ਹਾਦਸੇ ''ਚ ਜ਼ਖਮੀ ਹੋਏ ਵਿਅਕਤੀ ਦੀ ਮੌਤ, ਕਾਰ ਚਾਲਕ ਖ਼ਿਲਾਫ਼ ਕੇਸ ਦਰਜ
Tuesday, Dec 10, 2024 - 05:12 PM (IST)
 
            
            ਗੜ੍ਹਸ਼ੰਕਰ (ਭਾਰਦਵਾਜ) : ਥਾਣਾ ਗੜ੍ਹਸ਼ੰਕਰ ਪੁਲਸ ਨੇ 3 ਦਸੰਬਰ ਨੂੰ ਹਾਦਸੇ ਵਿਚ ਫੱਟੜ ਹੋਏ ਵਿਅਕਤੀ ਦੀ ਇਲਾਜ ਦੌਰਾਨ ਪੀ. ਜੀ. ਆਈ. ਚੰਡੀਗੜ੍ਹ ਵਿਖੇ ਮੌਤ ਹੋ ਜਾਣ ਤੋਂ ਬਾਅਦ ਮ੍ਰਿਤਕ ਦੇ ਬੇਟੇ ਦੇ ਬਿਆਨਾਂ 'ਤੇ ਕਾਰਵਾਈ ਕਰਦੇ ਹੋਏ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨ 'ਚ ਰਾਕੇਸ਼ ਰੋਸ਼ਨ ਪੁੱਤਰ ਜਾਨਕੀ ਦਾਸ ਵਾਸੀ ਸਤਨੋਰ ਥਾਣਾ ਗੜ੍ਹਸ਼ੰਕਰ ਨੇ ਦੱਸਿਆ ਕਿ 3 ਦਸੰਬਰ ਨੂੰ ਉਸਦਾ ਪਿਤਾ ਜਾਨਕੀ ਦਾਸ ਸੜਕ ਕਿਨਾਰੇ ਖੜ੍ਹਾ ਸੀ ਤਾਂ ਗੜ੍ਹਸ਼ੰਕਰ ਵੱਲ ਤੋਂ ਆਈ ਆਲਟੋ ਕਾਰ ਨੰਬਰ ਪੀ. ਬੀ. 65 ਐਫ਼ 2700 ਜਿਸ ਨੂੰ ਸੁਖਬੀਰ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਰੋੜਮਜਾਰਾ ਚਲਾ ਰਿਹਾ ਸੀ ਦੀ ਟੱਕਰ ਵੱਜਣ ਕਾਰਨ ਫੱਟੜ ਹੋ ਗਿਆ।
ਉਸਨੇ ਦੱਸਿਆ ਕਿ ਜਾਨਕੀ ਦਾਸ ਨੂੰ ਇਲਾਜ ਲਈ ਸਿਵਲ ਹਸਪਤਾਲ ਗੜ੍ਹਸ਼ੰਕਰ ਦਾਖਲ ਕਰਵਾਇਆ ਸੀ ਜਿੱਥੋਂ ਡਾਕਟਰਾਂ ਨੇ ਉਸਨੂੰ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਅਤੇ ਇਲਾਜ ਦੌਰਾਨ 9 ਦਸੰਬਰ ਨੂੰ ਉਸਦੀ ਮੌਤ ਹੋ ਗਈ। ਉਸਨੇ ਪੁਲਸ ਪਾਸੋਂ ਮੰਗ ਕੀਤੀ ਕਿ ਸੁਖਬੀਰ ਸਿੰਘ ਖਿਲਾਫ਼ ਕੇਸ ਦਰਜ ਕੀਤਾ ਜਾਵੇ। ਥਾਣਾ ਗੜ੍ਹਸ਼ੰਕਰ ਪੁਲਸ ਨੇ ਰਾਕੇਸ਼ ਰੋਸ਼ਨ ਦੇ ਬਿਆਨ 'ਤੇ ਕਾਰਵਾਈ ਕਰਦੇ ਹੋਏ ਸੁਖਬੀਰ ਸਿੰਘ ਖਿਲਾਫ਼ ਕੇਸ ਦਰਜ ਕੀਤਾ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                            