ਮੰਤਰੀ ਜੀ ਦੀ ਕਾਰ ਹੋਈ ਹਾਦਸੇ ਦੀ ਸ਼ਿਕਾਰ, ਗੱਡੀ ਦਾ ਅੱਗਲਾ ਹਿੱਸਾ ਹੋਇਆ ਚਕਨਾਚੂਰ

Friday, Oct 04, 2024 - 10:03 AM (IST)

ਮੁੰਬਈ/ਯਵਤਮਾਲ- ਏਕਨਾਥ ਸ਼ਿੰਦੇ ਸਰਕਾਰ 'ਚ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਮੰਤਰੀ ਅਤੇ ਸ਼ਿਵ ਸੈਨਾ ਆਗੂ ਸੰਜੇ ਰਾਠੌੜ ਦੀ ਕਾਰ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ। ਪੋਹਰਾਦੇਵੀ ਤੋਂ ਯਵਤਮਾਲ ਜਾਂਦੇ ਸਮੇਂ ਅੱਧੀ ਰਾਤ 2 ਵਜੇ ਤੋਂ 2:30 ਵਜੇ ਦਰਮਿਆਨ ਉਨ੍ਹਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਉਨ੍ਹਾਂ ਦੀ ਕਾਰ ਪਿਕਅੱਪ ਨਾਲ ਟਕਰਾ ਗਈ। ਖੁਸ਼ਕਿਸਮਤੀ ਨਾਲ ਸੰਜੇ ਰਾਠੌੜ ਅਤੇ ਉਸ ਦਾ ਡਰਾਈਵਰ ਇਸ ਹਾਦਸੇ 'ਚ ਵਾਲ-ਵਾਲ ਬਚ ਗਏ। ਏਅਰਬੈਗ ਖੁੱਲ੍ਹਣ 'ਤੇ ਉਨ੍ਹਾਂ ਦੀ ਜਾਨ ਬਚ ਗਈ। ਇਸ ਹਾਦਸੇ ਵਿਚ ਪਿਕਅੱਪ ਗੱਡੀ ਪਲਟ ਗਈ ਅਤੇ ਉਸ ਦਾ ਡਰਾਈਵਰ ਜ਼ਖ਼ਮੀ ਹੋ ਗਿਆ। ਇਹ ਘਟਨਾ ਯਵਤਮਾਲ ਦੇ ਦਿਗ੍ਰਾਸ ਰੋਡ 'ਤੇ ਵਾਪਰੀ। ਹਾਦਸੇ 'ਚ ਰਾਠੌੜ ਦੀ ਕਾਰ ਦਾ ਅਗਲਾ ਹਿੱਸਾ ਚਕਨਾਚੂਰ ਹੋ ਗਿਆ।

ਹਾਦਸਾ ਕਿਵੇਂ ਹੋਇਆ?

ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ ਯਾਨੀ ਸ਼ਨੀਵਾਰ ਯਵਤਮਾਲ ਆਉਣਗੇ। ਇਸ ਦੇ ਲਈ ਬੀਤੇ ਦਿਨੀਂ ਪੋਹਰਾਦੇਵੀ 'ਚ ਪਲੈਨਿੰਗ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਯਵਤਮਾਲ ਦੇ ਸਰਪ੍ਰਸਤ ਮੰਤਰੀ ਸੰਜੇ ਰਾਠੌੜ ਨੇ ਸ਼ਿਰਕਤ ਕੀਤੀ ਸੀ। ਉਥੋਂ ਯਵਤਮਾਲ ਪਰਤਦੇ ਸਮੇਂ ਕੋਪਰਾ ਪਿੰਡ ਨੇੜੇ ਸੰਜੇ ਰਾਠੌੜ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਉਨ੍ਹਾਂ ਦੀ ਕਾਰ ਪਿੱਛੇ ਤੋਂ ਆ ਰਹੇ ਪਿਕਅੱਪ ਟਰੱਕ ਨਾਲ ਟਕਰਾ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਪਿਕਅੱਪ ਮੌਕੇ 'ਤੇ ਹੀ ਪਲਟ ਗਈ, ਜਦਕਿ ਰਾਠੌੜ ਦੀ ਕਾਰ ਦਾ ਅਗਲਾ ਹਿੱਸਾ ਚਕਨਾਚੂਰ ਹੋ ਗਿਆ।

ਸੰਜੇ ਰਾਠੌੜ ਵਾਲ-ਵਾਲ ਬਚੇ

ਹਾਦਸੇ 'ਚ ਪਿਕਅੱਪ ਦਾ ਡਰਾਈਵਰ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਉਨ੍ਹਾਂ ਨੂੰ ਮੰਤਰੀ ਦੇ ਕਾਫ਼ਲੇ ਦੀ ਗੱਡੀ 'ਚ ਇਲਾਜ ਲਈ ਯਵਤਮਾਲ ਲਿਜਾਇਆ ਗਿਆ ਹੈ। ਇਕ ਪਿਕਅੱਪ ਵਿਚ ਕੇਲੇ ਲਿਜਾਏ ਜਾ ਰਹੇ ਸਨ। ਵਪਾਰੀ ਨੂੰ ਨੁਕਸਾਨ ਤੋਂ ਬਚਾਉਣ ਲਈ ਸੜਕ 'ਤੇ ਪਏ ਕੇਲਿਆਂ ਨੂੰ ਕਿਸੇ ਹੋਰ ਗੱਡੀ 'ਚ ਲੱਦ ਕੇ ਪੋਹੜਾਗੜ੍ਹ ਭੇਜ ਦਿੱਤਾ ਗਿਆ। ਜਿਵੇਂ ਹੀ ਕਾਰ ਪਿਕਅੱਪ ਨਾਲ ਟਕਰਾ ਗਈ, ਕਾਰ 'ਚ ਲੱਗੇ ਏਅਰਬੈਗ ਖੁੱਲ੍ਹ ਗਏ। ਜਿਸ ਕਾਰਨ ਸੰਜੇ ਰਾਠੌੜ ਅਤੇ ਉਸ ਦਾ ਡਰਾਈਵਰ ਵਾਲ-ਵਾਲ ਬਚ ਗਏ। ਉਸ ਦੀ ਹਾਲਤ ਠੀਕ ਹੈ।


Tanu

Content Editor

Related News