ਮਾਲਦੀਵ ਨੇ ਜਲ ਸੈਨਾ ਅਭਿਆਸ ''ਚ ਸ਼ਾਮਲ ਹੋਣ ਦੇ ਭਾਰਤ ਦੇ ਸੱਦੇ ਨੂੰ ਠੁਕਰਾਇਆ

Wednesday, Feb 28, 2018 - 12:00 PM (IST)

ਮਾਲੇ /ਨਵੀਂ/ਦਿੱਲੀ (ਬਿਊਰੋ)— ਮਾਲਦੀਵ ਨੇ ਦੋ ਸਾਲਾਂ ਵਿਚ ਇਕ ਵਾਰੀ ਹੋਣ ਵਾਲੇ ਜਲ ਸੈਨਾ ਅਭਿਆਸ ਮਿਲਾਨ ਵਿਚ ਹਿੱਸਾ ਲੈਣ ਦੇ ਭਾਰਤ ਦੇ ਸੱਦੇ ਨੂੰ ਠੁਕਰਾ ਦਿੱਤਾ ਹੈ। ਇਹ ਜਾਣਕਾਰੀ ਨੇਵੀ ਚੀਫ ਐਡਮਿਰਲ ਸੁਨੀਲ ਲਾਂਬਾ ਨੇ ਦਿੱਤੀ। ਇਹ ਅਭਿਆਸ 6 ਮਾਰਚ ਨੂੰ ਸ਼ੁਰੂ ਹੋਵੇਗਾ। ਭਾਰਤ ਵਲੋਂ ਮਾਲਦੀਵ 'ਚ ਐਮਰਜੈਂਸੀ ਵਾਪਸ ਲੈਣ ਦੀ ਅਪੀਲ ਨੂੰ ਰੱਦ ਕਰਨ ਤੋਂ ਬਾਅਦ ਹੁਣ ਮਾਲਦੀਵ ਨੇ ਜਲ ਸੈਨਾ ਦੇ ਅਭਿਆਸ 'ਚ ਸ਼ਾਮਲ ਹੋਣ ਦਾ ਸੱਦਾ ਠੁਕਰਾ ਦਿੱਤਾ ਹੈ। ਇਸ ਜਲ ਸੈਨਾ ਅਭਿਆਸ 'ਚ ਹਿੱਸਾ ਲੈਣ ਲਈ ਹਾਲੇ ਤੱਕ 16 ਦੇਸ਼ਾਂ ਨੇ ਪੁਸ਼ਟੀ ਕੀਤੀ ਹੈ। ਸਮੁੰਦਰੀ ਫੌਜ ਮੁਖੀ ਨੇ ਕਿਹਾ ਕਿ ਮਾਲਦੀਵ ਨੇ ਇਸ ਅਭਿਆਸ 'ਚ ਸ਼ਾਮਿਲ ਨਾ ਹੋਣ ਦਾ ਕੋਈ ਕਾਰਨ ਨਹੀਂ ਦੱਸਿਆ ਹੈ। ਦੋ ਸਾਲਾਂ 'ਚ ਇਕ ਵਾਰੀ ਹੋਣ ਵਾਲਾ ਇਹ ਅਭਿਆਸ ਹਿੰਦ ਪ੍ਰਸ਼ਾਂਤ ਖੇਤਰ 'ਚ ਚੀਨ ਦੀ ਵੱਧਦੀ ਸਮੁੰਦਰੀ ਤਾਕਤ ਦੇ ਮੱਦੇਨਜ਼ਰ ਕੀਤਾ ਜਾਂਦਾ ਹੈ, ਜਿਸ ਦੀ ਸ਼ੁਰੂਆਤ ਸਾਲ 1995 'ਚ ਸਿਰਫ਼ 5 ਦੇਸ਼ਾਂ ਦੇ ਸ਼ਾਮਿਲ ਹੋਣ ਨਾਲ ਕੀਤੀ ਗਈ ਸੀ। ਇਸ 'ਚ ਸਮੁੰਦਰੀ ਫੌਜਾਂ ਨੂੰ ਦਰਪੇਸ਼ ਚੁਣੌਤੀਆਂ ਨਾਲ ਨਜਿੱਠਣ 'ਤੇ ਵਿਚਾਰ-ਵਟਾਂਦਰਾ ਕੀਤਾ ਜਾਂਦਾ ਹੈ। ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਮਾਲਦੀਵ ਦੇ ਇਸ ਕਦਮ ਨਾਲ ਭਾਰਤ ਨਾਲ ਉਸ ਦੇ ਸੰਬੰਧ ਹੋਰ ਖਰਾਬ ਹੋਣ ਦੀ ਉਮੀਦ ਹੈ। ਪਹਿਲਾਂ ਹੀ ਮਾਲਦੀਵ ਵਲੋਂ ਹਾਲ 'ਚ ਐਮਰਜੈਂਸੀ ਦੀ ਮਿਆਦ 30 ਦਿਨ ਹੋਰ ਵਧਾਉਣ 'ਤੇ ਇਤਰਾਜ਼ ਪ੍ਰਗਟਾਉਂਦਿਆਂ ਐਮਰਜੈਂਸੀ ਹਟਾਉਣ ਨੂੰ ਕਿਹਾ ਸੀ।


Related News