ਸ਼ੈੱਲ ਕੰਪਨੀਆਂ ’ਚ ਮਹਾਰਾਸ਼ਟਰ ਸਭ ਤੋਂ ਅੱਗੇ, ਪੰਜਾਬ ’ਚ ਸਿਰਫ 2843
Monday, Jan 06, 2025 - 10:29 PM (IST)
ਨੈਸ਼ਨਲ ਡੈਸਕ- ਪਿਛਲੇ 5 ਸਾਲਾਂ ਵਿਚ ਰਜਿਸਟਰਾਰ ਆਫ ਕੰਪਨੀਜ (ਆਰ. ਓ. ਸੀ.) ਨੇ 2.33 ਲੱਖ ‘ਸ਼ੇਲ ਕੰਪਨੀਆਂ’ ਨੂੰ ਬੰਦ ਕੀਤਾ ਹੈ, ਜਿਸ ਜਿਸ ਵਿਚ ਮਹਾਰਾਸ਼ਟਰ 36,856 ਕੰਪਨੀਆਂ ਨਾਲ ਸਭ ਤੋਂ ਉੱਪਰ ਹੈ, ਜਦਕਿ ਦਿੱਲੀ ਵਿਚ 35,637 ਅਜਿਹੀਆਂ ਕੰਪਨੀਆਂ ਸਨ। ਪਿਛਲੇ 5 ਸਾਲਾਂ ਵਿਚ 2,33,566 ਕੰਪਨੀਆਂ ਨੂੰ ਸੂਚੀ ਤੋਂ ਬਾਹਰ ਕੀਤਾ ਗਿਆ, ਜਿਸ ਦੀ ਸ਼ੁਰੂਆਤ 2019-20 ਵਿਚ 59,995 ਤੋਂ ਸ਼ੁਰੂ ਹੋਈ, ਜੋ 2022-23 ਵਿਚ 82,126 ਦੇ ਨਾਲ ਹੁਣ ਤੱਕ ਉੱਚ ਪੱਧਰ ਨੂੰ ਛੂਹ ਗਈ ਅਤੇ 2023-24 ਵਿਚ ਘਟ ਕੇ 16,465 ਰਹਿ ਗਈ।
ਦਿਲਚਸਪ ਗੱਲ ਇਹ ਹੈ ਕਿ ਮਹਾਰਾਸ਼ਟਰ 5 ਵਿਚੋਂ 4 ਸਾਲਾਂ ਵਿਚ ਸਿਖਰ ’ਤੇ ਰਿਹਾ, ਜਦੋਂ ਕਿ 2022-23 ਵਿਚ 16,064 ਕੰਪਨੀਆਂ ਦੇ ਨਾਲ ਦਿੱਲੀ ਸਿਖਰ ’ਤੇ ਰਹੀ ਅਤੇ 12,049 ਕੰਪਨੀਆਂ ਨਾਲ ਮਹਾਰਾਸ਼ਟਰ ਦੂਜੇ ਸਥਾਨ ’ਤੇ ਰਿਹਾ। ਸਿੱਕਮ ਵਿਚ ਪਿਛਲੇ 5 ਸਾਲਾਂ ਵਿਚ ਸਿਰਫ ਇਕ ਸ਼ੈੱਲ ਕੰਪਨੀ ਮਿਲੀ ਹੈ। ਅਜਿਹੀਆਂ ਕੰਪਨੀਆਂ ਦੀ ਗਿਣਤੀ ਉੱਤਰ ਪ੍ਰਦੇਸ਼ ਵਿਚ 22,644, ਕਰਨਾਟਕ ਵਿਚ 19,242, ਪੰਜਾਬ ਵਿਚ 2843, ਹਰਿਆਣਾ ਵਿਚ 9047 ਅਤੇ ਕੇਰਲ ਵਿਚ 7763 ਸੀ।
ਹਾਲਾਂਕਿ, ਸਰਕਾਰ ਉਨ੍ਹਾਂ ਨੂੰ ਸ਼ੈੱਲ ਕੰਪਨੀਆਂ ਨਹੀਂ ਕਹਿੰਦੀ ਹੈ, ਸਗੋਂ ਉਨ੍ਹਾਂ ਨੂੰ ਉਨ੍ਹਾਂ ਕੰਪਨੀਆਂ ਵਜੋਂ ਵਰਗੀਕ੍ਰਿਤ ਕਰਦੀ ਹੈ ਜੋ ‘ਅਕਿਰਿਆਸ਼ੀਲ’ ਹਨ, ਜਿਨ੍ਹਾਂ ਨੇ ਪਿਛਲੇ 2 ਵਿੱਤੀ ਸਾਲਾਂ ਦੌਰਾਨ ਕੋਈ ਕਾਰੋਬਾਰ ਨਹੀਂ ਕੀਤਾ ਹੈ ਜਾਂ ਵਿੱਤੀ ਵੇਰਵਾ ਅਤੇ ਸਾਲਾਨਾ ਰਿਟਰਨ ਦਾਖਲ ਨਹੀਂ ਕੀਤੀ ਹੈ। ਕੰਪਨੀਆਂ ਦੇ ਨਾਂ ਹਟਾਉਣ ਲਈ ਅਧਿਕਾਰਤ ਆਰ. ਓ. ਸੀ. ਨੇ ਨਿਯਮਾਂ ਦੀ ਪਾਲਣਾ ਨਾ ਕਰਨ ਕਾਰਨ ਉਨ੍ਹਾਂ ਦੇ ਨਾਂ ਕੱਟ ਦਿੱਤੇ ਹਨ ਅਤੇ ਉਨ੍ਹਾਂ ਨੂੰ ਕਿਸੇ ਹੋਰ ਮਕਸਦ ਲਈ ਰਜਿਸਟਰਡ ਕਰ ਦਿੱਤਾ ਹੈ। ਰਜਿਸਟਰੀ ਨੂੰ ਸਾਫ਼ ਕਰਨ ਲਈ ਅਜਿਹੀਆਂ ਕੰਪਨੀਆਂ ਨੂੰ ਹਟਾਉਣ ਲਈ ਸਮੇਂ-ਸਮੇਂ ’ਤੇ ਕਾਰਵਾਈ ਕੀਤੀ ਗਈ ਹੈ।