ਮਹਾਰਾਸ਼ਟਰ : ਠੇਕੇ ਖੁੱਲ੍ਹੇ ਪਰ ਮੰਦਰ ਬੰਦ, ਵਿਰੋਧ 'ਚ ਸੜਕਾਂ 'ਤੇ ਉਤਰੇ ਭਾਜਪਾ ਕਾਰਕੁਨ

10/13/2020 2:00:53 PM

ਨੈਸ਼ਨਲ ਡੈਸਕ- ਮਹਾਰਾਸ਼ਟਰ 'ਚ ਮੰਦਰ ਖੋਲ੍ਹਣ ਦੀ ਮੰਗ ਜ਼ੋਰ ਫੜਦੀ ਦਿਖਾਈ ਦੇ ਰਹੀ ਹੈ। ਇਸੇ ਮੰਗ ਨੂੰ ਲੈ ਕੇ ਭਾਜਪਾ ਦੇ ਕਾਰਕੁਨ ਸੜਕਾਂ 'ਤੇ ਉਤਰ ਆਏ ਅਤੇ ਮਹਾਰਾਸ਼ਟਰ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਭਾਜਪਾ ਕਾਰਕੁਨਾਂ ਨੇ ਰਾਜ 'ਚ ਸਥਿਤ ਸਿੱਧੀਵਿਨਾਇਕ ਮੰਦਰ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਅਤੇ ਜ਼ਬਰਨ ਮੰਦਰ 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਵੀ ਕੀਤੀ। ਪ੍ਰਦਰਸ਼ਨ ਵਧਣ 'ਤੇ ਭਾਜਪਾ ਵਿਧਾਇਕ ਪ੍ਰਸਾਦ ਲਾਡ ਮਾਹਿਤੀ ਨੂੰ ਹਿਰਾਸਤ 'ਚ ਲਿਆ ਗਿਆ। ਮੰਦਰਾਂ ਨੂੰ ਲੈ ਕੇ ਚੱਲ ਰਹੇ ਵਿਰੋਧ ਦਰਮਿਆਨ ਮੁੱਖ ਮੰਤਰੀ ਊਧਵ ਠਾਕਰੇ ਨੇ ਕਿਹਾ ਕਿ ਜਿਵੇਂ ਅਚਾਨਕ ਤਾਲਾਬੰਦੀ ਲਗਾ ਦੇਣਾ ਠੀਕ ਨਹੀਂ ਸੀ, ਉਵੇਂ ਹੀ ਅਚਾਨਕ ਇਸ ਨੂੰ ਹਟਾ ਦੇਣਾ ਵੀ ਠੀਕ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਵੀ ਹਿੰਦੂਤੱਵ ਦਾ ਸਮਰਥਕ ਹਾਂ ਪਰ ਇਸ ਲਈ ਕਿਸੇ ਦੇ ਸਰਟੀਫਿਕੇਟ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਜੋ ਲੋਕ ਸਾਡੇ ਰਾਜ ਦੀ ਤੁਲਨਾ ਪੀ.ਓ.ਕੇ. ਨਾਲ ਕਰਦੇ ਹਨ, ਉਨ੍ਹਾਂ ਦਾ ਸਵਾਗਤ ਕਰਨਾ ਮੇਰੇ ਹਿੰਦੂਤੱਵ 'ਚ ਫਿਟ ਨਹੀਂ ਬੈਠਦਾ ਹੈ। ਸਿਰਫ਼ ਮੰਦਰ ਖੋਲ੍ਹਣ ਨਾਲ ਹੀ ਕੀ ਹਿੰਦੁਤੱਵ ਸਾਬਿਤ ਹੋਵੇਗਾ?

