ਮਹਾਰਾਸ਼ਟਰ ATS ਨੇ ਅੱਤਵਾਦ ਵਿੱਤ ਪੋਸ਼ਣ ਮਾਮਲੇ ''ਚ ਜੰਮੂ ਕਸ਼ਮੀਰ ਤੋਂ ਇਕ ਵਿਅਕਤੀ ਕੀਤਾ ਗ੍ਰਿਫ਼ਤਾਰ

Tuesday, Jun 14, 2022 - 01:17 PM (IST)

ਮਹਾਰਾਸ਼ਟਰ ATS ਨੇ ਅੱਤਵਾਦ ਵਿੱਤ ਪੋਸ਼ਣ ਮਾਮਲੇ ''ਚ ਜੰਮੂ ਕਸ਼ਮੀਰ ਤੋਂ ਇਕ ਵਿਅਕਤੀ ਕੀਤਾ ਗ੍ਰਿਫ਼ਤਾਰ

ਪੁਣੇ (ਭਾਸ਼ਾ)- ਮਹਾਰਾਸ਼ਟਰ ਦੇ ਅੱਤਵਾਦ ਰੋਕੂ ਦਸਤੇ (ਏ.ਟੀ.ਐੱਸ.) ਨੇ ਇਕ ਅੱਤਵਾਦੀ ਸੰਗਠਨ ਲਈ ਕੰਮ ਕਰਨ ਵਾਲਿਆਂ ਦੀ ਭਰਤੀ ਅਤੇ ਫੰਡਿੰਗ ਦੇ ਮਾਮਲੇ 'ਚ ਜੰਮੂ-ਕਸ਼ਮੀਰ ਤੋਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਏ.ਟੀ.ਐੱਸ. ਦੇ ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਕਿਹਾ ਕਿ ਮਹਾਰਾਸ਼ਟਰ ਏ.ਟੀ.ਐੱਸ. ਨੇ ਇਸ ਸਾਲ ਮਈ ਤੋਂ ਹੁਣ ਤੱਕ ਚਾਰ ਲੋਕਾਂ ਨੂੰ ਅੱਤਵਾਦ ਨੂੰ ਵਿੱਤ ਪ੍ਰਦਾਨ ਕਰਨ ਅਤੇ ਆਪਰੇਟਿਵਾਂ ਦੀ ਭਰਤੀ ਦੇ ਸਬੰਧ ਵਿਚ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਤੋਂ ਇਕ 32 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਮੰਗਲਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਅਧਿਕਾਰੀ ਨੇ ਕਿਹਾ,''ਸ਼ੱਕੀ 'ਤੇ ਜੁਨੈਦ ਮੁਹੰਮਦ ਅਤਾ ਮੁਹੰਮਦ ਦੇ ਖਾਤਿਆਂ ਵਿਚ ਪੈਸੇ ਟਰਾਂਸਫਰ ਕਰਨ ਦਾ ਦੋਸ਼ ਹੈ। ਜੁਨੈਦ ਇਸ ਮਾਮਲੇ ਦਾ ਇਕ ਹੋਰ ਮੁਲਜ਼ਮ ਹੈ, ਜਿਸ ਨੂੰ ਏ.ਟੀ.ਐੱਸ. ਨੇ 24 ਮਈ ਨੂੰ ਗ੍ਰਿਫ਼ਤਾਰ ਕੀਤਾ ਸੀ। ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ।”

ਅਧਿਕਾਰੀਆਂ ਮੁਤਾਬਕ ਜੁਨੈਦ ਨੂੰ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਲਈ ਕਾਰਕੁਨਾਂ ਦੀ ਭਰਤੀ 'ਚ ਕਥਿਤ ਭੂਮਿਕਾ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ। ਮਹਾਰਾਸ਼ਟਰ ਏ.ਟੀ.ਐੱਸ. ਦੇ ਇਕ ਅਧਿਕਾਰੀ ਨੇ ਸੋਮਵਾਰ ਨੂੰ ਦੱਸਿਆ ਕਿ ਉਨ੍ਹਾਂ ਨੇ ਉੱਤਰ ਪ੍ਰਦੇਸ਼ ਤੋਂ ਇਨਾਮੁਲ ਹੱਕ ਨਾਮ ਦੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਇਨਾਮੁਲ ਹੱਕ ਨੂੰ ਇਸ ਸਾਲ ਮਾਰਚ ਵਿਚ ਉੱਤਰ ਪ੍ਰਦੇਸ਼ ਏ.ਟੀ.ਐੱਸ. ਨੇ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨਾਲ ਸਬੰਧਾਂ ਅਤੇ ਨੌਜਵਾਨਾਂ ਨੂੰ ਕੱਟੜਪੰਥੀ ਬਣਾਉਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਸੀ। ਉਹ ਉੱਤਰ ਪ੍ਰਦੇਸ਼ ਦੀ ਜੇਲ੍ਹ ਵਿਚ ਬੰਦ ਸੀ। ਪੁਲਸ ਮੁਤਾਬਕ ਮਹਾਰਾਸ਼ਟਰ ਦੇ ਬੁਲਢਾਨਾ ਜ਼ਿਲ੍ਹੇ ਦੇ ਖਾਮਗਾਂਵ ਪਿੰਡ ਦਾ ਰਹਿਣ ਵਾਲਾ ਜੁਨੈਦ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਲਸ਼ਕਰ ਦੇ ਅੱਤਵਾਦੀ ਨੈੱਟਵਰਕ ਦੇ ਕੁਝ ਸਰਗਰਮ ਮੈਂਬਰਾਂ ਦੇ ਸੰਪਰਕ 'ਚ ਸੀ। ਮਹਾਰਾਸ਼ਟਰ ਏ.ਟੀ.ਐੱਸ. ਨੇ ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਤੋਂ ਆਫਤਾਬ ਹੁਸੈਨ ਸ਼ਾਹ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ। ਸ਼ਾਹ ਫਿਲਹਾਲ 14 ਜੂਨ ਤੱਕ ਏ.ਟੀ.ਐੱਸ. ਦੀ ਹਿਰਾਸਤ ਵਿਚ ਹੈ।


author

DIsha

Content Editor

Related News