ਦੂਜਾ ਸਭ ਤੋਂ ਵੱਡਾ ਹਥਿਆਰ ਦਰਾਮਦਕਾਰ ਬਣਿਆ ਭਾਰਤ

Monday, Mar 09, 2026 - 11:50 PM (IST)

ਦੂਜਾ ਸਭ ਤੋਂ ਵੱਡਾ ਹਥਿਆਰ ਦਰਾਮਦਕਾਰ ਬਣਿਆ ਭਾਰਤ

ਨਵੀਂ ਦਿੱਲੀ, (ਭਾਸ਼ਾ)- ਸਵੀਡਨ ਦੇ ‘ਥਿੰਕ ਟੈਂਕ’ ਐੱਸ. ਆਈ. ਪੀ. ਆਰ. ਆਈ. ਨੇ ਸੋਮਵਾਰ ਨੂੰ ਇਕ ਨਵੀਂ ਰਿਪੋਰਟ ’ਚ ਕਿਹਾ ਕਿ ਭਾਰਤ 2021 ਤੋਂ 2025 ਤੱਕ ਹਥਿਆਰਾਂ ਅਤੇ ਫੌਜੀ ਸਾਜ਼ੋ-ਸਾਮਾਨ ਦਾ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਦਰਾਮਦਕਾਰ ਸੀ ਅਤੇ ਇਨ੍ਹਾਂ ਦਾ ਇਕ ਵੱਡਾ ਹਿੱਸਾ ਰੂਸ ਤੋਂ ਦਰਾਮਦ ਹੋਇਆ। ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ (ਐੱਸ. ਆਈ. ਪੀ. ਆਰ. ਆਈ.) ਨੇ ਕਿਹਾ ਕਿ 2021 ਤੋਂ 2025 ਤੱਕ ਦੁਨੀਆ ਭਰ ’ਚ ਜਿੰਨੇ ਹਥਿਆਰਾਂ ਦੀ ਬਰਾਮਦ ਹੋਈ, ਉਨ੍ਹਾਂ ਵਿਚੋਂ 9.7 ਫੀਸਦੀ ਯੂਕ੍ਰੇਨ ਨੂੰ ਮਿਲਿਆ, ਇਸ ਲਿਹਾਜ਼ ਨਾਲ ਉਹ ਇਸ ਮਿਆਦ ਦੌਰਾਨ ਸਿਖਰ ’ਤੇ ਰਿਹਾ।

ਥਿੰਕ ਟੈਂਕ ਨੇ ਆਪਣੀ ਰਿਪੋਰਟ ‘ਟਰੈਂਡਸ ਇਨ ਇੰਟਰਨੈਸ਼ਨਲ ਆਰਮਸ ਟਰਾਂਸਫਰਸ’ ’ਚ ਦੱਸਿਆ ਹੈ ਕਿ ਚੀਨ ਘਰੇਲੂ ਉਤਪਾਦਨ ’ਚ ਵਿਸਥਾਰ ਕਾਰਨ 1991-1995 ਤੋਂ ਬਾਅਦ ਪਹਿਲੀ ਵਾਰ ਚੋਟੀ ਦੇ 10 ਹਥਿਆਰ ਦਰਾਮਦਕਾਰਾਂ ਦੀ ਸੂਚੀ ਤੋਂ ਬਾਹਰ ਹੋ ਗਿਆ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ 2021-25 ਦੌਰਾਨ ਸਾਰੇ ਅੰਤਰਰਾਸ਼ਟਰੀ ਹਥਿਆਰਾਂ ਦੀ ਬਰਾਮਦ ਵਿਚੋਂ 42 ਫੀਸਦੀ ਦੀ ਸਪਲਾਈ ਅਮਰੀਕਾ ਨੇ ਕੀਤੀ, ਜੋ 2016 ਤੋਂ 2020 ’ਚ 36 ਫੀਸਦੀ ਸੀ। ਏਸ਼ੀਆ ਅਤੇ ਓਸ਼ੀਨੀਆ ਦੇ 4 ਦੇਸ਼—ਭਾਰਤ, ਪਾਕਿਸਤਾਨ, ਜਾਪਾਨ ਅਤੇ ਆਸਟ੍ਰੇਲੀਆ—2021 ਤੋਂ 2025 ਦੇ ਵਿਚਕਾਰ ਵਿਸ਼ਵ ਪੱਧਰ ’ਤੇ ਹਥਿਆਰਾਂ ਦੇ 10 ਸਭ ਤੋਂ ਵੱਡੇ ਦਰਾਮਦਕਾਰਾਂ ’ਚ ਸ਼ਾਮਲ ਸਨ।


author

Rakesh

Content Editor

Related News