ਦਰਅਸਲ ਮਹਾਰਾਸ਼ਟਰ ਦੇ ਰਾਜਪਾਲ ਨੇ ਮੁੱਖ ਮੰਤਰੀ ਊਧਵ ਠਾਕਰੇ ਨੂੰ ਚਿੱਠੀ ਲਿੱਖ ਕੇ ਧਾਰਮਿਕ ਥਾਂਵਾਂ ਨੂੰ ਸਾਵਧਾਨੀ ਨਾਲ ਖੋਲ੍ਹਣ ਲਈ ਕਿਹਾ ਹੈ। ਇਸ 'ਚ ਕਿਹਾ ਗਿਆ ਹੈ ਕਿ ਤੁਸੀਂ ਤਾਂ ਹਿੰਦੁਤੱਵਵਾਦੀ ਹੋਇਆ ਕਰਦੇ ਸੀ, ਕਦੋਂ ਤੋਂ ਧਰਮ ਨਿਰਪੱਖ ਹੋ ਗਏ। ਉਨ੍ਹਾਂ ਨੇ ਲਿਖਿਆ ਹੈ ਕਿ ਇਕ ਪਾਸੇ ਸਰਕਾਰ ਨੇ ਬਾਰ ਅਤੇ ਰੈਸਟੋਰੈਂਟ ਖੋਲ੍ਹੇ ਹਨ ਪਰ ਦੂਜੇ ਪਾਸੇ ਦੇਵੀ ਅਤੇ ਦੇਵਤਿਆਂ ਦੇ ਸਥਾਨ ਨੂੰ ਨਹੀਂ ਖੋਲ੍ਹਿਆ ਗਿਆ ਹੈ। ਤੁਸੀਂ ਹਿੰਦੁਤੱਵ ਦੇ ਮਜ਼ਬੂਤ ਪੱਖਧਰ ਰਹੇ ਹੋ। ਉੱਥੇ ਹੀ ਦੂਜੇ ਪਾਸੇ ਭਾਜਪਾ ਦੇ ਵਿਰੋਧ ਪ੍ਰਦਰਸ਼ਨ ਨੂੰ ਦੇਖਦੇ ਹੋਏ ਭਾਰੀ ਗਿਣਤੀ 'ਚ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ। ਕੁਝ ਵਰਕਰ ਸ਼ਿਰਡੀ ਸਾਈਂ ਬਾਬਾ ਮੰਦਰ ਦੇ ਬਾਹਰ ਧਰਨੇ 'ਤੇ ਬੈਠ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਕਈ ਵਾਰ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਮਹਾਰਾਸ਼ਟਰ 'ਚ ਮੰਦਰ ਖੁੱਲਣੇ ਚਾਹੀਦੇ ਹਨ ਪਰ ਊਧਵ ਸਰਕਾਰ ਧਰਮ ਵਿਰੋਧੀ ਏਜੰਡਾ ਚੱਲਾ ਰਹੀ ਹੈ। 
ਭਾਜਪਾ ਨੇਤਾ ਪ੍ਰਵੀਨ ਦਾਰੇਕਰ ਨੇ ਕਿਹਾ ਕਿ ਸ਼ਰਾਬ ਦੀਆਂ ਦੁਕਾਨਾਂ ਖੋਲ੍ਹੀਆਂ ਜਾ ਰਹੀਆਂ ਹਨ। ਇੱਥੇ ਤੱਕ ਕਿ ਹੋਮ ਡਿਲਿਵਰੀ ਵੀ ਹੋ ਰਹੀ ਹੈ ਪਰ ਜੋ ਲੋਕ ਆਪਣੀ ਮਾਨਸਿਕ ਸ਼ਾਂਤੀ ਲਈ ਮੰਦਰ ਜਾਣਾ ਚਾਹੁੰਦੇ ਹਨ, ਉਨ੍ਹਾਂ ਬਾਰੇ ਕੌਣ ਸੋਚੇਗਾ? ਸਰਕਾਰ ਛੋਟੇ ਵਪਾਰੀਆਂ ਬਾਰੇ ਨਹੀਂ ਸੋਚ ਰਹੀ ਹੈ, ਜਿਨ੍ਹਾਂ ਦੀ ਰੋਜ਼ੀ-ਰੋਟੀ ਮੰਦਰਾਂ 'ਤੇ ਨਿਰਭਰ ਕਰਦੀ ਹੈ। ਸਰਕਾਰ ਹੰਕਾਰ ਨਾਲ ਭਰੀ ਹੈ।

 


DIsha

Content Editor

Related News