ਖੂਬਸੂਰਤੀ ਦੇ ਪੈਮਾਨਿਆਂ ਨੂੰ ਚੁਣੌਤੀ: 27 ਸਾਲਾਂ ਦੇ ਸੰਘਰਸ਼ ਮਗਰੋਂ ਬਿਨਾਂ ਵਾਲਾਂ ਦੇ ਦੁਲਹਨ ਬਣੀ ਪੰਜਾਬੀ ਮੁਟਿਆਰ
Wednesday, Jan 07, 2026 - 06:25 PM (IST)
ਨੈਸ਼ਨਲ ਡੈਸਕ- ਅੱਜ ਦੇ ਦੌਰ ਵਿੱਚ ਜਿੱਥੇ ਖੂਬਸੂਰਤੀ ਦਾ ਮਤਲਬ ਲੰਬੇ ਅਤੇ ਸੰਘਣੇ ਵਾਲਾਂ ਨਾਲ ਜੋੜਿਆ ਜਾਂਦਾ ਹੈ, ਉੱਥੇ ਹੀ 27 ਸਾਲਾ ਮਹਿਮਾ ਘਈ ਨਾਂ ਦੀ ਦੁਲਹਨ ਨੇ ਇਨ੍ਹਾਂ ਸਾਰੇ ਸਮਾਜਿਕ ਨਿਯਮਾਂ ਨੂੰ ਤੋੜਦਿਆਂ ਇੱਕ ਨਵੀਂ ਮਿਸਾਲ ਕਾਇਮ ਕੀਤੀ ਹੈ। ਮਹਿਮਾ ਘਈ ਦੀ ਵਿਆਹ ਦੀ ਕਹਾਣੀ ਇਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਬਿਨਾਂ ਵਾਲਾਂ ਦੇ ਇੱਕ ਖੂਬਸੂਰਤ ਦੁਲਹਨ ਦੇ ਰੂਪ ਵਿੱਚ ਨਜ਼ਰ ਆ ਰਹੀ ਹੈ।
ਐਲੋਪੇਸ਼ੀਆ ਬੀਮਾਰੀ ਅਤੇ ਸੰਘਰਸ਼
ਮਹਿਮਾ ਜਦੋਂ ਮਹਿਜ਼ ਦੋ ਸਾਲ ਦੀ ਸੀ, ਤਾਂ ਉਸ ਨੂੰ ਐਲੋਪੇਸ਼ੀਆ ਨਾਮਕ ਇੱਕ ਲਾਇਲਾਜ ਆਟੋਇਮਿਊਨ ਬੀਮਾਰੀ ਦਾ ਪਤਾ ਲੱਗਾ। ਪੰਜਾਬੀ ਪਰਿਵਾਰ ਨਾਲ ਸਬੰਧਤ ਹੋਣ ਕਾਰਨ, ਜਿੱਥੇ ਵਾਲਾਂ ਦੀ ਸੁੰਦਰਤਾ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਹੈ, ਮਹਿਮਾ ਦੇ ਮਾਪੇ ਉਸ ਦੇ ਭਵਿੱਖ ਨੂੰ ਲੈ ਕੇ ਕਾਫੀ ਚਿੰਤਤ ਸਨ,। ਉਸ ਦੇ ਇਲਾਜ ਲਈ ਆਯੁਰਵੇਦ, ਹੋਮਿਓਪੈਥੀ ਅਤੇ ਐਲੋਪੈਥੀ ਦਾ ਸਹਾਰਾ ਲਿਆ ਗਿਆ। 8ਵੀਂ ਤੋਂ 11ਵੀਂ ਜਮਾਤ ਤੱਕ ਉਸ ਨੂੰ ਹਰ ਹਫ਼ਤੇ ਸਿਰ ਵਿੱਚ 300 ਇੰਜੈਕਸ਼ਨ ਲਗਾਏ ਜਾਂਦੇ ਸਨ, ਜਿਸ ਦੇ ਭਿਆਨਕ ਮਾੜੇ ਪ੍ਰਭਾਵ ਹੋਏ। ਉਸ ਦਾ ਭਾਰ ਵਧ ਕੇ 110 ਕਿੱਲੋ ਹੋ ਗਿਆ ਅਤੇ ਸਰੀਰ 'ਤੇ ਸਟ੍ਰੈਚ ਮਾਰਕਸ ਪੈ ਗਏ।
