾ ਹਾਂ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ 'ਤੇ ਗੌਰ ਕਰਾਂਗਾ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਵਿਧਾਇਕਾਂ ਦੇ ਅਸਤੀਫੇ ਪਿੱਛੇ ਭਾਜਪਾ ਸਰਕਾਰ ਅਤੇ ਸੂਬੇ ਦੇ ਭਾਜਪਾ ਨੇਤਾ ਹਨ। ਇਹ ਗੱਲ ਜਗ ਜ਼ਾਹਰ ਹੈ ਕਿ ਇਨ੍ਹਾਂ ਅਸੰਤੁਸ਼ਟ ਵਿਧਾਇਕਾਂ ਨੂੰ ਵਿਸ਼ੇਸ਼ ਜਹਾਜ਼ ਰਾਹੀਂ ਕਰਨਾਟਕ ਤੋਂ ਮੁੰਬਈ ਲਿਆਂਦਾ ਗਿਆ ਅਤੇ ਇਸ ਦਾ ਪੂਰਾ ਇੰਤਜ਼ਾਮ ਭਾਜਪਾ ਨੇਤਾਵਾਂ ਨੇ ਕੀਤਾ ਸੀ।

ਖੜਗੇ ਨੇ ਦੋਸ਼ ਲਾਇਆ ਕਿ ਭਾਜਪਾ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਸਾਰੇ ਗੈਰ ਭਾਜਪਾ ਸਰਕਾਰਾਂ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਹੁਣ ਤਕ ਭਾਜਪਾ ਨੇਤਾਵਾਂ ਨੇ 14 ਗੈਰ ਭਾਜਪਾ ਸਰਕਾਰ ਨੂੰ ਡਿਗਾਉਣ 'ਚ ਸਫਲਤਾ ਹਾਸਲ ਕਰ ਲਈ ਹੈ। ਖੜਗੇ ਨੇ ਇਸ ਗੱਲ ਦਾ ਖਦਸ਼ਾ ਜ਼ਾਹਰ ਕੀਤਾ ਹੈ ਕਿ ਦੇਸ਼ ਵਿਚ ਲੋਕਤੰਤਰ ਦੇ ਸਾਹਮਣੇ ਖਤਰਾ ਮੰਡਰਾ ਰਿਹਾ ਹੈ ਅਤੇ ਭਾਜਪਾ ਨੇਤਾ ਇਸ ਤਰ੍ਹਾਂ ਦੇ ਜੋ ਕੰਮ ਕਰ ਰਹੇ ਹਨ, ਉਹ ਉੱਚਿਤ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਹੈ ਕਿ ਸੂਬਿਆਂ ਵਿਚ ਖੇਤਰੀ ਦਲ ਅਤੇ ਗੈਰ ਭਾਜਪਾ ਸਰਕਾਰਾਂ ਸੱਤਾ ਵਿਚ ਆ ਰਹੀਆਂ ਹਨ। ਖੜਗੇ ਨੇ ਉਮੀਦ ਜਤਾਈ ਹੈ ਕਿ ਜਿਨ੍ਹਾਂ ਵਿਧਾਇਕਾਂ ਨੇ ਅਸਤੀਫੇ ਦਿੱਤੇ ਹਨ, ਉਹ ਆਪਣੇ ਫੈਸਲੇ 'ਤੇ ਫਿਰ ਤੋਂ ਵਿਚਾਰ ਕਰਨਗੇ ਅਤੇ ਭਾਜਪਾ ਨੂੰ ਪਲਟ ਕਰ ਕੇ ਜਵਾਬ ਦੇਣਗੇ। ਇਹ ਅਸਤੀਫੇ ਅਜੇ ਵਿਧਾਨ ਸਭਾ ਸਪੀਕਰ ਨੇ ਮਨਜ਼ੂਰ ਨਹੀਂ ਕੀਤੇ ਹਨ।


Tanu

Content Editor

Related News