ਸਵਾਤੀ ਮਾਲੀਵਾਲ ਨੇ ਕੁੜੀ ਦੇ ਅਗਵਾ ਦੀ ਕੋਸ਼ਿਸ਼ ''ਤੇ ਦਿੱਲੀ ਪੁਲਸ ਨੂੰ ਜਾਰੀ ਕੀਤਾ ਨੋਟਿਸ
Wednesday, Jan 04, 2023 - 03:34 PM (IST)
ਨਵੀਂ ਦਿੱਲੀ (ਵਾਰਤਾ)- ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਬੁੱਧਵਾਰ ਨੂੰ ਰਾਸ਼ਟਰੀ ਰਾਜਧਾਨੀ 'ਚ 19 ਸਾਲਾ ਕੁੜੀ ਨੂੰ ਅਗਵਾ ਕਰਨ ਦੀ ਕੋਸ਼ਿਸ਼ 'ਤੇ ਦਿੱਲੀ ਪੁਲਸ ਨੂੰ ਨੋਟਿਸ ਜਾਰੀ ਕੀਤਾ ਹੈ। ਮਾਲੀਵਾਲ ਨੇ ਕਿਹਾ,“ਅਸੀਂ ਰੋਜ਼ਾਨਾ ਅਜਿਹੇ ਮਾਮਲੇ ਦੇਖ ਰਹੇ ਹਾਂ। ਪਤਾ ਨਹੀਂ ਔਰਤਾਂ ਅਤੇ ਬੱਚੀਆਂ 'ਤੇ ਇਹ ਅੱਤਿਆਚਾਰ ਕਦੋਂ ਰੁਕੇਗਾ। ਅਜਿਹੇ ਮਾਮਲਿਆਂ ਨਾਲ ਨਜਿੱਠਣ ਲਈ ਸਾਨੂੰ ਆਪਣੀ ਪ੍ਰਣਾਲੀ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਮਜ਼ਬੂਤ ਬਣਾਉਣ ਦੀ ਲੋੜ ਹੈ। ਦੋਸ਼ੀ ਨੂੰ ਗ੍ਰਿਫ਼ਤਾਰ ਕਰ ਕੇ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਕੁੜੀ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਵਿਅਕਤੀ ਨੇ ਉਸ 'ਤੇ ਤੇਜ਼ਾਬ ਹਮਲੇ ਦੀ ਧਮਕੀ ਦਿੱਤੀ ਹੈ।” ਉਸ ਨੇ ਇਸ ਮਾਮਲੇ 'ਚ ਪੂਰਬੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਪੁਲਸ ਨੂੰ ਨੋਟਿਸ ਜਾਰੀ ਕੀਤਾ ਹੈ।
ਕਮਿਸ਼ਨ ਨੇ ਮਾਮਲੇ 'ਚ ਕੀਤੀ ਗਈ ਐੱਫ.ਆਈ.ਆਰ. ਦੀ ਕਾਪੀ ਸਮੇਤ ਇਸ ਮਾਮਲੇ 'ਚ ਗ੍ਰਿਫ਼ਤਾਰੀਆਂ ਬਾਰੇ ਜਾਣਕਾਰੀ ਮੰਗੀ ਹੈ। ਕਮਿਸ਼ਨ ਨੇ ਕੁੜੀ ਨੂੰ ਦਿੱਤੀ ਗਈ ਸੁਰੱਖਿਆ ਦੇ ਵੇਰਵੇ ਵੀ ਮੰਗੇ ਹਨ। ਕਮਿਸ਼ਨ ਨੇ ਇਸ ਮਾਮਲੇ 'ਚ 6 ਜਨਵਰੀ ਤੱਕ ਕਾਰਵਾਈ ਰਿਪੋਰਟ ਮੰਗੀ ਹੈ। ਕਮਿਸ਼ਨ ਨੇ ਇਸ ਮਾਮਲੇ 'ਚ ਮੀਡੀਆ ਰਿਪੋਰਟਾਂ ਦਾ ਖੁਦ ਨੋਟਿਸ ਲਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਬੀਤੀ 31 ਦਸੰਬਰ ਨੂੰ ਰਾਜਧਾਨੀ ਦੇ ਪਾਂਡਵ ਨਗਰ ਇਲਾਕੇ 'ਚ ਇਕ ਵਿਅਕਤੀ ਨੇ ਕੁੜੀ ਨੂੰ ਜ਼ਬਰਦਸਤੀ ਆਪਣੀ ਕਾਰ 'ਚ ਖਿੱਚ ਕੇ ਅਗਵਾ ਕਰਨ ਦੀ ਕੋਸ਼ਿਸ਼ ਕੀਤੀ। ਦੱਸਿਆ ਜਾ ਰਿਹਾ ਹੈ ਕਿ ਜਦੋਂ ਕੁੜੀ ਨੇ ਵਿਰੋਧ ਕੀਤਾ ਤਾਂ ਦੋਸ਼ੀ ਨੇ ਉਸ ਦੇ ਮੂੰਹ 'ਤੇ ਤੇਜ਼ਾਬ ਸੁੱਟਣ ਦੀ ਧਮਕੀ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਏ। ਕੁੜੀ ਨੂੰ ਕਾਰ ਵਿਚ ਖਿੱਚਣ ਦੌਰਾਨ ਉਸ ਦੇ ਸੱਟਾਂ ਲੱਗੀਆਂ ਹਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