ਕਾਲਜ ਦੀ ਉਹ ਘਟਨਾ ਜਿਸ ਨੇ ਸੋਚ ਬਦਲ ਦਿੱਤੀ
ਮਹਿਮਾ ਨੇ ਦੱਸਿਆ ਕਿ ਸਕੂਲ ਅਤੇ ਕਾਲਜ ਦੌਰਾਨ ਉਸ ਨੂੰ ਲੋਕਾਂ ਦੇ ਤਾਅਨੇ ਅਤੇ ਮਜ਼ਾਕ ਦਾ ਸਾਹਮਣਾ ਕਰਨਾ ਪਿਆ। ਇੱਕ ਵਾਰ ਕਾਲਜ ਵਿੱਚ ਇੱਕ ਨਾਟਕ ਦੌਰਾਨ ਗਲਤੀ ਨਾਲ ਉਸ ਦੀ ਵਿੱਗ ਉਤਰ ਗਈ, ਜਿਸ ਕਾਰਨ ਉਸ ਨੂੰ ਬਹੁਤ ਸ਼ਰਮਿੰਦਗੀ ਮਹਿਸੂਸ ਹੋਈ ਅਤੇ ਉਹ ਕਾਫੀ ਦੇਰ ਬਾਥਰੂਮ ਵਿੱਚ ਲੁਕ ਕੇ ਰੋਦੀ ਰਹੀ ਪਰ ਉਸ ਦਿਨ ਉਸ ਨੇ ਫੈਸਲਾ ਕੀਤਾ ਕਿ ਉਸ ਨੂੰ ਮਾਨਸਿਕ ਤੌਰ 'ਤੇ ਮਜ਼ਬੂਤ ਹੋਣ ਦੀ ਲੋੜ ਹੈ।
ਜੀਵਨ ਸਾਥੀ ਦਾ ਮਿਲਿਆ ਪੂਰਾ ਸਾਥ
ਮਹਿਮਾ ਦੀ ਜ਼ਿੰਦਗੀ ਵਿੱਚ ਵੱਡੀ ਤਬਦੀਲੀ ਉਸ ਦੇ ਸਾਥੀ ਸ਼ਸ਼ਾਂਕ ਦੇ ਆਉਣ ਨਾਲ ਆਈ। ਸ਼ਸ਼ਾਂਕ ਨੇ ਉਸ ਨੂੰ ਉਸੇ ਰੂਪ ਵਿੱਚ ਸਵੀਕਾਰ ਕੀਤਾ ਜਿਵੇਂ ਉਹ ਸੀ। ਉਸ ਨੇ ਮਹਿਮਾ ਨੂੰ ਵਿੱਗ ਉਤਾਰਨ ਲਈ ਉਤਸ਼ਾਹਿਤ ਕੀਤਾ, ਕਿਉਂਕਿ ਰੋਜ਼ਾਨਾ 10 ਘੰਟੇ ਵਿੱਗ ਪਹਿਨਣ ਨਾਲ ਉਸ ਨੂੰ ਸਿਰਦਰਦ, ਪਸੀਨਾ ਅਤੇ ਖਾਰਸ਼ ਦੀ ਸਮੱਸਿਆ ਹੁੰਦੀ ਸੀ। ਸ਼ਸ਼ਾਂਕ ਨੇ ਹੀ ਉਸ ਨੂੰ ਕੈਪ (ਟੋਪੀ) ਪਹਿਨਣ ਦਾ ਸੁਝਾਅ ਦਿੱਤਾ ਅਤੇ ਅੱਜ ਮਹਿਮਾ ਕੋਲ ਲਗਭਗ ਇੱਕ ਹਜ਼ਾਰ ਕੈਪਸ ਦਾ ਕੁਲੈਕਸ਼ਨ ਹੈ।
ਵਿਆਹ ਵਾਲੇ ਦਿਨ ਵੀ ਮਿਲੇ ਤਾਅਨੇ
ਮਹਿਮਾ ਮੁਤਾਬਕ, ਉਸ ਦੇ ਵਿਆਹ ਵਾਲੇ ਦਿਨ ਵੀ ਕਈ ਮਹਿਮਾਨਾਂ ਅਤੇ ਰਿਸ਼ਤੇਦਾਰਾਂ ਨੇ ਕਿਹਾ, "ਸਭ ਕੁਝ ਬਹੁਤ ਸੁੰਦਰ ਸੀ ਪਰ ਜੇਕਰ ਤੂੰ ਵਿੱਗ ਲਗਾ ਲੈਂਦੀ ਤਾਂ ਹੋਰ ਵਧੀਆ ਹੁੰਦਾ"। ਕੁਝ ਲੋਕਾਂ ਨੇ ਤਾਂ ਸੋਸ਼ਲ ਮੀਡੀਆ 'ਤੇ ਭੈੜੇ ਕਮੈਂਟ ਵੀ ਕੀਤੇ। ਪਰ ਮਹਿਮਾ ਦਾ ਕਹਿਣਾ ਹੈ ਕਿ ਵਿੱਗ ਪਹਿਨ ਕੇ ਉਹ ਆਪਣੀ ਅਸਲੀ ਸ਼ਖ਼ਸੀਅਤ ਗੁਆ ਦਿੰਦੀ।
"ਮੈਂ ਜਿਵੇਂ ਹਾਂ, ਉਵੇਂ ਹੀ ਮੁਕੰਮਲ ਹਾਂ"
ਅੱਜ ਮਹਿਮਾ ਪੂਰੇ ਆਤਮ-ਵਿਸ਼ਵਾਸ ਨਾਲ ਕਹਿੰਦੀ ਹੈ ਕਿ ਜੇਕਰ ਰੱਬ ਉਸ ਨੂੰ ਵਾਲ ਵਾਪਸ ਦੇਣ ਦੀ ਪੇਸ਼ਕਸ਼ ਵੀ ਕਰੇ, ਤਾਂ ਵੀ ਉਹ ਨਹੀਂ ਲਵੇਗੀ। ਉਸ ਦਾ ਮੰਨਣਾ ਹੈ ਕਿ ਉਹ ਬਿਨਾਂ ਵਾਲਾਂ ਦੇ ਵੀ ਬਹੁਤ ਖੂਬਸੂਰਤ ਹੈ ਅਤੇ ਇਹ ਚੀਜ਼ ਉਸ ਨੂੰ ਦੂਜਿਆਂ ਨਾਲੋਂ ਵੱਖਰਾ ਬਣਾਉਂਦੀ ਹੈ। ਉਸ ਦਾ ਇਹ ਕਦਮ ਦੁਨੀਆ ਲਈ ਇੱਕ ਸੁਨੇਹਾ ਹੈ ਕਿ ਇੱਕ ਔਰਤ ਦੀ ਸੁੰਦਰਤਾ ਉਸ ਦੇ ਵਾਲਾਂ ਦੀ ਮੋਹਤਾਜ ਨਹੀਂ ਹੁੰਦੀ।
ਸੋਸ਼ਲ ਮੀਡੀਆ 'ਤੇ ਮਿਲ ਰਹੀ ਹੈ ਪ੍ਰਸ਼ੰਸਾ
ਮਹਿਮਾ ਦੀਆਂ ਤਸਵੀਰਾਂ ਅਤੇ ਵੀਡੀਓਜ਼ ਇੰਟਰਨੈੱਟ 'ਤੇ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰ ਰਹੀਆਂ ਹਨ। ਲੋਕ ਉਸ ਦੀ ਹਿੰਮਤ ਅਤੇ ਸੁੰਦਰਤਾ ਦੀ ਤਾਰੀਫ਼ ਕਰਦੇ ਨਹੀਂ ਥੱਕ ਰਹੇ। ਕਈ ਯੂਜ਼ਰਸ ਨੇ ਕਮੈਂਟ ਕਰਦਿਆਂ ਕਿਹਾ ਕਿ ਮਹਿਮਾ ਨੇ ਦਿਖਾ ਦਿੱਤਾ ਹੈ ਕਿ ਸੁੰਦਰਤਾ ਵਾਲਾਂ ਵਿੱਚ ਨਹੀਂ, ਸਗੋਂ ਆਪਣੇ ਆਪ ਨੂੰ ਸਵੀਕਾਰ ਕਰਨ ਵਿੱਚ ਹੁੰਦੀ ਹੈ। ਉਸ ਦੀ ਪੋਸਟ ਦੀ ਸਭ ਤੋਂ ਪ੍ਰਭਾਵਸ਼ਾਲੀ ਲਾਈਨ ਸੀ— "ਚਾਹੇ ਵਾਲ ਹੋਣ ਜਾਂ ਨਾ ਹੋਣ, ਮੈਂ ਕਦੇ ਅਧੂਰੀ ਨਹੀਂ ਸੀ।"
ਮਹਿਮਾ ਘਈ ਦਾ ਇਹ ਕਦਮ ਉਨ੍ਹਾਂ ਸਾਰੇ ਲੋਕਾਂ ਲਈ ਇੱਕ ਵੱਡੀ ਉਮੀਦ ਹੈ ਜੋ ਕਿਸੇ ਸਰੀਰਕ ਕਮੀ ਜਾਂ ਬੀਮਾਰੀ ਕਾਰਨ ਸ਼ਰਮਿੰਦਗੀ ਮਹਿਸੂਸ ਕਰਦੇ ਹਨ।
